ਮੁੱਖ ਮੰਤਰੀ ਅਸਤੀਫ਼ਾ ਦੇਣ ਜਾਂ ਬੇਅਦਬੀ ਵਾਲੀ ਵੀਡੀਓ ਦੀ ਜਾਂਚ ਕਰਵਾਉਣ, ਸੁਨੀਲ ਜਾਖੜ ਨੇ ਕੀਤਾ CM Mann 'ਤੇ ਤਿੱਖਾ ਹਮਲਾ
ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਨਾਲ ਸੰਬੰਧਿਤ ਵੀਡੀਓ ਦੀ ਇਕ ਦਿਨ ’ਚ ਫੋਰੈਂਸਿਕ ਜਾਂਚ ਕਰ ਕੇ ਉਨ੍ਹਾਂ ਨੂੰ ਵੀ ਕਲੀਨ ਚਿੱਟ ਕਿਉਂ ਨਹੀਂ ਦੇ ਸਕੀ।
Publish Date: Sun, 11 Jan 2026 09:42 AM (IST)
Updated Date: Sun, 11 Jan 2026 09:46 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਵੀਡੀਓ ਬਾਰੇ ਦਿੱਤਾ ਗਿਆ ਸਪਸ਼ਟੀਕਰਨ ਦੋਸ਼ ਕਬੂਲਣ ਵਾਲਾ ਹੈ, ਪਰ ਪੰਜਾਬ ਪੁਲਿਸ ਨੇ ਇਕ ਦਿਨ ਦੇ ਅੰਦਰ ਹੀ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾ ਕੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਨਾਲ ਸੰਬੰਧਿਤ ਵੀਡੀਓ ਦੀ ਇਕ ਦਿਨ ’ਚ ਫੋਰੈਂਸਿਕ ਜਾਂਚ ਕਰ ਕੇ ਉਨ੍ਹਾਂ ਨੂੰ ਵੀ ਕਲੀਨ ਚਿੱਟ ਕਿਉਂ ਨਹੀਂ ਦੇ ਸਕੀ।
ਜਾਖੜ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡਿਓ ਬਾਰੇ ਨਾ ਤਾਂ ਪੁਲਿਸ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਮੁੱਖ ਮੰਤਰੀ ਖੁਦ ਇਸ ਦੀ ਜਾਂਚ ਦੇ ਹੁਕਮ ਦੇਣ ਦੀ ਹਿੰਮਤ ਦਿਖਾ ਰਹੇ ਹਨ। ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਜਾਂ ਆਪਣੇ ਨਾਲ ਜੁੜੀ ਕਥਿਤ ਧਾਰਮਿਕ ਬੇਅਦਬੀ ਵਾਲੀ ਵੀਡੀਓ ਦੀ ਤੁਰੰਤ ਜਾਂਚ ਕਰਵਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੇਦੋਸ਼ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਆਤਿਸ਼ੀ ਨਾਲ ਸੰਬੰਧਿਤ ਵੀਡੀਓ ਦੀ ਇਕ ਦਿਨ ਵਿਚ ਜਾਂਚ ਹੋ ਸਕਦੀ ਹੈ, ਤਾਂ ਮੁੱਖ ਮੰਤਰੀ ਨਾਲ ਸੰਬੰਧਿਤ ਵੀਡੀਓ ਦੀ ਵੀ ਇਸੇ ਤਰ੍ਹਾਂ ਜਾਂਚ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਆਪਣੇ ਨਾਲ ਸੰਬੰਧਿਤ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਹਿੰਮਤ ਨਹੀਂ ਰੱਖਦੇ, ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਜਾਖੜ ਨੇ ਕਿਹਾ ਕਿ ਪਟਿਆਲਾ ਦੇ ਐੱਸਐੱਸਪੀ ਨਾਲ ਸੰਬੰਧਿਤ ਉਹ ਆਡੀਓ, ਜਿਸ ’ਚ ਕਥਿਤ ਤੌਰ ’ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਹੇਰਾਫੇਰੀ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਮੁੱਖ ਮੰਤਰੀ ਨਾਲ ਸੰਬੰਧਿਤ ਕਥਿਤ ਧਾਰਮਿਕ ਬੇਅਦਬੀ ਵਾਲੀਆਂ ਵੀਡੀਓ ਕਲਿੱਪਾਂ ਦੀ ਤੁਰੰਤ ਫੋਰੈਂਸਿਕ ਲੈਬ ਤੋਂ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ।
ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਸਰਕਾਰ ਵੱਲੋਂ ਪਟਿਆਲਾ ਐੱਸਐੱਸਪੀ ਦੀ ਆਡੀਓ ਦੀ ਜਾਂਚ ਬਾਰੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਜਾਖੜ ਨੇ ਕਿਹਾ ਕਿ ਸੂਬੇ ’ਚ ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਪੰਜਾਬ ਦਾ ਨਸ਼ਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੋਣਾ ਅਤੇ ਵਧ ਰਹੇ ਭ੍ਰਿਸ਼ਟਾਚਾਰ ਬਾਰੇ ਸਰਕਾਰ ਤੋਂ ਜਵਾਬ ਲੈਣ ਲਈ ਭਾਰਤੀ ਜਨਤਾ ਪਾਰਟੀ 16 ਜਨਵਰੀ ਨੂੰ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰੇਗੀ।