ਗੁੜਗਾਓਂ-ਪਟੌਦੀ ਸਿੱਖ ਕਤਲੇਆਮ ਦੇ 133 ਮਾਮਲਿਆਂ ਦੀ ਸੁਣਵਾਈ ਅੱਜ
ਭਾਈ ਘੋਲੀਆ ਨੇ ਕਿਹਾ ਕਿ ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਹੋਏ ਕਤਲੇਆਮ ਦੌਰਾਨ 297 ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ, 47 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਘਰ ਉਜਾੜਣ ਤੋਂ ਇਲਾਵਾ ਸਿੱਖਾਂ ਦੀਆਂ 6 ਫੈਕਟਰੀਆਂ ਤਬਾਹ ਕਰ ਦਿੱਤੀਆਂ ਗਈਆਂ ਸਨ।
Publish Date: Tue, 02 Dec 2025 11:31 AM (IST)
Updated Date: Tue, 02 Dec 2025 11:34 AM (IST)
ਵਕੀਲ ਮਹਿਰੋਂ, ਮੋਗਾ : 1984 ਵਿਚ ਹਰਿਆਣਾ ਵਿੱਖੇ ਹੋਏ ਸਿੱਖਾਂ ਦੇ ਕਤਲੇਆਮ ਦੇ ਪੀਡ਼ਤਾਂ ਨੂੰ ਇਨਸਾਫ਼ ਦਿਵਾਉਣ ਲਈ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੇ ਹੋਂਦ ਚਿੱਲੵੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਹਰਿਆਣਾ ਦੇ ਗੁੜਗਾਉਂ ਤੇ ਪਟੌਦੀ ਵਿਚ ਹੋਏ 47 ਸਿੱਖਾਂ ਦੇ ਕਤਲੇਆਮ ਸਮੇਤ 83 ਹੋਰ ਪੀਡ਼ਤਾਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੇ 133 ਮਾਮਲਿਆਂ ਦੀ ਹਾਈ ਕੋਰਟ ਵਿਚ ਸੁਣਵਾਈ 2 ਦਸੰਬਰ ਨੂੰ ਹੋਣ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹੋਂਦ ਚਿੱਲੵੜ ਵਿਚ 32 ਸਿੱਖਾਂ ਦੇ ਕਤਲੇਆਮ ਦੀ ਲੜਾਈ ਦੇ ਨਾਲ-ਨਾਲ ਹੁਣ ਗੜਗਾਉਂ ਤੇ ਪਟੌਦੀ ਵਿਚ ਹੋਏ 47 ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕਾਨੂੰਨੀ ਚਾਰਾਜੋਈ ਜਾਰੀ ਹੈ। ਭਾਈ ਘੋਲੀਆ ਨੇ ਕਿਹਾ ਕਿ ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਹੋਏ ਕਤਲੇਆਮ ਦੌਰਾਨ 297 ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ, 47 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਘਰ ਉਜਾੜਣ ਤੋਂ ਇਲਾਵਾ ਸਿੱਖਾਂ ਦੀਆਂ 6 ਫੈਕਟਰੀਆਂ ਤਬਾਹ ਕਰ ਦਿੱਤੀਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਹੋਂਦ ਚਿੱਲੵੜ ਸਿੱਖ ਇਨਸਾਫ਼ ਕਮੇਟੀ ਵੱਲੋਂ ਮੌਕੇ ’ਤੇ ਗਵਾਹ ਤੇ ਪੀੜਤ ਸੰਤੋਖ ਸਿੰਘ ਰਾਹੀਂ ਰਿੱਟ ਨੰਬਰ 10904 ਹਾਈ ਕੋਰਟ ਵਿਚ ਕੇਸ ਲਾਏ ਹਨ। ਇਸ ਮਾਮਲੇ ਦੀ ਕਾਨੂੰਨੀ ਪੈਰਵਾਈ ਹਾਈ ਕੋਰਟ ਦੇ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਕਰ ਰਹੇ ਹਨ। ਇਸ ਮੌਕੇ ਅੱਖੀਂ ਡਿੱਠੇ ਮੌਕੇ ਦੇ ਗਵਾਹ ਪੀੜਤ ਗੁਰਜੀਤ ਸਿੰਘ ਪਟੌਦੀ ਨੇ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਵਿਸ਼ਵਾਸ ਹੈ ਕਿ ਅਦਾਲਤ ਤੋਂ ਇਨਸਾਫ਼ ਮਿਲੇਗਾ।