ਘੱਗਰ ਦਰਿਆ ਵਿਚੋਂ ਕੱਢੀ ਜਾ ਰਹੀ ਰੇਤ ਨੂੰ ਮਹਿੰਗੇ ਭਾਅ 'ਤੇ ਵੇਚਿਆ ਜਾ ਰਿਹਾ ਹੈ। ਜੇਕਰ ਸਮਾਂ ਰਹਿੰਦੇ ਇਸ ਨਾਜਾਇਜ਼ ਮਾਈਨਿੰਗ 'ਤੇ ਨੱਥ ਨਾ ਪਾਈ ਗਈ, ਤਾਂ ਦਰਿਆ ਦੇ ਕੁਦਰਤੀ ਵਹਾਅ ਵਿਚ ਤਬਦੀਲੀ ਆ ਸਕਦੀ ਹੈ, ਜੋ ਕਿ ਨੇੜਲੇ ਪਿੰਡਾਂ ਲਈ ਤਬਾਹੀ ਦਾ ਕਾਰਨ ਬਣ ਸਕਦੀ ਹੈ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਬਲਾਕ ਡੇਰਾਬੱਸੀ ਦੇ ਪਿੰਡ ਅਮਲਾਲਾ ਨੇੜਿਓਂ ਗੁਜ਼ਰਦੇ ਘੱਗਰ ਦਰਿਆ ਵਿਚ ਨਾਜਾਇਜ਼ ਮਾਈਨਿੰਗ ਦਾ ਧੰਦਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਾਈਨਿੰਗ ਮਾਫ਼ੀਆ ਵੱਲੋਂ ਦਿਨ-ਦਿਹਾੜੇ ਅਤੇ ਰਾਤ ਦੇ ਹਨੇਰੇ ਵਿਚ ਬੇਖ਼ੌਫ਼ ਹੋ ਕੇ ਦਰਿਆ ਦਾ ਸੀਨਾ ਚੀਰਿਆ ਜਾ ਰਿਹਾ ਹੈ, ਪਰ ਮਾਈਨਿੰਗ ਵਿਭਾਗ ਦੇ ਉੱਚ ਅਧਿਕਾਰੀ ਇਸ ਪੂਰੇ ਮਾਮਲੇ ਤੋਂ ਪੂਰੀ ਤਰ੍ਹਾਂ ਬੇਖ਼ਬਰ ਨਜ਼ਰ ਆ ਰਹੇ ਹਨ।
ਰਾਤ ਦੇ ਹਨੇਰੇ ਵਿਚ ਚੱਲਦੀਆਂ ਹਨ ਜੇਸੀਬੀ ਮਸ਼ੀਨਾਂ
ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਲਾਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਮਾਈਨਿੰਗ ਮਾਫ਼ੀਆ ਇੰਨਾ ਸਰਗਰਮ ਹੈ ਕਿ ਰਾਤ ਹੁੰਦੇ ਹੀ ਦਰਿਆ ਵਿਚ ਭਾਰੀ ਮਸ਼ੀਨਰੀ ਅਤੇ ਟਿੱਪਰਾਂ ਦੀ ਲਾਈਨ ਲੱਗ ਜਾਂਦੀ ਹੈ। ਨਾਜਾਇਜ਼ ਮਾਈਨਿੰਗ ਕਾਰਨ ਦਰਿਆ ਵਿਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਜਿਸ ਨਾਲ ਨਾ ਸਿਰਫ਼ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ ਹੈ, ਸਗੋਂ ਆਉਣ ਵਾਲੇ ਬਰਸਾਤੀ ਸੀਜ਼ਨ ਵਿਚ ਹੜ੍ਹਾਂ ਦਾ ਖ਼ਤਰਾ ਵੀ ਵਧ ਗਿਆ ਹੈ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ। ਲੋਕਾਂ ਦਾ ਕਹਿਣਾ ਹੈ ਕਿ ਮਾਈਨਿੰਗ ਮਾਫ਼ੀਆ ਨੂੰ ਕਥਿਤ ਤੌਰ 'ਤੇ ਸਿਆਸੀ ਸ਼ਹਿ ਪ੍ਰਾਪਤ ਹੈ, ਜਿਸ ਕਾਰਨ ਉਹ ਪੁਲਿਸ ਅਤੇ ਪ੍ਰਸ਼ਾਸਨ ਤੋਂ ਨਹੀਂ ਡਰਦੇ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਚੁੱਪ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਕੀ ਇਹ ਅਧਿਕਾਰੀ ਸੱਚਮੁੱਚ ਬੇਖ਼ਬਰ ਹਨ ਜਾਂ ਜਾਣਬੁੱਝ ਕੇ ਅੱਖਾਂ ਮੀਟ ਕੇ ਬੈਠੇ ਹਨ? ਰੇਤ ਨਾਲ ਭਰੇ ਓਵਰਲੋਡਿੰਗ ਟਿੱਪਰਾਂ ਕਾਰਨ ਪਿੰਡਾਂ ਦੀਆਂ ਲਿੰਕ ਸੜਕਾਂ ਵੀ ਬੁਰੀ ਤਰ੍ਹਾਂ ਟੁੱਟ ਰਹੀਆਂ ਹਨ।
ਘੱਗਰ ਦਰਿਆ ਵਿਚੋਂ ਕੱਢੀ ਜਾ ਰਹੀ ਰੇਤ ਨੂੰ ਮਹਿੰਗੇ ਭਾਅ 'ਤੇ ਵੇਚਿਆ ਜਾ ਰਿਹਾ ਹੈ। ਜੇਕਰ ਸਮਾਂ ਰਹਿੰਦੇ ਇਸ ਨਾਜਾਇਜ਼ ਮਾਈਨਿੰਗ 'ਤੇ ਨੱਥ ਨਾ ਪਾਈ ਗਈ, ਤਾਂ ਦਰਿਆ ਦੇ ਕੁਦਰਤੀ ਵਹਾਅ ਵਿਚ ਤਬਦੀਲੀ ਆ ਸਕਦੀ ਹੈ, ਜੋ ਕਿ ਨੇੜਲੇ ਪਿੰਡਾਂ ਲਈ ਤਬਾਹੀ ਦਾ ਕਾਰਨ ਬਣ ਸਕਦੀ ਹੈ।
ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਨਾਲ-ਨਾਲ ਉਨ੍ਹਾਂ ਨੂੰ ਕਥਿਤ ਤੌਰ 'ਤੇ ਸੁਰੱਖਿਆ ਦੇਣ ਵਾਲੇ ਅਧਿਕਾਰੀਆਂ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇ।
ਜਦੋਂ ਇਸ ਬਾਰੇ ਐੱਸਡੀਓ ਮਾਈਨਿੰਗ ਰਮਨਜੋਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗੱਲ ਕਰਨੀ ਤਾਂ ਦੂਰ ਦੀ ਗੱਲ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ, ਜਿਸ ਕਾਰਨ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।