ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਨੇ ਆਰਐੱਸਐੱਸ ਦੀ ਜਥੇਬੰਦਕ ਮਜ਼ਬੂਤੀ ਦਾ ਹਵਾਲਾ ਦੇ ਕੇ ਕਾਂਗਰਸ ਦੇ ਸੰਗਠਨ ਨੂੰ ਜ਼ਮੀਨੀ ਪੱਥਰ 'ਤੇ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਵਿਚ ਸੂਬਾਈ ਜਥੇਬੰਦਕ ਢਾਂਚੇ ਦੇ ਗਠਨ 'ਤੇ ਚਰਚਾ ਸ਼ੁਰੂ ਹੋ ਗਈ ਹੈ।

ਕੈਲਾਸ਼ ਨਾਥ, ਜਾਗਰਣ, ਚੰਡੀਗੜ੍ਹ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਵਿਚ ਸਿਰਫ ਇਕ ਸਾਲ ਬਾਕੀ ਰਹਿ ਗਿਆ ਹੈ। ਕਾਂਗਰਸ 2027 ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਤੇ ਇਸ ਲਈ ਜਥੇਬੰਦਕ ਢਾਂਚੇ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਆਲ ਇੰਡੀਆ ਕਾਂਗਰਸ ਦੇ ਤਿੰਨ-ਤਿੰਨ ਸਕੱਤਰ ਪੰਜਾਬ ਵਿਚ ਨਿਯੁਕਤ ਕੀਤੇ ਗਏ ਹਨ। ਪਿਛਲੇ ਸਾਲ ਨਵੰਬਰ ਮਹੀਨੇ ਵਿਚ ਕਾਂਗਰਸ ਨੇ 29 ਰਾਜਨੀਤਕ ਜ਼ਿਲਿ੍ਹਆਂ ਵਿੱਚੋਂ 27 ਜ਼ਿਲਿ੍ਹਆਂ ਵਿਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ ਪਰ, ਕਾਂਗਰਸ ਸੱਤ ਸਾਲਾਂ ਵਿਚ ਕਾਂਗਰਸ ਆਪਣੀ ਸੂਬਾਈ ਕਾਰਜਕਾਰਨੀ ਦਾ ਮੁਕੰਮਲ ਗਠਨ ਨਹੀਂ ਕਰ ਸਕੀ। ਇਸ ਦੌਰਾਨ ਕਾਂਗਰਸ ਨੇ ਸੂਬਾਈ ਸੰਗਠਨ ਨੂੰ ਲੈ ਕੇ ਦੋ ਤਜਰਬੇ ਕੀਤੇ ਪਰ ਦੋਵੇਂ ਨਾਕਾਮ ਰਹੇ।
ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਨੇ ਆਰਐੱਸਐੱਸ ਦੀ ਜਥੇਬੰਦਕ ਮਜ਼ਬੂਤੀ ਦਾ ਹਵਾਲਾ ਦੇ ਕੇ ਕਾਂਗਰਸ ਦੇ ਸੰਗਠਨ ਨੂੰ ਜ਼ਮੀਨੀ ਪੱਥਰ 'ਤੇ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਵਿਚ ਸੂਬਾਈ ਜਥੇਬੰਦਕ ਢਾਂਚੇ ਦੇ ਗਠਨ 'ਤੇ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਜਥੇਬੰਦਕ ਇੰਚਾਰਜ ਭੂਪੇਸ਼ ਬਘੇਲ ਨੇ ਨਵੰਬਰ ਮਹੀਨੇ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਸੂਬਾਈ ਕਾਰਜਕਾਰਨੀ ਦੇ ਗਠਨ ਦਾ ਭਰੋਸਾ ਦਿਵਾਇਆ ਸੀ। ਦੱਸਣਾ ਜ਼ਰੂਰੀ ਹੈ ਕਿ ਪਾਰਟੀ ਦੀ ਸੂਬਾਈ ਕਾਰਜਕਾਰਨੀ ਦਾ ਆਖਰੀ ਵਾਰ ਮੁਕੰਮਲ ਗਠਨ 2016 ਵਿਚ ਹੋਇਆ ਸੀ, ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਸੂਬਾ ਪ੍ਰਧਾਨ ਸਨ।
2017 ਵਿਚ ਕੈਪਟਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੁਨੀਲ ਜਾਖੜ ਨੂੰ ਸੂਬੇ ਦੀ ਕਮਾਨ ਸੌਂਪੀ ਗਈ ਸੀ। ਜਾਖੜ ਨੇ ਸੂਬਾਈ ਕਾਰਜਕਾਰਨੀ ਦੀ ਸੂਚੀ ਦੋ ਵਾਰ ਹਾਈ ਕਮਾਨ ਨੂੰ ਭੇਜੀ ਪਰ ਉਨ੍ਹਾਂ ਦੀ ਸੂਚੀ 'ਤੇ ਕਿਸੇ ਨੇ ਗ਼ੌਰ ਨਹੀਂ ਕੀਤੀ। ਜੁਲਾਈ 2021 ਵਿਚ ਪਾਰਟੀ ਨੇ ਜਾਖੜ ਨੂੰ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੀ ਕਮਾਨ ਸੌਂਪੀ। ਪਾਰਟੀ ਨੇ ਇਸ ਵਾਰ ਨਵੇਂ ਤਜਰਬੇ ਤਹਿਤ ਸਿੱਧੂ ਦੇ ਨਾਲ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਪਰ ਸਿੱਧੂ ਸਭ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ, ਇਸ ਕਾਰਨ ਕਾਂਗਰਸ ਦਾ ਇਹ ਤਜਰਬਾ ਨਾਕਾਮ ਰਿਹਾ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਤਾਂ ਕਾਂਗਰਸ ਵੇਲੇ ਸਿਰ ਆਪਣਾ ਚੋਣਾਵੀ ਐਲਾਨਨਾਮਾ ਵੀ ਨਹੀਂ ਲਿਆ ਸਕੀ। ਇਸ ਤੋਂ ਇਲਾਵਾ, ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਪਾਰਟੀ ਨੇ ਸਿੱਧੂ ਨੂੰ ਹਟਾ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਟੀ ਦੀ ਜ਼ਿੰਮੇਵਾਰੀ ਸੌਂਪੀ। ਇਸ ਵਾਰ ਵੀ ਕਾਂਗਰਸ ਨੇ ਨਵਾਂ ਤਜਰਬਾ ਕੀਤਾ ਅਤੇ ਵੜਿੰਗ ਦੇ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ। ਇਸ ਤੋਂ ਇਲਾਵਾ 5 ਮੀਤ ਪ੍ਰਧਾਨ, ਇਕ ਜਥੇਬੰਤਕ ਸਕੱਤਰ ਅਤੇ ਖਜ਼ਾਨਚੀ ਨਿਯੁਕਤ ਕੀਤਾ ਗਿਆ। 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਰਾਜਾ ਵੜਿੰਗ ਅਤੇ ਆਸ਼ੂ ਵਿਚਾਲੇ ਅਸਹਿਮਤੀ ਬਣੀ। ਲੁਧਿਆਣਾ ਜ਼ਿਮਨੀ ਚੋਣ ਵਿਚ ਮਿਲੀ ਹਾਰ ਤੋਂ ਬਾਅਦ ਆਸ਼ੂ ਨੇ ਅਸਤੀਫਾ ਦੇ ਦਿੱਤਾ। ਉਨ੍ਹਾਂ ਦੇ ਨਾਲ ਪਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਵੀ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਅਰੁਣਾ ਚੌਧਰੀ ਨੂੰ ਪਾਰਟੀ ਨੇ ਵਿਧਾਨ ਸਭਾ ਵਿਚ ਡਿਪਟੀ ਲੀਡਰ ਬਣਾਇਆ ਤਾਂ ਸੁੰਦਰ ਸ਼ਾਮ ਅਰੋੜਾ ਕੁਝ ਸਮੇਂ ਲਈ ਪਾਰਟੀ ਛੱਡ ਕੇ ਭਾਜਪਾ ਵਿਚ ਚਲੇ ਗਏ ਸਨ। ਵੜਿੰਗ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਵਿਚ ਬੂਥ ਅਤੇ ਬਲਾਕ ਪੱਧਰ ਦਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਤਿਆਰ ਹੈ। 27 ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾ ਚੁੱਕੇ ਹਨ ਤੇ ਸੂਬਾਈ ਕਾਰਜਕਾਰਨੀ ਦਾ ਵੀ ਜਲਦੀ ਗਠਨ ਕੀਤਾ ਜਾਵੇਗਾ।