ਮੁੱਖ ਮੰਤਰੀ ਨੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਲੈਂਦਿਆਂ ਕਿਹਾ ਕਿ ਜਦੋਂ ਪੰਜਾਬ ’ਚ ਝੋਨੇ ਦੀ ਵਾਢੀ ਸ਼ੁਰੂ ਨਹੀਂ ਸੀ ਹੋਈ, ਉਦੋਂ ਤੋਂ ਹੀ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਦਿੱਲੀ ’ਚ ਧੂੰਆਂ ਆ ਰਿਹਾ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ’ਚ ਕਣਕ ਦੀ ਬਿਜਾਈ ਪੂਰੀ ਹੋ ਚੁੱਕੀ ਹੈ ਤੇ ਝੋਨੇ ਦੀ ਵਾਢੀ ਦਾ ਸੀਜ਼ਨ ਖ਼ਤਮ ਹੋ ਚੁੱਕਾ ਹੈ
-1761074478397.webp)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ’ਚ ਪ੍ਰਦੂਸ਼ਣ ਦੇ ਮਾਮਲੇ ’ਚ ਪੰਜਾਬ ਨੂੰ ਅਕਸਰ ਜ਼ਿੰਮੇਵਾਰ ਦੱਸੇ ਜਾਣ ’ਤੇ ਦਿੱਲੀ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਹੁਣ ਜਦੋਂ ਪੰਜਾਬ ’ਚ ਪਰਾਲੀ ਨਹੀਂ ਸੜ ਰਹੀ ਤੇ ਪੰਜਾਬ ਦੀ ਹਵਾ ਠੀਕ ਹੈ ਤਾਂ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ ਹੈ।
ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਜਦੋਂ ਵੀ ਪ੍ਰਦੂਸ਼ਣ ਵਧਣ ਦੀ ਗੱਲ ਹੁੰਦੀ ਹੈ ਤਾਂ ਇਸ ਦਾ ਭਾਂਡਾ ਪੰਜਾਬ ਸਿਰ ਭੰਨ ਦਿੱਤਾ ਜਾਂਦਾ ਹੈ। ਪੰਜਾਬ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਂਦੀ। ਹੁਣ ਜਦੋਂ ਪੰਜਾਬ ’ਚ ਪਰਾਲੀ ਬਿਲਕੁਲ ਨਹੀਂ ਸੜ ਰਹੀ ਤੇ ਇੱਥੋਂ ਦੇ ਸ਼ਹਿਰਾਂ ਦੀ ਏਕਿਉਆਈ (ਹਵਾ ਦੀ ਗੁਣਵੱਤਾ) 70 ਤੋਂ 110 ਹੈ, ਪਰ ਦਿੱਲੀ ਦਾ 450 ਤੋਂ 550 ਦੇ ਦਰਮਿਆਨ ਹੈ।
ਤਾਂ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ ਹੈ? ਮੁੱਖ ਮੰਤਰੀ ਨੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਲੈਂਦਿਆਂ ਕਿਹਾ ਕਿ ਜਦੋਂ ਪੰਜਾਬ ’ਚ ਝੋਨੇ ਦੀ ਵਾਢੀ ਸ਼ੁਰੂ ਨਹੀਂ ਸੀ ਹੋਈ, ਉਦੋਂ ਤੋਂ ਹੀ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਦਿੱਲੀ ’ਚ ਧੂੰਆਂ ਆ ਰਿਹਾ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ’ਚ ਕਣਕ ਦੀ ਬਿਜਾਈ ਪੂਰੀ ਹੋ ਚੁੱਕੀ ਹੈ ਤੇ ਝੋਨੇ ਦੀ ਵਾਢੀ ਦਾ ਸੀਜ਼ਨ ਖ਼ਤਮ ਹੋ ਚੁੱਕਾ ਹੈ। ਇਸ ਹਾਲਤ ’ਚ ਦਿੱਲੀ ਦਾ ਏਕਿਉਆਈ ਏਨਾ ਖ਼ਰਾਬ ਕਿਉਂ ਹੈ?
