PU 'ਚ ਹਾਈਟੈੱਕ ਸੁਰੱਖਿਆ ਸਿਸਟਮ, ਸਮਾਰਟ ਕਾਰਡ ਨਾਲ ਸਟਾਫ ਦੀ ਐਂਟਰੀ, ਵਿਦਿਆਰਥੀਆਂ ਲਈ ਵੀ ਜਲਦ ਲਾਗੂ ਹੋਵੇਗੀ ਵਿਵਸਥਾ
ਪੀਯੂ ਪ੍ਰਸ਼ਾਸਨ ਮੁਤਾਬਕ, ਇਨ੍ਹਾਂ ਸਮਾਰਟ ਕਾਰਡਾਂ ਦਾ ਮਕਸਦ ਕੈਂਪਸ ਵਿੱਚ ਕੇਵਲ ਅਧਿਕ੍ਰਿਤ ਕਰਮਚਾਰੀਆਂ ਨੂੰ ਹੀ ਦਾਖ਼ਲਾ ਦੇਣਾ ਅਤੇ ਅਣਅਧਿਕ੍ਰਿਤ ਆਵਾਜਾਈ ‘ਤੇ ਰੋਕ ਲਗਾਉਣਾ ਹੈ। ਕਾਰਡ ਵਿੱਚ ਕਰਮਚਾਰੀ ਦੀ ਨਿੱਜੀ ਜਾਣਕਾਰੀ ਅਤੇ ਫੋਟੋ ਨੂੰ ਸੁਰੱਖਿਅਤ ਕਿਊਆਰ ਕੋਡ ਅਤੇ ਆਰਐਫਆਈ ਟੈਗ ਵਿੱਚ ਇਨਕ੍ਰਿਪਟ ਕੀਤਾ ਗਿਆ ਹੈ, ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਨਕਲੀ ਕਾਰਡ ਬਣਾਉਣ ਦੀ ਕੋਸ਼ਿਸ਼ ਹੋਣ ‘ਤੇ ਕੋਡ ਕੰਮ ਨਹੀਂ ਕਰੇਗਾ।
Publish Date: Fri, 09 Jan 2026 11:04 AM (IST)
Updated Date: Fri, 09 Jan 2026 12:54 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ,ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀਯੂ) ਨੇ ਕੈਂਪਸ ਸੁਰੱਖਿਆ ਅਤੇ ਡਿਜ਼ਿਟਲੀਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਕਰਮਚਾਰੀਆਂ ਲਈ ਆਰਐਫਆਈਡੀ ਅਧਾਰਿਤ ਸਮਾਰਟ ਪਛਾਣ ਪੱਤਰ ਸ਼ੁਰੂ ਕਰ ਦਿੱਤੇ ਹਨ। ਇਸ ਯੋਜਨਾ ਤਹਿਤ ਟੀਚਿੰਗ, ਨਾਨ-ਟੀਚਿੰਗ ਕਰਮਚਾਰੀਆਂ, ਡੇਲੀ ਵੇਜ ਕਰਮਚਾਰੀਆਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਯੂਨੀਕ ਸਮਾਰਟ ਆਈਡੀ ਕਾਰਡ ਜਾਰੀ ਕੀਤੇ ਜਾਣਗੇ।
ਵੀਰਵਾਰ ਨੂੰ ਇਸ ਪਹਿਲ ਦੀ ਸ਼ੁਰੂਆਤ ਕਰਦਿਆਂ ਪਹਿਲਾ ਆਰਐਫਆਈ ਸਮਾਰਟ ਕਾਰਡ ਵਾਈਸ ਚਾਂਸਲਰ ਪ੍ਰੋ. ਰੇਣੁ ਵਿਗ ਅਤੇ ਰਜਿਸਟਰਾਰ ਪ੍ਰੋ. ਵਾਈਪੀ ਵਰਮਾ ਨੂੰ ਸੌਂਪਿਆ ਗਿਆ। ਪ੍ਰੋਗਰਾਮ ਵਿੱਚ ਸਮਾਰਟ ਕਾਰਡ ਕਮੇਟੀ ਦੀ ਚੇਅਰਪਰਸਨ ਪ੍ਰੋ. ਸੋਨਲ ਚਾਵਲਾ ਸਮੇਤ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰਤੀਨਿਧੀ ਮੌਜੂਦ ਰਹੇ। ਪੀਯੂ ਪ੍ਰਸ਼ਾਸਨ ਮੁਤਾਬਕ, ਇਨ੍ਹਾਂ ਸਮਾਰਟ ਕਾਰਡਾਂ ਦਾ ਮਕਸਦ ਕੈਂਪਸ ਵਿੱਚ ਕੇਵਲ ਅਧਿਕ੍ਰਿਤ ਕਰਮਚਾਰੀਆਂ ਨੂੰ ਹੀ ਦਾਖ਼ਲਾ ਦੇਣਾ ਅਤੇ ਅਣਅਧਿਕ੍ਰਿਤ ਆਵਾਜਾਈ ‘ਤੇ ਰੋਕ ਲਗਾਉਣਾ ਹੈ। ਕਾਰਡ ਵਿੱਚ ਕਰਮਚਾਰੀ ਦੀ ਨਿੱਜੀ ਜਾਣਕਾਰੀ ਅਤੇ ਫੋਟੋ ਨੂੰ ਸੁਰੱਖਿਅਤ ਕਿਊਆਰ ਕੋਡ ਅਤੇ ਆਰਐਫਆਈ ਟੈਗ ਵਿੱਚ ਇਨਕ੍ਰਿਪਟ ਕੀਤਾ ਗਿਆ ਹੈ, ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਨਕਲੀ ਕਾਰਡ ਬਣਾਉਣ ਦੀ ਕੋਸ਼ਿਸ਼ ਹੋਣ ‘ਤੇ ਕੋਡ ਕੰਮ ਨਹੀਂ ਕਰੇਗਾ।
ਵਾਈਸ ਚਾਂਸਲਰ ਪ੍ਰੋ. ਰੇਣੁ ਵਿਗ ਨੇ ਕਿਹਾ ਕਿ ਭਵਿੱਖ ਵਿੱਚ ਇਸ ਵਿਵਸਥਾ ਨੂੰ ਵਿਦਿਆਰਥੀਆਂ ਤੱਕ ਵੀ ਵਧਾਇਆ ਜਾਵੇਗਾ। ਸ਼ੁਰੂਆਤ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਕੀਤੀ ਜਾਵੇਗੀ। ਉਨ੍ਹਾਂ ਨੇ ਸਮਾਰਟ ਕਾਰਡ ਕਮੇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਰਜਿਸਟਰਾਰ ਪ੍ਰੋ. ਵਾਈਪੀ ਵਰਮਾ ਨੇ ਕਿਹਾ ਕਿ ਆਰਐਫਆਈ ਸਮਾਰਟ ਕਾਰਡ ਨਾਲ ਕਰਮਚਾਰੀਆਂ ਦੀ ਪਛਾਣ ਦਾ ਭਰੋਸੇਯੋਗ ਸਿਸਟਮ ਬਣੇਗਾ ਅਤੇ ਕੈਂਪਸ ਸੁਰੱਖਿਆ ਨੂੰ ਮਜ਼ਬੂਤੀ ਮਿਲੇਗੀ। ਕਮੇਟੀ ਚੇਅਰਪਰਸਨ ਪ੍ਰੋ. ਸੋਨਲ ਚਾਵਲਾ ਨੇ ਦੱਸਿਆ ਕਿ ਅੱਗੇ ਚੱਲ ਕੇ ਇਨ੍ਹਾਂ ਕਾਰਡਾਂ ਨੂੰ ਕੈਂਪਸ ਦੇ ਗੇਟਾਂ ‘ਤੇ ਲੱਗੇ ਬੂਮ ਬੈਰੀਅਰ ਨਾਲ ਜੋੜਿਆ ਜਾਵੇਗਾ। ਨਾਲ ਹੀ ਬਾਅਦ ਵਿੱਚ ਵਿਦਿਆਰਥੀਆਂ ਦੇ ਸਮਾਰਟ ਕਾਰਡ ਨੂੰ ਮੈੱਸ, ਲਾਇਬ੍ਰੇਰੀ ਅਤੇ ਹੋਰ ਸੇਵਾਵਾਂ ਨਾਲ ਇੱਕੋ ਡਿਜ਼ਿਟਲ ਪਲੇਟਫਾਰਮ ‘ਤੇ ਜੋੜਿਆ ਜਾਵੇਗਾ।