ਪ੍ਰਸ਼ਾਸਨ ਵਲੋਂ 26 ਨਵੰਬਰ ਨੂੰ ਹੋਣ ਵਾਲੀ ਗੋਲਡਨ ਚਾਂਸ ਪ੍ਰੀਖਿਆ ਤੇ ਯੂਐੱਸਓਐੱਲ ਪ੍ਰੀਖਿਆਵਾਂ ਦਾ ਕੇਂਦਰ ਬਦਲ ਕੇ ਡੀਏਵੀ ਕਾਲਜ, ਸੈਕਟਰ-10 ਕਰਨ ਦੇ ਫ਼ੈਸਲੇ ਨਾਲ ਵਿਦਿਆਰਥੀਆਂ ’ਚ ਭਾਰੀ ਨਾਰਾਜ਼ਗੀ ਫੈਲ ਗਈ। ਇਸੇ ਦੇ ਵਿਰੋਧ ’ਚ ਮੰਗਲਵਾਰ ਰਾਤ ਕਰੀਬ 8 ਵਜੇ ਵਿਦਿਆਰਥੀਆਂ ਨੇ ਅਚਾਨਕ ਪੀਯੂ ਦਾ ਗੇਟ ਨੰਬਰ-2 ਬੰਦ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਮੰਗਲਵਾਰ ਸ਼ਾਮ ਨੂੰ ਪੀਯੂ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਵਿਰੋਧ ਸ਼ੁਰੂ ਕਰ ਦਿੱਤਾ। ਪ੍ਰਸ਼ਾਸਨ ਵਲੋਂ 26 ਨਵੰਬਰ ਨੂੰ ਹੋਣ ਵਾਲੀ ਗੋਲਡਨ ਚਾਂਸ ਪ੍ਰੀਖਿਆ ਤੇ ਯੂਐੱਸਓਐੱਲ ਪ੍ਰੀਖਿਆਵਾਂ ਦਾ ਕੇਂਦਰ ਬਦਲ ਕੇ ਡੀਏਵੀ ਕਾਲਜ, ਸੈਕਟਰ-10 ਕਰਨ ਦੇ ਫ਼ੈਸਲੇ ਨਾਲ ਵਿਦਿਆਰਥੀਆਂ ’ਚ ਭਾਰੀ ਨਾਰਾਜ਼ਗੀ ਫੈਲ ਗਈ। ਇਸੇ ਦੇ ਵਿਰੋਧ ’ਚ ਮੰਗਲਵਾਰ ਰਾਤ ਕਰੀਬ 8 ਵਜੇ ਵਿਦਿਆਰਥੀਆਂ ਨੇ ਅਚਾਨਕ ਪੀਯੂ ਦਾ ਗੇਟ ਨੰਬਰ-2 ਬੰਦ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮੋਰਚੇ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੀਯੂ ਦੇ ਅਧਿਕਾਰੀਆਂ ਨਾਲ ਪਹਿਲਾਂ ਹੋਈ ਬੈਠਕ ’ਚ ਇਹ ਤੈਅ ਹੋਇਆ ਸੀ ਕਿ ਸੈਨੇਟ ਚੋਣਾਂ ਦਾ ਐਲਾਨ ਹੋਣ ਤੱਕ ਕਿਸੇ ਤਰ੍ਹਾਂ ਦੀ ਪ੍ਰੀਖਿਆ ਨਹੀਂ ਲਈ ਜਾਏਗੀ। ਪਰ ਇਸ ਦੇ ਉਲਟ ਪ੍ਰਸ਼ਾਸਨ ਨੇ ਨਾ ਸਿਰਫ਼ 26 ਨਵੰਬਰ ਨੂੰ ਕੈਂਪਸ ’ਚ ਛੁੱਟੀ ਐਲਾਨ ਦਿੱਤੀ, ਬਲਕਿ ਪ੍ਰੀਖਿਆ ਨੂੰ ਰੱਦ ਕਰਨ ਦੀ ਬਜਾਏ ਉਸ ਨੂੰ ਡੀਏਵੀ ਕਾਲਜ ’ਚ ਸ਼ਿਫਟ ਕਰਨ ਦਾ ਫ਼ੈਸਲਾ ਲੈ ਲਿਆ। ਇਸ ਫ਼ੈਸਲੇ ਤੋਂ ਭੜਕੇ ਵਿਦਿਆਰਥੀਆਂ ਨੇ ਗੇਟ ਦੇ ਬਾਹਰ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ ਤੇ ਮਾਹੌਲ ਤਣਾਅਪੂਰਨ ਹੋ ਗਿਆ।