ਹੁਣ ਸਿਰਫ਼ ਮੁਲਕ ਦਾ ਨਾਂ ਬਦਲਣਾ ਰਹਿ ਗਿਐ
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੁਆਰਾ ਮਗਨਰੇਗਾ ਦਾ ਨਾਮ ਬਦਲੇ ਜਾਣ ’ਤੇ ਕਿੰਤੂ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸਟੇਸ਼ਨਾਂ ਦਾ ਬਦਲਿਆ, ਸ਼ਹਿਰਾਂ ਦਾ ਨਾਂ ਬਦਲਿਆ। ਹੁਣ ਸਿਰਫ਼ ਦੇਸ਼ ਦਾ ਨਾਂ ਬਦਲਣਾ ਰਹਿ ਗਿਆ ਹੈ। ਉਨ੍ਹਾਂ ਨੂੰ ਖਦਸ਼ਾ ਹੈ ਕਿ ਕਿਤੇ ਮੁਲਕ ਦਾ ਨਾਮ ਦੀਨ ਦਿਆਲ ਉਪਧਿਆਏ ਨਾ ਰੱਖ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਾਮ ਬਦਲਣ ਨਾਲ ਕੋਈ ਫ਼ਰਕ ਨਹੀਂ ਪੈਣਾ ਜੇਕਰ ਚੰਗੇ ਕੰਮ ਕੀਤੇ ਜਾਣ ਤਾਂ ਲੋਕ ਚੌਕਾਂ ’ਚ ਬੁੱਤ ਲਗਾਉਣਗੇ। ਨਹੀਂ ਤਾਂ ਮੂਰਤੀ ਖੇਤਾਂ ’ਚ ਲੱਗਦੀ ਹੈ। ਮਾਨ ਨੇ ਕਿਹਾ ਕਿ ਮਜ਼ਦੂਰ ਨੂੰ ਤਾਂ ਦਿਹਾੜੀ ਮਿਲਣੀ ਚਾਹੀਦੀ ਹੈ, ਉਸਨੂੰ ਨਾਮ ਨਾਲ ਕੋਈ ਫ਼ਰਕ ਨਹੀਂ ਪੈਣਾ। ਉਨ੍ਹਾਂ ਮਿਸਾਲ ਦਿੱਤੀ ਕਿ ਵੱਡੇ ਸ਼ਹਿਰਾਂ ਦੇ ਨਾਮ ਬਦਲਣ ਨਾਲ ਕੀ ਕੋਈ ਫ਼ਰਕ ਪਿਆ ਹੈ।
ਅਕਾਲੀਆਂ ਤੇ ਕਾਂਗਰਸੀਆਂ ਦੇ ਬੀਜੇ ਹੋਏ ਕੰਡੇ ਹਨ : ਮੁੱਖ ਮੰਤਰੀ ਨੇ ਦੱਸਿਆ ਕਿ ਬੀਤੇ ਕੱਲ੍ਹ ਸੋਹਾਣਾ (ਮੋਹਾਲੀ) ’ਚ ਕਬੱਡੀ ਮੈਚ ਦੌਰਾਨ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ’ਚ ਤਿੰਨ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਡੌਨੀ ਬੱਲ ਦੇ ਇਸ਼ਾਰੇ ’ਤੇ ਇਸ ਘਟਨਾਂ ਨੂੰ ਅੰਜਾਮ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਅਕਾਲੀਆਂ, ਕਾਂਗਰਸੀਆਂ ਦੇ ਕੰਡੇ ਬੀਜੇ ਹੋਏ ਹਨ। ਉਨ੍ਹਾਂ ਨੌਜਵਾਨਾਂ ਅਤੇ ਗਾਇਕਾਂ ਨੂੰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਗੀਤਾਂ, ਫਿਲਮਾਂ ਵਿਚ ਅਸਲੀ ਜੱਟ ਦੀ ਕਹਾਣੀ ਦਾ ਵਰਨਣ ਕੀਤਾ ਜਾਵੇ।
ਫੇਕ ਸਨ ਸਕੂਲਾਂ ਨੂੰ ਧਮਕੀਆਂ : ਅੰਮਰਿਤਸਰ ਤੇ ਜਲੰਧਰ ’ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ ਮਿਲਣ ਸਬੰਧੀ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਵੀ ਇਸੇ ਤਰ੍ਹਾਂ ਹੋਇਆ ਸੀ। ਸ਼ਰਾਰਤੀ ਤੱਤ ਫੇਕ ਕਾਲ ਕਰਦੇ ਹਨ। ਜਲੰਧਰ ਤੇ ਅੰਮ੍ਰਿਤਸਰ ’ਚ ਸਕੂਲਾਂ ਨੂੰ ਆਈਆਂ ਕਾਲਾਂ ਫਰਜ਼ੀ ਸਨ।
ਰੇਲਾਂ ਨਹੀਂ ਰੋਕਣ ਦਿਆਂਗੇ : ਸੰਯਕੁਤ ਕਿਸਾਨ ਮੋਰਚਾ ਵਲੋਂ ਰੇਲਾਂ ਰੋਕਣ ਬਾਰੇ ਦਿੱਤੇ ਬਿਆਨ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਰੇਲਾਂ ਰੋਕਦੇ ਹਨ, ਬਾਅਦ ’ਚ ਗੱਲ ਕਰਨ ਲਈ ਕਹਿੰਦੇ ਹਨ। ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਹੜਤਾਲ ਜਾਂ ਪ੍ਰਦਰਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।