ਸਮਾਰਟ ਮੀਟਰ ਪੁੱਟ ਕੇ ਪਾਵਰਕਾਮ ਦਫ਼ਤਰ ਪੁੱਜੇ ਕਿਸਾਨ, ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਵਾਉਣ ਲਈ ਕੀਤੀ ਵੱਡੇ ਸਘੰਰਸ਼ ਦੀ ਤਿਆਰੀ
ਕਿਸਾਨ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੇ ਸਮਾਰਟ ਮੀਟਰ ਪੁੱਟ ਕੇ ਅਧਿਕਾਰੀਆਂ ਕੋਲ ਜਮਾ ਕਰਾਉਣ ਦੀ ਮੁਹਿੰਮ ਜਾਰੀ ਰਹੇਗੀ ਅਤੇ ਨਾ ਹੀ ਇਲਾਕੇ ਵਿੱਚ ਕੋਈ ਨਵਾਂ ਬਿਜਲੀ ਦਾ ਸਮਾਰਟ ਮੀਟਰ ਲੱਗਣ ਦਿੱਤਾ ਜਾਵੇਗਾ।
Publish Date: Thu, 11 Dec 2025 09:19 AM (IST)
Updated Date: Thu, 11 Dec 2025 09:21 AM (IST)

ਅਸ਼ਵਿੰਦਰ ਸਿੰਘ,ਪੰਜਾਬੀ ਜਾਗਰਣ, ਬਨੂੜ : ਕਿਸਾਨ ਮਜ਼ਦੂਰ ਮੋਰਚਾ ਵੱਲੋਂ 10 ਦਸੰਬਰ ਨੂੰ ਪਿੰਡਾਂ ਵਿੱਚ ਲੱਗੇ ਹੋਏ ਬਿਜਲੀ ਦੇ ਸਮਾਰਟ ਮੀਟਰ ਪੁੱਟ ਕੇ ਪਾਵਰਕਾਮ ਦੇ ਦਫਤਰ ਵਿੱਚ ਜਮ੍ਹਾਂ ਕਰਵਾਉਣ ਦੇ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਰਾਮਪੁਰ ਦੀ ਅਗਵਾਈ ਹੇਠ ਰਾਮ ਨਗਰ ਤੇ ਰਾਮਪੁਰ ਦੇ 74 ਬਿਜਲੀ ਦੇ ਸਮਾਰਟ ਮੀਟਰ ਪੁੱਟ ਕੇ ਬਨੂੜ ਪਾਵਰਕਾਮ ਦੇ ਐੱਸਡੀਓ ਕੋਲ ਜਮ੍ਹਾ ਕਰਵਾਏ ਗਏ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਰਾਮਪੁਰ, ਬਲਾਕ ਰਾਜਪੁਰਾ ਦੇ ਪ੍ਰਧਾਨ ਖੇਮ ਸਿੰਘ, ਦਿਲਬਾਗ ਸਿੰਘ, ਲਖਵਿੰਦਰ ਸਿੰਘ ਲੱਖੀ ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਦਿਲਬਾਗ ਸਿੰਘ ਬਬਲੂ, ਮੇਜਰ ਸਿੰਘ ਸਾਬਕਾ ਸਰਪੰਚ ਰਾਮ ਨਗਰ, ਬਾਬੂ ਸਿੰਘ ਸਾਬਕਾ ਸਰਪੰਚ ਰਾਮਪੁਰ, ਗੁਰਪ੍ਰੀਤ ਸਿੰਘ ਰਾਮਪੁਰ, ਹੈਪੀ, ਗੁਰਵਿੰਦਰ ਸਿੰਘ ਰਾਮ ਨਗਰ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚਾ ਵੱਲੋਂ 10 ਦਸੰਬਰ ਨੂੰ ਪਿੰਡਾਂ ਵਿੱਚ ਲੱਗੇ ਹੋਏ ਬਿਜਲੀ ਦੇ ਸਮਾਰਟ ਮੀਟਰ ਪੁੱਟ ਕੇ ਪਾਵਰਕਾਮ ਦੇ ਦਫਤਰਾਂ ਵਿੱਚ ਜਮ੍ਹਾ ਕਰਵਾਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਤਹਿਤ ਪਿੰਡ ਰਾਮ ਨਗਰ ਤੋਂ 51 ਮੀਟਰ ਅਤੇ ਪਿੰਡ ਰਾਮਪੁਰ ਖੁਰਦ ਤੋਂ 23 ਸਮਾਰਟ ਮੀਟਰ ਪੁੱਟ ਕੇ ਪਾਵਰਕਾਮ ਦੇ ਬਨੂੜ ਸਥਿਤ ਐੱਸਡੀਓ ਮੇਜਰ ਸਿੰਘ ਕੋਲ ਜਮ੍ਹਾ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚਾ ਬਿਜਲੀ ਸੋਧ ਬਿਲ 2025 ਨੂੰ ਸੂਬੇ ਵਿੱਚ ਕਦੇ ਵੀ ਲਾਗੂ ਨਹੀਂ ਹੋਣ ਦੇਵੇਗੀ ਅਤੇ ਇਸ ਬਿਜਲੀ ਸੋਧ ਬਿਲ ਨੂੰ ਰੱਦ ਕਰਵਾਉਣ ਲਈ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੇ ਸਮਾਰਟ ਮੀਟਰ ਪੁੱਟ ਕੇ ਅਧਿਕਾਰੀਆਂ ਕੋਲ ਜਮਾ ਕਰਾਉਣ ਦੀ ਮੁਹਿੰਮ ਜਾਰੀ ਰਹੇਗੀ ਅਤੇ ਨਾ ਹੀ ਇਲਾਕੇ ਵਿੱਚ ਕੋਈ ਨਵਾਂ ਬਿਜਲੀ ਦਾ ਸਮਾਰਟ ਮੀਟਰ ਲੱਗਣ ਦਿੱਤਾ ਜਾਵੇਗਾ।