ਨਵੇਂ ਸਾਲ ਦੀ ਪਹਿਲੀ ਵੱਡੀ ਘਟਨਾ ਮੇਅਰ ਦੇ ਚਿਹਰੇ ਦੇ ਬਦਲਾਅ ਵਜੋਂ ਸਾਹਮਣੇ ਆਵੇਗੀ। ਜਨਵਰੀ 2026 ਦੇ ਪਹਿਲੇ ਹਫ਼ਤੇ ਵਿਚ ਮੇਅਰ ਚੋਣਾਂ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐਸਓਪੀ) ਜਾਰੀ ਹੋਣ ਦੀ ਸੰਭਾਵਨਾ ਹੈ, ਜਦਕਿ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਚੋਣ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਪਰ ਸਿਆਸੀ ਗਰਮਾਹਟ ਦੀ ਸ਼ੁਰੂਆਤ ਪਹਿਲੀ ਜਨਵਰੀ ਤੋਂ ਹੀ ਹੋ ਚੁੱਕੀ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸਾਲ 2025 ਦੇ ਖ਼ਤਮ ਹੋਣ ਨਾਲ ਹੀ ਚੰਡੀਗੜ੍ਹ ਦੀ ਸਿਆਸਤ ਵਿਚ ਨਵੇਂ ਸਾਲ 2026 ਦੀ ਸ਼ੁਰੂਆਤ ਵੱਡੇ ਸਿਆਸੀ ਬਦਲਾਅ ਦੇ ਸੰਕੇਤਾਂ ਨਾਲ ਹੋ ਰਹੀ ਹੈ। ਨਵੇਂ ਸਾਲ ਦੀ ਪਹਿਲੀ ਵੱਡੀ ਘਟਨਾ ਮੇਅਰ ਦੇ ਚਿਹਰੇ ਦੇ ਬਦਲਾਅ ਵਜੋਂ ਸਾਹਮਣੇ ਆਵੇਗੀ। ਜਨਵਰੀ 2026 ਦੇ ਪਹਿਲੇ ਹਫ਼ਤੇ ਵਿਚ ਮੇਅਰ ਚੋਣਾਂ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐਸਓਪੀ) ਜਾਰੀ ਹੋਣ ਦੀ ਸੰਭਾਵਨਾ ਹੈ, ਜਦਕਿ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਚੋਣ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਪਰ ਸਿਆਸੀ ਗਰਮਾਹਟ ਦੀ ਸ਼ੁਰੂਆਤ ਪਹਿਲੀ ਜਨਵਰੀ ਤੋਂ ਹੀ ਹੋ ਚੁੱਕੀ ਹੈ।
ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਦਲਾਂ ਲਈ ਸਭ ਤੋਂ ਵੱਡੀ ਚੁਣੌਤੀ ਸਿਰਫ਼ ਉਮੀਦਵਾਰ ਦੀ ਚੋਣ ਨਹੀਂ, ਸਗੋਂ ਆਪਣੇ ਕੌਂਸਲਰਾਂ ਨੂੰ ਇਕਜੁੱਟ ਰੱਖਣਾ ਵੀ ਹੈ। ਖ਼ਾਸ ਕਰਕੇ ਆਮ ਆਦਮੀ ਪਾਰਟੀ ਲਈ ਇਹ ਚੁਣੌਤੀ ਹੋਰ ਵੀ ਗੰਭੀਰ ਹੋ ਗਈ ਹੈ, ਕਿਉਂਕਿ ਹਾਲ ਹੀ ਵਿੱਚ ਆਪ ਦੇ ਦੋ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਬਾਅਦ ਨਿਗਮ ਦੀ ਰਾਜਨੀਤੀ ਵਿੱਚ ਉਥਲ-ਪੁਥਲ ਤੇਜ਼ ਹੋ ਗਈ ਹੈ।
