ਕਿਸਾਨਾਂ ਅਨੁਸਾਰ, ਇਹ ਜ਼ਮੀਨ ਖੇਤੀਬਾੜੀ ਲਈ ਲਾਹੇਵੰਦ ਨਹੀਂ ਹੈ, ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਸਿਰਫ ਕਿਰਾਏ 'ਤੇ ਆਰਜ਼ੀ ਉਸਾਰੀ ਕਰ ਕੇ ਰਹਿਣ ਦੀ ਇਜਾਜ਼ਤ ਦਿੱਤੀ ਹੈ ਜਦਕਿ ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਧਨਾਸ ਦੀ ਕੱਚੀ ਕਲੋਨੀ ਨਾਜਾਇਜ਼ ਨਹੀਂ ਹੈ ਬਲਕਿ ਕਿਸਾਨਾਂ ਦੀ ਨਿੱਜੀ ਜ਼ਮੀਨ 'ਤੇ ਕਿਰਾਏ ਦੇ ਆਰਜ਼ੀ ਸ਼ੈੱਡ ਹਨ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸਮਾਰਟ ਸਿਟੀ ਦੀ ਆਖ਼ਰੀ ਕੱਚੀ ਕਲੋਨੀ ਵੀ ਜਲਦ ਹਟਾ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ 10 ਏਕੜ 'ਚ ਵਸੀ ਧਨਾਸ ਦੀ ਕੱਚੀ ਕਲੋਨੀ 'ਚ ਬਣੀਆਂ 800 ਤੋਂ ਵੱਧ ਝੁੱਗੀਆਂ 'ਤੇ ਬੁਲਡੋਜ਼ਰ ਚਲਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਸਰਦੀ ਖਤਮ ਹੁੰਦੇ ਹੀ ਇਸ ਕਲੋਨੀ ਨੂੰ ਹਟਾ ਦਿੱਤਾ ਜਾਵੇਗਾ। ਸਰਦੀਆਂ 'ਚ ਕਲੋਨੀ ਹਟਾਉਣ ਦੀ ਕਾਰਵਾਈ ਤੋਂ ਅਦਾਲਤ ਤੋਂ ਸਟੇਅ ਮਿਲਣ ਦੀ ਸੰਭਾਵਨਾ ਰਹਿੰਦੀ ਹੈ।
ਇਸ ਸਾਲ ਪ੍ਰਸ਼ਾਸਨ ਨੇ ਲਗਾਤਾਰ ਕਈ ਸਲੱਮ ਕਲੋਨੀਆਂ ਤੇ ਪੁਰਾਣੇ ਕਬਜ਼ਿਆਂ ਨੂੰ ਹਟਾਇਆ ਹੈ। ਇੰਨੀ ਵੱਡੀ ਪ੍ਰਾਪਤੀ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਕਦੇ ਨਹੀਂ ਮਿਲੀ। ਮੌਜੂਦਾ ਸਮੇਂ ਪ੍ਰਸ਼ਾਸਨ ਕਬਜ਼ਿਆਂ ਨੂੰ ਲੈ ਕੇ ਕਾਫੀ ਗੰਭੀਰ ਹੈ। ਸ਼ਹਿਰ 'ਚ ਕਬਜ਼ਾ ਨਾ ਹੋਵੇ, ਇਸ ਲਈ ਫੀਲਡ 'ਚ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ।
ਇਸ ਤੋਂ ਪਹਿਲਾਂ, 30 ਸਤੰਬਰ ਨੂੰ ਪ੍ਰਸ਼ਾਸਨ ਨੇ ਸੈਕਟਰ 38 ਦੀ ਸ਼ਾਹਪੁਰ ਕਲੋਨੀ 'ਚ ਵੀ ਤੋੜ-ਭੰਨ ਕੀਤੀ ਸੀ। ਇਹ ਕਲੋਨੀ 4.5 ਏਕੜ ਸਰਕਾਰੀ ਜ਼ਮੀਨ 'ਤੇ ਫੈਲੀ ਹੋਈ ਸੀ ਜਿਸਦੀ ਕੀਮਤ ਕਰੀਬ 250 ਕਰੋੜ ਰੁਪਏ ਸੀ। ਜਿਨ੍ਹਾਂ ਕਿਸਾਨਾਂ ਤੇ ਜ਼ਿਮੀਂਦਾਰਾਂ ਦੀ ਜ਼ਮੀਨ 'ਤੇ ਧਨਾਸ ਕੱਚੀ ਕਲੋਨੀ ਬਣੀ ਹੈ, ਉਹ ਆਪਣੀ ਜ਼ਮੀਨ ਪ੍ਰਸ਼ਾਸਨ ਨੂੰ ਦੇਣ ਲਈ ਤਿਆਰ ਹਨ ਪਰ ਉਹ ਲੈਂਡ ਪੂਲਿੰਗ ਨੀਤੀ (Land Pooling Policy) ਦੀ ਮੰਗ ਕਰ ਰਹੇ ਹਨ।
ਕਿਸਾਨਾਂ ਅਨੁਸਾਰ, ਇਹ ਜ਼ਮੀਨ ਖੇਤੀਬਾੜੀ ਲਈ ਲਾਹੇਵੰਦ ਨਹੀਂ ਹੈ, ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਸਿਰਫ ਕਿਰਾਏ 'ਤੇ ਆਰਜ਼ੀ ਉਸਾਰੀ ਕਰ ਕੇ ਰਹਿਣ ਦੀ ਇਜਾਜ਼ਤ ਦਿੱਤੀ ਹੈ ਜਦਕਿ ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਧਨਾਸ ਦੀ ਕੱਚੀ ਕਲੋਨੀ ਨਾਜਾਇਜ਼ ਨਹੀਂ ਹੈ ਬਲਕਿ ਕਿਸਾਨਾਂ ਦੀ ਨਿੱਜੀ ਜ਼ਮੀਨ 'ਤੇ ਕਿਰਾਏ ਦੇ ਆਰਜ਼ੀ ਸ਼ੈੱਡ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ 2022 ਤਕ ਸਾਰਿਆਂ ਨੂੰ ਘਰ ਦੇਣ ਦਾ ਵਾਅਦਾ ਪੂਰਾ ਨਹੀਂ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵੀ ਮੁੜ ਵਸੇਬਾ (Rehabilitation) ਕੀਤਾ ਜਾਣਾ ਚਾਹੀਦਾ ਹੈ।
19 ਜੂਨ ਨੂੰ ਸੈਕਟਰ 53 ਤੇ 54 ਦੇ ਵਿਚਕਾਰ ਸਥਿਤ ਆਦਰਸ਼ ਕਲੋਨੀ 'ਚ ਕਬਜ਼ਿਆਂ 'ਤੇ ਕਾਰਵਾਈ ਹੋਈ ਸੀ। ਇਸ ਦੌਰਾਨ ਪ੍ਰਸ਼ਾਸਨ ਨੇ 12 ਏਕੜ ਦੀ ਕੀਮਤੀ ਸਰਕਾਰੀ ਜ਼ਮੀਨ ਵਾਪਸ ਲਈ ਸੀ ਜਿਸਦੀ ਕੀਮਤ ਕਰੀਬ 350 ਕਰੋੜ ਰੁਪਏ ਦੱਸੀ ਜਾ ਰਹੀ ਹੈ।
6 ਮਈ ਨੂੰ ਸੈਕਟਰ 25 ਦੀ ਜਨਤਾ ਕਲੋਨੀ ਨੂੰ ਢਾਹਿਆ ਗਿਆ ਸੀ। ਇਸ ਕਾਰਵਾਈ 'ਚ 10 ਏਕੜ ਸਰਕਾਰੀ ਜ਼ਮੀਨ ਖਾਲੀ ਕਰਵਾਈ ਗਈ ਸੀ। 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਉੱਥੋਂ ਹਟਾਇਆ ਗਿਆ ਸੀ ਤੇ 2,500 ਝੁੱਗੀਆਂ ਨੂੰ ਤੋੜਿਆ ਗਿਆ ਸੀ।
ਅਪ੍ਰੈਲ 'ਚ ਇੰਡਸਟਰੀਅਲ ਏਰੀਆ ਫੇਜ਼-1 'ਚ ਸੰਜੇ ਕਲੋਨੀ ਨੂੰ ਤੋੜ ਕੇ 6 ਏਕੜ ਦੀ ਕੀਮਤੀ ਜ਼ਮੀਨ ਵਾਪਸ ਲਈ ਗਈ ਸੀ। ਇਸ ਕਾਰਵਾਈ 'ਚ 1,200 ਝੁੱਗੀਆਂ ਢਾਹੀਆਂ ਗਈਆਂ ਸਨ ਤੇ ਕਰੀਬ 6 ਹਜ਼ਾਰ ਲੋਕਾਂ ਨੂੰ ਬੇਦਖਲ ਕੀਤਾ ਗਿਆ ਸੀ।
20 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 53-54 'ਚ ਫਰਨੀਚਰ ਮਾਰਕੀਟ ਨੂੰ ਵੀ ਹਟਾਇਆ ਗਿਆ ਸੀ, ਜਿਸ ਨਾਲ ਕਰੀਬ 10 ਏਕੜ ਜ਼ਮੀਨ ਖਾਲੀ ਹੋਈ।
ਪ੍ਰਸ਼ਾਸਨ ਅਗਲੇ ਸਾਲ ਧਨਾਸ 'ਚ ਮਾਰਬਲ ਮਾਰਕੀਟ ਦੁਆਰਾ ਕਬਜ਼ਾ ਕੀਤੀ ਗਈ 200 ਏਕੜ ਜ਼ਮੀਨ ਨੂੰ ਵੀ ਖਾਲੀ ਕਰਾਉਣ ਜਾ ਰਿਹਾ ਹੈ।