ਜਾਅਲੀ ਨੋਟਾਂ ਦੇ ਧੰਦੇ 'ਤੇ ਚੰਡੀਗੜ੍ਹ ਪੁਲਿਸ ਦੀ ਵੱਡੀ ਕਾਰਵਾਈ, 6 ਛਾਤਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਹੁਣ ਮੁਕੱਦਮੇ ਦੀ ਤਿਆਰੀ
ਪੁਲਿਸ ਜਾਂਚ 'ਚ ਖੁਲਾਸਾ ਹੋਇਆ ਕਿ ਮੁਲਜ਼ਮ 500 ਅਤੇ 100 ਰੁਪਏ ਦੇ ਜਾਅਲੀ ਨੋਟ ਛਾਪ ਕੇ ਵੱਖ-ਵੱਖ ਰਾਜਾਂ ਵਿੱਚ ਸਪਲਾਈ ਕਰਦੇ ਸਨ। ਇਹ ਗਿਰੋਹ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਰਾਹੀਂ ਗਾਹਕਾਂ ਨੂੰ ਫਸਾਉਂਦਾ ਸੀ।
Publish Date: Fri, 26 Dec 2025 04:22 PM (IST)
Updated Date: Fri, 26 Dec 2025 04:26 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਭਾਰਤੀ ਜਾਅਲੀ ਕਰੰਸੀ ਦੇ ਇਕ ਵੱਡੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਅਦਾਲਤੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਵਿੱਚ ਛੇ ਸ਼ਾਤਰ ਮੁਲਜ਼ਮਾਂ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ, ਜਿਸ 'ਤੇ 6 ਜਨਵਰੀ 2026 ਤੋਂ ਸੁਣਵਾਈ ਸ਼ੁਰੂ ਹੋਵੇਗੀ।
ਪੁਲਿਸ ਨੇ ਤਿੰਨ ਮਹੀਨੇ ਪਹਿਲਾਂ ਗੌਰਵ ਕੁਮਾਰ, ਵਿਕਰਮ ਮੀਣਾ ਉਰਫ਼ ਵਿੱਕੀ, ਜਿਤੇਂਦਰ ਸ਼ਰਮਾ, ਜਸਵਿੰਦਰ ਸਿੰਘ, ਸੋਮ ਦੱਤ ਅਤੇ ਸ਼ਿਵਾ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ 24.27 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਸੀ। ਨਕਲੀ ਨੋਟਾਂ ਤੋਂ ਇਲਾਵਾ ਪੁਲਿਸ ਨੇ ਇਨ੍ਹਾਂ ਕੋਲੋਂ ਪ੍ਰਿੰਟਿੰਗ ਮਸ਼ੀਨਾਂ, ਵਾਹਨ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਵੀ ਜ਼ਬਤ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਦੇਸ਼ ਦੇ ਕਈ ਰਾਜਾਂ ਵਿੱਚ ਫੈਲਿਆ ਹੋਇਆ ਸੀ।
ਪੁਲਿਸ ਜਾਂਚ 'ਚ ਖੁਲਾਸਾ ਹੋਇਆ ਕਿ ਮੁਲਜ਼ਮ 500 ਅਤੇ 100 ਰੁਪਏ ਦੇ ਜਾਅਲੀ ਨੋਟ ਛਾਪ ਕੇ ਵੱਖ-ਵੱਖ ਸੂਬਿਆਂ 'ਚ ਸਪਲਾਈ ਕਰਦੇ ਸਨ। ਇਹ ਗਿਰੋਹ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਰਾਹੀਂ ਗਾਹਕਾਂ ਨੂੰ ਫਸਾਉਂਦਾ ਸੀ।
ਜਾਅਲੀ ਨੋਟਾਂ ਦੀ ਸਪਲਾਈ 1:3 ਦੇ ਅਨੁਪਾਤ 'ਚ ਕੀਤੀ ਜਾਂਦੀ ਸੀ, ਯਾਨੀ ਇੱਕ ਲੱਖ ਅਸਲੀ ਰੁਪਏ ਦੇ ਬਦਲੇ ਤਿੰਨ ਲੱਖ ਰੁਪਏ ਦੇ ਨਕਲੀ ਨੋਟ ਦਿੱਤੇ ਜਾਂਦੇ ਸਨ। ਮੁਲਜ਼ਮ ਇਨ੍ਹਾਂ ਨਕਲੀ ਨੋਟਾਂ ਨੂੰ ਅਸਲੀ ਨੋਟਾਂ ਦੇ ਬੰਡਲਾਂ 'ਚ ਮਿਲਾ ਕੇ ਬਾਜ਼ਾਰ 'ਚ ਚਲਾਉਣ ਦੀ ਕੋਸ਼ਿਸ਼ ਕਰਦੇ ਸਨ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।
ਹੋਰ ਮੁਲਜ਼ਮਾਂ ਦੀ ਭਾਲ ਜਾਰੀ
ਫਿਲਹਾਲ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਪਲਾਈ ਚੇਨ ਦੀਆਂ ਤਾਰਾਂ ਕਿਹੜੇ-ਕਿਹੜੇ ਸੂਬਿਆਂ ਨਾਲ ਜੁੜੀਆਂ ਹੋਈਆਂ ਹਨ। ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਵਿੱਚ ਹੋਰ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਜਾ ਸਕਦਾ ਹੈ।