ਆਪ ਦੇ ਪੰਜਾਬ ਆਗੂਆਂ ਦੀ ਚੰਡੀਗੜ੍ਹ ਵਿਚ ਐਂਟਰੀ
ਸਾਲ ਭਰ ਚੰਡੀਗੜ੍ਹ ਤੋਂ ਦੂਰ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਪੰਜਾਬ ਨੇਤਾਵਾਂ ਨੇ ਹੁਣ ਇੱਥੇ ਪੂਰੀ ਤਰ੍ਹਾਂ ਮੋਰਚਾ ਸੰਭਾਲ ਲਿਆ ਹੈ। ਚੰਡੀਗੜ੍ਹ ਇੰਚਾਰਜ ਸੱਨੀ ਸਿੰਘ ਅਹਲੂਵਾਲੀਆ ਮੰਗਲਵਾਰ ਨੂੰ ਨਿਗਮ ਸਦਨ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਕੌਂਸਲਰਾਂ ਦੀ ਹਾਜ਼ਰੀ, ਰੁਝਾਨ ਅਤੇ ਗਤੀਵਿਧੀਆਂ ‘ਤੇ ਬਾਰੀਕੀ ਨਾਲ ਨਜ਼ਰ ਰੱਖੀ। ਹਾਲਾਂਕਿ ਉਹ ਮੀਟਿੰਗ ਦੌਰਾਨ ਕੁਝ ਸਮਾਂ ਬਿਤਾਉਣ ਤੋਂ ਬਾਅਦ ਹੀ ਵਾਪਸ ਚਲੇ ਗਏ। ਪਾਰਟੀ ਦੇ ਹਾਈਕਮਾਂਡ ਵੱਲੋਂ ਪੰਜਾਬ ਦੇ ਇੱਕ ਸੀਨੀਅਰ ਨੇਤਾ ਨੂੰ ਮੇਅਰ ਚੋਣਾਂ ਤੱਕ ਚੰਡੀਗੜ੍ਹ ਵਿੱਚ ਹੀ ਰਹਿਣ ਦੇ ਸਪਸ਼ਟ ਨਿਰਦੇਸ਼ ਵੀ ਦਿੱਤੇ ਗਏ ਹਨ, ਤਾਂ ਜੋ ਪਾਰਟੀ ਪੱਧਰ ‘ਤੇ ਕੋਈ ਕਮੀ ਨਾ ਰਹਿ ਜਾਵੇ।
ਭਾਜਪਾ-ਆਪ ਵਿਚਾਲੇ ਮੁੱਖ ਮੁਕਾਬਲਾ
ਮੇਅਰ ਚੋਣਾਂ ਵਿੱਚ ਮੁੱਖ ਟਕਰਾਅ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚਕਾਰ ਮੰਨਿਆ ਜਾ ਰਿਹਾ ਹੈ। ਰਾਜਨੀਤਿਕ ਗਲਿਆਰਿਆਂ ਵਿੱਚ ਇਹ ਵੀ ਚਰਚਾ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਸਕਦੀ ਹੈ। ਇਸ ਦੇ ਬਦਲੇ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਦੇ ਹਿੱਸੇ ਆ ਸਕਦੇ ਹਨ।
ਆਪ ਵੱਲੋਂ ਦੋ ਨਾਮ ਸਭ ਤੋਂ ਅੱਗੇ
ਆਮ ਆਦਮੀ ਪਾਰਟੀ ਵੱਲੋਂ ਮੇਅਰ ਪਉਮੀਦਵਾਰ ਵਜੋਂ ਇਸ ਸਮੇਂ ਹਰਦੀਪ ਸਿੰਘ ਅਤੇ ਯੋਗੇਸ਼ ਢੀਂਗਰਾ ਦੇ ਨਾਮ ਸਭ ਤੋਂ ਵੱਧ ਚਰਚਾ ਵਿੱਚ ਹਨ। ਪਾਰਟੀ ਸੂਤਰਾਂ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਤੋਂ ਆਪ ਵਿੱਚ ਸ਼ਾਮਲ ਹੋ ਕੇ ਪਿਛਲੀ ਵਾਰ ਕੁਲਦੀਪ ਕੁਮਾਰ ਨੂੰ ਮੇਅਰ ਬਣਵਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਹਰਦੀਪ ਸਿੰਘ ਨੂੰ ਇਸ ਵਾਰ ਮੌਕਾ ਮਿਲ ਸਕਦਾ ਹੈ। ਹਾਲਾਂਕਿ ਆਖ਼ਰੀ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਹੀ ਲਿਆ ਜਾਵੇਗਾ।
ਭਾਜਪਾ ਵਿਚ ਵੀ ਟਿਕਟ ਲਈ ਦੌੜ
ਦੂਜੇ ਪਾਸੇ ਭਾਜਪਾ ਵੱਲੋਂ ਮੇਅਰ ਉਮੀਦਵਾਰ ਵਜੋਂ ਸੌਰਭ ਜੋਸ਼ੀ, ਮਹੇਸ਼ਇੰਦਰ ਸਿੰਘ ਸਿੱਧੂ, ਕਨਵਰਜੀਤ ਸਿੰਘ ਰਾਣਾ ਅਤੇ ਦਲੀਪ ਸ਼ਰਮਾ ਦੇ ਨਾਮ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿੱਚੋਂ ਸੌਰਭ ਜੋਸ਼ੀ ਅਤੇ ਮਹੇਸ਼ਇੰਦਰ ਸਿੰਘ ਸਿੱਧੂ ਦੇ ਨਾਮਾਂ ਦੀ ਸਭ ਤੋਂ ਵੱਧ ਚਰਚਾ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ, ਇਨ੍ਹਾਂ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਅੰਤਿਮ ਉਮੀਦਵਾਰ ਐਲਾਨ ਕੀਤਾ ਜਾ ਸਕਦਾ ਹੈ।
ਭਾਜਪਾ ਦੇ ਚੰਡੀਗੜ੍ਹ ਇੰਚਾਰਜ ਅਤੁਲ ਗਰਗ ਪਹਿਲਾਂ ਹੀ ਕੌਂਸਲਰਾਂ ਤੋਂ ਫੀਡਬੈਕ ਲੈ ਚੁੱਕੇ ਹਨ। ਹੁਣ ਭਾਜਪਾ ਦੇ ਪ੍ਰਧਾਨ ਜਿਤੇਂਦਰ ਪਾਲ ਮਲਹੋਤਰਾ ਦੀ ਰਾਏ ਨਿਰਣਾਇਕ ਸਾਬਤ ਹੋਵੇਗੀ। ਹਾਈਕਮਾਂਡ ਦੇ ਫੈਸਲੇ ਤੋਂ ਬਾਅਦ ਹੀ ਮੇਅਰ ਉਮੀਦਵਾਰ ਦੇ ਨਾਮ ’ਤੇ ਅੰਤਿਮ ਮੋਹਰ ਲੱਗੇਗੀ।
ਜਨਵਰੀ ਤੋਂ ਤੇਜ਼ ਹੋਵੇਗੀ ਸਿਆਸੀ ਜੰਗ
ਕੁੱਲ ਮਿਲਾ ਕੇ ਨਵੇਂ ਸਾਲ ਵਿੱਚ ਚੰਡੀਗੜ੍ਹ ਦੀ ਨਿਗਮ ਰਾਜਨੀਤੀ ਵਿੱਚ ਸਰਗਰਮੀ ਤੇਜ਼ ਹੋ ਗਈ ਹੈ। ਮੇਅਰ ਚੋਣਾਂ ਸਿਰਫ਼ ਅਹੁਦੇ ਦੀ ਲੜਾਈ ਨਹੀਂ, ਸਗੋਂ ਦਲਾਂ ਦੀ ਅੰਦਰੂਨੀ ਏਕਤਾ, ਰਣਨੀਤੀ ਅਤੇ ਸਿਆਸੀ ਤਾਕਤ ਦੀ ਅਸਲੀ ਪਰੀਖਿਆ ਸਾਬਤ ਹੋਣ ਜਾ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਇਹ ਸਾਫ਼ ਹੋ ਜਾਵੇਗਾ ਕਿ ਕਿਹੜਾ ਦਲ ਇਸ ਚੁਣੌਤੀ ‘ਤੇ ਖਰਾ ਉਤਰਦਾ ਹੈ।