ਸਥਿਤੀ ਵਿਗੜਦੀ ਦੇਖ ਕੇ ਪ੍ਰਸ਼ਾਸਨ ਨੇ ਵਿਦਿਆਰਥੀ ਆਗੂਆਂ ਨਾਲ ਹੰਗਾਮੀ ਬੈਠਕ ਕੀਤੀ। ਦੇਰ ਸ਼ਾਮ ਹੋਈ ਇਸ ਬੈਠਕ ’ਚ ਪ੍ਰੀਖਿਆ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਬਾਅਦ ਪ੍ਰੀਖਿਆ ਕੰਟਰੋਲਰ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਕਿਹਾ ਕਿ ਪ੍ਰੀਖਿਆ ਹੁਣ ਨਵੀਂ ਤਰੀਕ ’ਤੇ ਲਈ ਜਾਏਗੀ, ਜਿਸ ਦਾ ਐਲਾਨ ਬਾਅਦ ’ਚ ਕੀਤਾ ਜਾਏਗਾ। ਪ੍ਰੀਖਿਆ ਰੱਦ ਹੁੰਦੇ ਹੀ ਵਿਦਿਆਰਥੀਆਂ ਨੇ ਡੇਢ ਘੰਟੇ ਲੰਬਾ ਚੱਲਿਆ ਧਰਨਾ ਖ਼ਤਮ ਕਰ ਦਿੱਤਾ ਤੇ ਧਰਨੇ ਵਾਲੀ ਪੁਰਾਣੀ ਥਾਂ ’ਤੇ ਪਰਤ ਗਏ। ਪ੍ਰਦਰਸ਼ਨ ਦੌਰਾਨ ਕਈ ਵਿਦਿਆਰਥੀਆਂ ’ਚ ਇਹ ਚਰਚਾ ਸੀ ਕਿ ਜੇਕਰ ਪ੍ਰੀਖਿਆ ਰੱਦ ਨਹੀਂ ਹੁੰਦੀ ਤਾਂ ਉਹ ਡੀਏਵੀ ਕਾਲਜ ਦੇ ਬਾਹਰ ਵੀ ਵਿਰੋਧ ਪ੍ਰਦਰਸ਼ਨ ਕਰਦੇ ਤੇ ਕਿਸੇ ਨੂੰ ਪ੍ਰੀਖਿਆ ਨਹੀਂ ਦੇਣ ਦਿੰਦੇ। ਹਾਲਾਂਕਿ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਸਥਿਤੀ ਸ਼ਾਂਤ ਹੋ ਗਈ।
ਇਸ ਦੌਰਾਨ ਪੀਯੂ ਪ੍ਰਸ਼ਾਸਨ ਨੇ ਅੱਜ ਕੈਂਪਸ ’ਚ ਛੁੱਟੀ ਦਾ ਐਲਾਨ ਕਰ ਦਿੱਤਾ। ਜਦਕਿ ਇਸ ਤੋਂ ਇਕ ਦਿਨ ਪਹਿਲਾਂ ਸਾਬਕਾ ਵੀਸੀ ਪ੍ਰੋ. ਰੇਣੂ ਵਿਗ ਨੇ ਸਪੱਸ਼ਟ ਕਿਹਾ ਸੀ ਕਿ 26 ਨਵੰਬਰ ਨੂੰ ਕੈਂਪਸ ’ਚ ਆਮ ਵਾਂਗ ਕੰਮ ਹੋਵੇਗਾ ਤੇ ਸਟਾਫ ਤੇ ਫੈਕਲਟੀ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹਾਜ਼ਰ ਰਹਿਣਾ ਪਵੇਗਾ। ਪਰ ਵਿਦਿਆਰਥੀਆਂ ਨਾਲ ਬੈਠਕ ਦੇ ਬਾਅਦ ਪ੍ਰਸ਼ਾਸਨ ਨੇ ਆਪਣਾ ਐਲਾਨ ਵਾਪਸ ਲੈ ਲਿਆ।
ਰਜਿਸਟਰਾਰ ਪ੍ਰੋ. ਵਾਈ ਪੀ ਵਰਮਾ ਦੀ ਅਗਵਾਈ ’ਚ ਹੋਈ ਬੈਠਕ ’ਚ ਫ਼ੈਸਲਾ ਕੀਤਾ ਗਿਆ ਕਿ ਵਿਦਿਆਰਥੀ 2 ਦਸੰਬਰ ਤੱਕ ਕੋਈ ਨਵਾਂ ਅੰਦੋਲਨ ਨਹੀਂ ਕਰਨਗੇ ਤੇ ਨਵੇਂ ਸ਼ਡਿਊਲ ਦਾ ਇੰਤਜ਼ਾਰ ਕਰਨਗੇ। ਡੀਐੱਸਡਬਲਯੂ ਪ੍ਰੋ. ਅਮਿਤ ਚੌਹਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ 10-12 ਦਿਨ ਸ਼ਾਂਤ ਰਹਿਣ ਦੀ ਅਪੀਲ ਕੀਤੀ ਗਈ ਸੀ, ਪਰ ਵਿਦਿਆਰਥੀ 2 ਦਸੰਬਰ ਤੱਕ ਇੰਤਜ਼ਾਰ ਕਰਨ ’ਤੇ ਸਹਿਮਤ ਹੋਏ ਹਨ। ਮੋਰਚੇ ਦੇ ਆਗੂ ਸੰਦੀਪ ਨੇ ਕਿਹਾ ਕਿ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਣ ਜਾਰੀ ਰਹੇਗਾ। 26 ਨਵੰਬਰ ਨੂੰ ਮੋਰਚਾ ਸ਼ਾਂਤੀਪੂਰਣ ਬੰਦ ਰੱਖਿਆ ਜਾਵੇਗਾ ਤੇ ਨਿਰਧਾਰਤ ਧਰਨੇ ਵਾਲੀ ਥਾਂ ’ਤੇ ਹੀ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ।