ਤਰਨਤਾਰਨ ਜ਼ਿਮਨੀ ਚੋਣ ’ਚ SAD ਦੇ ਵਰਕਰਾਂ ’ਤੇ ਦਰਜ ਕੇਸ ਦੇ ਮਾਮਲੇ ’ਚ DGP ਤਲਬ, ਪੰਜਾਬ ਪੁਲਿਸ ਦੇ ਜਵਾਬ ਤੋਂ ਸੰਤੁਸ਼ਟ ਨਹੀਂ EC
ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵਰਕਰਾਂ ’ਤੇ ਐੱਫਆਈਆਰ ਦਰਜ ਕਰਨ ਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਤਰਨਤਾਰਨ, ਅੰਮ੍ਰਿਤਸਰ, ਮੋਗਾ ਤੇ ਬਟਾਲਾ ’ਚ ਅਕਾਲੀ ਵਰਕਰਾਂ ਖ਼ਿਲਾਫ਼ ਨੌਂ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ।
Publish Date: Wed, 19 Nov 2025 08:17 AM (IST)
Updated Date: Wed, 19 Nov 2025 08:20 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਤਰਨਤਾਰਨ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ’ਤੇ ਦਰਜ ਕੀਤੇ ਗਏ ਕੇਸ ਦੇ ਮਾਮਲੇ ’ਚ ਚੋਣ ਕਮਿਸ਼ਨ ਏਡੀਜੀਪੀ ਰਾਮ ਸਿੰਘ ਦੀ ਜਾਂਚ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ। ਕਮਿਸ਼ਨ ਨੇ ਡੀਜੀਪੀ ਗੌਰਵ ਯਾਦਵ ਨੂੰ ਨੋਟਿਸ ਭੇਜ ਕੇ 25 ਨਵੰਬਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਹੈ। ਏਡੀਜੀਪੀ ਨੇ 13 ਨਵੰਬਰ ਨੂੰ ਆਪਣੀ ਰਿਪੋਰਟ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੂੰ ਸੌਂਪੀ ਸੀ।
ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵਰਕਰਾਂ ’ਤੇ ਐੱਫਆਈਆਰ ਦਰਜ ਕਰਨ ਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਤਰਨਤਾਰਨ, ਅੰਮ੍ਰਿਤਸਰ, ਮੋਗਾ ਤੇ ਬਟਾਲਾ ’ਚ ਅਕਾਲੀ ਵਰਕਰਾਂ ਖ਼ਿਲਾਫ਼ ਨੌਂ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਚੋਣ ਅਬਜ਼ਰਵਰ ਓਡੀਸ਼ਾ ਕੈਡਰ ਦੀ ਆਈਪੀਐੱਸ ਅਧਿਕਾਰੀ ਸ਼ਾਇਨੀ ਐੱਸ ਦੀ ਰਿਪੋਰਟ ਦੇ ਆਧਾਰ ’ਤੇ ਚੋਣ ਕਮਿਸ਼ਨ ਨੇ ਅੱਠ ਨਵੰਬਰ ਨੂੰ ਤਰਨਤਾਰਨ ਦੀ ਐੱਸਐੱਸਪੀ ਰਵਜੋਤ ਕੌਰ ਨੂੰ ਮੁਅੱਤਲ ਕਰ ਦਿੱਤਾ ਸੀ। ਸ਼ਾਇਨੀ ਐੱਸ ਦੀ ਤਿੰਨ ਪੰਨਿਆਂ ਦੀ ਰਿਪੋਰਟ ’ਚ ਐੱਫਆਈਆਰ ਦਰਜ ਕਰਨ ਦੇ ਤਰੀਕੇ, ਗ੍ਰਿਫ਼ਤਾਰੀ ਦੇ ਸਮੇਂ ਆਦਿ ’ਤੇ ਸਵਾਲ ਖੜ੍ਹੇ ਕੀਤੇ ਗਏ ਸਨ। ਰਵਜੋਤ ਕੌਰ ਦੀ ਮੁਅੱਤਲੀ ਤੋਂ ਪਹਿਲਾਂ ਕਮਿਸ਼ਨ ਦੇ ਸੀਈਓ ਨੇ ਸੂਬਾਈ ਪੁਲਿਸ ਨੋਡਲ ਅਧਿਕਾਰੀ ਦੇ ਰਾਹੀਂ ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਤੋਂ ਜਵਾਬ ਮੰਗਿਆ ਸੀ। ਡੀਆਈਜੀ ਨੇ ਤਰਨਤਾਰਨ ਦੇ ਸਾਬਕਾ ਐੱਸਐੱਸਪੀ ਨੂੰ ਕਿਸੇ ਵੀ ਗੜਬੜੀ ਤੋਂ ਮੁਕਤ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਗ੍ਰਿਫ਼ਤਾਰੀਆਂ ਚੱਲ ਰਹੀ ਜਾਂਚ ਦਾ ਹਿੱਸਾ ਸਨ। ਬਾਅਦ ’ਚ ਕਮਿਸ਼ਨ ਨੇ ਡੀਜੀਪੀ ਨੂੰ ਏਡੀਜੀਪੀ ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਏਡੀਜੀਪੀ ਰਾਮ ਸਿੰਘ ਨੇ 13 ਨਵੰਬਰ ਨੂੰ ਕਮਿਸ਼ਨ ਨੂੰ ਆਪਣੀ ਜਾਂਚ ਰਿਪੋਰਟ ਸੌਂਪੀ ਸੀ। ਏਡੀਜੀਪੀ ਨੇ ਆਪਣੀ ਰਿਪੋਰਟ ’ਚ ਐੱਸਐੱਸਪੀ ਵੱਲੋਂ ਕੀਤੀ ਗਈ ਕਾਰਵਾਈ ਨੂੰ ‘ਵਾਜਬ’’ ਠਹਿਰਾਇਆ ਸੀ ਪਰ ਚੋਣ ਕਮਿਸ਼ਨ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ। ਹੁਣ ਕਮਿਸ਼ਨ ਨੇ ਡੀਜੀਪੀ ਨੂੰ ਤਲਬ ਕਰ ਲਿਆ ਹੈ।