ਮੁਲਜ਼ਮ ਮਿੱਡੂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਨੇ ਟਵੀਟ ਕਰ ਕੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਮਿੱਡੂ ਪਹਿਲਾਂ ਵੀ ਕਈ ਅਪਰਾਧਿਕ ਵਾਰਦਾਤਾਂ 'ਚ ਸ਼ਾਮਲ ਰਿਹਾ ਹੈ।

ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਮੋਹਾਲੀ ਪੁਲਿਸ ਨੇ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਮੁੱਖ ਸ਼ੂਟਰ ਹਰਪਿੰਦਰ ਸਿੰਘ ਉਰਫ਼ ਮਿੱਡੂ ਨੂੰ ਕਾਬੂ ਕਰ ਲਿਆ। ਹਾਲਾਂਕਿ ਬਾਅਦ ਵਿਚ ਦੱਸਿਆ ਗਿਆ ਕਿ ਉਸ ਦੀ ਮੌਤ ਹੋ ਗਈ ਹੈ। ਇਹ ਮੁਕਾਬਲਾ ਮੋਹਾਲੀ ਦੇ ਲਾਲੜੂ ਇਲਾਕੇ 'ਚ ਹੋਇਆ, ਜਿੱਥੇ ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਜਾਲ ਵਿਛਾਇਆ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਪਿੰਦਰ ਮਿੱਡੂ ਨੇ ਹੀ ਰਾਣਾ ਬਲਾਚੌਰੀਆ ਨੂੰ ਸੈਲਫੀ ਲੈਣ ਬਹਾਨੇ ਆਪਣੇ ਕੋਲ ਬੁਲਾਇਆ ਸੀ ਤੇ ਫਿਰ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਮਿੱਡੂ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਮੁਕਾਬਲੇ 'ਚ ਦੋ ਪੁਲਿਸ ਮੁਲਾਜ਼ਮਾਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਮੁਲਜ਼ਮ ਮਿੱਡੂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਨੇ ਟਵੀਟ ਕਰਕੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਮਿੱਡੂ ਪਹਿਲਾਂ ਵੀ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ।
ਇਸ ਮਾਮਲੇ 'ਚ ਅੱਜ ਸਵੇਰੇ ਹੀ ਦੋ ਹੋਰ ਸ਼ੂਟਰਾਂ, ਆਦਿੱਤਿਆ ਕਪੂਰ ਤੇ ਕਰਨ ਪਾਠਕ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਪੁਲਿਸ ਜਾਂਚ ਮੁਤਾਬਕ ਇਸ ਕਤਲ ਪਿੱਛੇ ਡੂੰਘੀ ਸਾਜ਼ਿਸ਼ ਸੀ, ਜਿਸ ਵਿੱਚ ਟੂਰਨਾਮੈਂਟ ਦੌਰਾਨ ਰਾਣਾ ਦੀ ਪਲ-ਪਲ ਦੀ ਮੁਖ਼ਬਰੀ ਕਰਨ ਵਾਲੇ ਹੋਰ ਲੋਕ ਵੀ ਸ਼ਾਮਲ ਸਨ। ਪੁਲਿਸ ਹੁਣ ਉਨ੍ਹਾਂ ਲੋਕਾਂ ਦੀ ਪਛਾਣ ਕਰਨ 'ਚ ਜੁਟੀ ਹੋਈ ਹੈ ਜਿਨ੍ਹਾਂ ਨੇ ਸ਼ੂਟਰਾਂ ਨੂੰ ਲੋਜਿਸਟਿਕ ਸਹਾਇਤਾ ਤੇ ਰੇਕੀ 'ਚ ਮਦਦ ਕੀਤੀ ਸੀ।
ਰਾਣਾ ਬਲਾਚੌਰੀਆ ਦੇ ਨਜ਼ਦੀਕੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਰਾਣਾ ਦੀ ਕਬੱਡੀ ਟੀਮ ਬਹੁਤ ਮਜ਼ਬੂਤ ਸੀ, ਜਿਸ ਕਾਰਨ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਸ 'ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਆਪਣੀ ਟੀਮ ਨੂੰ ਟੂਰਨਾਮੈਂਟਾਂ ਵਿੱਚ ਨਾ ਉਤਾਰੇ। ਇਹ ਧਮਕੀਆਂ ਸਿੱਧੇ ਤੌਰ 'ਤੇ ਦੇਣ ਦੀ ਬਜਾਏ ਉਸ ਦੇ ਕਰੀਬੀਆਂ ਰਾਹੀਂ ਪਹੁੰਚਾਈਆਂ ਜਾ ਰਹੀਆਂ ਸਨ। ਮੋਹਾਲੀ ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਕਤਲ ਕਾਂਡ ਦੇ ਤਾਰ ਕਿਹੜੇ ਵੱਡੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ।