ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਮੌੜ ਕਲਾਂ ਦੇ ਲੋਕਾਂ ਨੇ ਨਸ਼ੇ ਦੀ ਸ਼ਰੇਆਮ ਵਿਕਰੀ ਤੋਂ ਪਰੇਸ਼ਾਨ ਹੋ ਕੇ ਕੰਧਾਂ ’ਤੇ ‘ਚਿੱਟਾ ਇਧਰ ਵਿਕਦਾ ਹੈ’ ਲਿਖ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਸ਼ਰੇਆਮ ਵਿਕਰੀ ਕਾਰਨ ਉਹ ਪਰੇਸ਼ਾਨ ਹਨ। ਇਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।

ਪੰਜਾਬੀ ਜਾਗਰਣ ਟੀਮ, ਬਠਿੰਡਾ/ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਜਾਗਰਣ/ਦੈਨਿਕ ਜਾਗਰਣ ’ਚ ਪ੍ਰਕਾਸ਼ਿਤ ਖ਼ਬਰ ‘ਚਿੱਟਾ ਇਧਰ ਵਿਕਦਾ ਹੈ’ ਦਾ ਖ਼ੁਦ ਨੋਟਿਸ ਲੈਂਦੇ ਹੋਏ ਸੂਬਾ ਸਰਕਾਰ ਤੋਂ ਵਿਸਥਾਰਤ ਹਲਫ਼ਨਾਮਾ ਤਲਬ ਕੀਤਾ ਹੈ। ਚੀਫ ਜਸਟਿਸ ਸ਼ੀਲ ਨਾਗੂ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਨਿਰਦੇਸ਼ ਦਿੱਤਾ ਕਿ ਸੂਬਾ ਇਹ ਸਪੱਸ਼ਟ ਕਰੇ ਕਿ ਪਿੰਡ ’ਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਰੋਕਣ ਲਈ ਹੁਣ ਤੱਕ ਕੀ ਪੁਖ਼ਤਾ ਕਦਮ ਚੁੱਕੇ ਗਏ ਹਨ। ਕੋਰਟ ਨੇ ਕਿਹਾ ਕਿ ਸਰਕਾਰ ਹਲਫ਼ਨਾਮੇ ’ਚ ਇਹ ਵੀ ਦੱਸੇ ਕਿ ਇਸ ਘਟਨਾ ਸਬੰਧੀ ਤੱਤਕਾਲ ਕੀ ਕਾਰਵਾਈ ਕੀਤੀ ਗਈ, ਪੁਲਿਸਿੰਗ ਨੂੰ ਅਸਰਦਾਰ ਬਣਾਉਣ ਲਈ ਕੀ ਉਪਾਅ ਲਾਗੂ ਕੀਤੇ ਜਾ ਰਹੇ ਹਨ ਤੇ ਭਵਿੱਖ ’ਚ ਅਜਿਹੇ ਹਾਲਾਤ ਦੁਬਾਰਾ ਨਾ ਬਣਨ ਇਸ ਲਈ ਕੀ ਤੰਤਰ ਵਿਕਸਿਤ ਕੀਤਾ ਗਿਆ ਹੈ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਮੌੜ ਕਲਾਂ ਦੇ ਲੋਕਾਂ ਨੇ ਨਸ਼ੇ ਦੀ ਸ਼ਰੇਆਮ ਵਿਕਰੀ ਤੋਂ ਪਰੇਸ਼ਾਨ ਹੋ ਕੇ ਕੰਧਾਂ ’ਤੇ ‘ਚਿੱਟਾ ਇਧਰ ਵਿਕਦਾ ਹੈ’ ਲਿਖ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਸ਼ਰੇਆਮ ਵਿਕਰੀ ਕਾਰਨ ਉਹ ਪਰੇਸ਼ਾਨ ਹਨ। ਇਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਨੇ ਦੱਸਿਆ ਕਿ ਇੱਥੇ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹਨ ਤੇ ਉਹ ਪੁਲਿਸ ਦੀ ਪਕੜ ਤੋਂ ਦੂਰ ਹਨ। ਹਾਲਾਤ ਇੰਨੇ ਵਿਗੜ ਚੁੱਕੇ ਸਨ ਕਿ ਆਸ਼ਾ ਪੱਤੀ ਖੇਤਰ ’ਚ ਇਕ ਨੌਜਵਾਨ ਦੀ ਨਸ਼ੇ ਨਾਲ ਮੌਤ ਤੋਂ ਬਾਅਦ ਲੋਕਾਂ ਦਾ ਧੀਰਜ ਜਵਾਬ ਦੇ ਗਿਆ। ਪੁਲਿਸ ਨੇ ਇਸ ਮਾਮਲੇ ’ਚ ਹੁਣ ਤੱਕ ਪੁਖ਼ਤਾ ਕਦਮ ਨਹੀਂ ਚੁੱਕਿਆ ਹੈ। ਇਸ ਘਟਨਾ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ ਸੀ। ਸਮਾਜਿਕ ਸੰਗਠਨਾਂ ਨੇ ਵੀ ਪ੍ਰਸ਼ਾਸਨ ਤੋਂ ਕਾਰਵਾਈ ਤੇਜ਼ ਕਰਨ ਦੀ ਮੰਗ ਕੀਤੀ ਹੈ। ਕੋਰਟ ਨੇ ਕਿਹਾ ਕਿ ਜੇ ਪਿੰਡਾਂ ਦੀਆਂ ਕੰਧਾਂ ’ਤੇ ਇਸ ਤਰ੍ਹਾਂ ਦੇ ਸੁਨੇਹੇ ਲਿਖੇ ਜਾ ਰਹੇ ਹਨ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਜ਼ਮੀਨੀ ਪੱਧਰ ’ਤੇ ਹਾਲਾਤ ਕਿੰਨੇ ਗੰਭੀਰ ਹਨ। ਅਦਾਲਤ ਨੇ ਸਰਕਾਰ ਨੂੰ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ, ਜਿਸ ’ਚ ਬਠਿੰਡਾ ਸਮੇਤ ਪੂਰੇ ਮਾਲਵਾ ਖੇਤਰ ’ਚ ਚੱਲ ਰਹੀ ਪੁਲਿਸ ਦੀ ਕਾਰਵਾਈ, ਨਸ਼ੇ ਦੀ ਪੂਰਤੀ ਰੋਕਣ ਦੀ ਕੋਸ਼ਿਸ਼ ਤੇ ਪਿਛਲੇ ਦਿਨਾਂ ਦੇ ਮਾਮਲਿਆਂ ਦਾ ਵੇਰਵਾ ਸ਼ਾਮਲ ਹੋਵੇ। ਪੁਲਿਸ ਨੇ ਵੀ ਮਾਮਲੇ ਦਾ ਨੋਟਿਸ ਲੈਂਦੇ ਹੋਏ ਤੁਰੰਤ ਕੰਧਾਂ ਤੋਂ ਇਨ੍ਹਾਂ ਸੰਦੇਸ਼ਾਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਨਸ਼ਾ ਤਸਕਰੀ ਦੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌੜ ਕਲਾਂ ’ਚ ਨਿਗਰਾਨੀ ਵਧਾਈ ਗਈ ਹੈ ਤੇ ਨਸ਼ਾ ਤਸਕਰਾਂ ਦੀ ਪਛਾਣ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਜਦੋਂ ਪੁਲਿਸ ਮੁਲਾਜ਼ਮ ਕਾਲੇ ਰੰਗ ਨਾਲ ਲਿਖੇ ਚਿੱਟਾ ਇੱਧਰ ਵਿਕਦਾ ਹੈ ਨੂੰ ਮਿਟਾ ਰਹੇ ਸਨ ਤਾਂ ਪਿੰਡ ਵਾਸੀਆਂ ਨੇ ਇਸ ਦਾ ਡਟਵਾਂ ਵਿਰੋਧ ਕਰਦਿਆਂ ਪੰਜਾਬ ਸਰਕਾਰ ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਪੁਲਿਸ ਮੁਲਾਜ਼ਮਾਂ ਨੂੰ ਬਿਨਾਂ ਮਿਟਾਏ ਉਥੋਂ ਖਿਸਕਣਾ ਪਿਆ ਸੀ। ਫ਼ਿਲਹਾਲ ਪੰਜਾਬ ਸਰਕਾਰ ਨੇ ਕੋਰਟ ’ਚ ਆਪਣਾ ਜਵਾਬ ਦਾਖ਼ਲ ਕਰਨਾ ਹੈ, ਜਿਸ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।