ਸਾਵਧਾਨ! ਟਰਾਈਸਿਟੀ 'ਚ ਪਵੇਗੀ ਹੱਡ ਚੀਰਵੀਂ ਠੰਢ; ਅਗਲੇ 48 ਘੰਟੇ ਰਹਿਣਗੇ ਭਾਰੀ, 'ਰੇਡ ਅਲਰਟ' ਹੋਇਆ ਜਾਰੀ
ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਵੀ ਕੜਾਕੇ ਦੀ ਠੰਢ ਨਾਲ ਹੋਵੇਗੀ। ਅੱਜ ਸਵੇਰੇ ਅਤੇ ਦੇਰ ਰਾਤ 'ਬਹੁਤ ਸੰਘਣੀ ਧੁੰਦ' ਪੈਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ 4°C ਤੱਕ ਡਿੱਗ ਸਕਦਾ ਹੈ, ਜਿਸ ਨਾਲ ਰਾਤਾਂ ਹੋਰ ਵੀ ਠੰਢੀਆਂ ਹੋਣਗੀਆਂ।
Publish Date: Thu, 01 Jan 2026 11:39 AM (IST)
Updated Date: Thu, 01 Jan 2026 01:31 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਉੱਤਰੀ ਭਾਰਤ ਸਮੇਤ ਪੂਰਾ ਪੰਜਾਬ ਇਸ ਵੇਲੇ ਭਿਆਨਕ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਲਪੇਟ ਵਿਚ ਹੈ। ਸਾਲ ਦੇ ਆਖ਼ਰੀ ਦਿਨ ਅੱਜ ਮੁਹਾਲੀ, ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸੂਰਜ ਦੇ ਦਰਸ਼ਨ ਨਹੀਂ ਹੋਏ, ਜਿਸ ਕਾਰਨ ਦਿਨ ਦੇ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 48 ਘੰਟਿਆਂ ਲਈ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਹੈ।
ਸਾਲ ਦੇ ਅਖ਼ੀਰੀ ਦਿਨ ਬੁੱਧਵਾਰ ਦਿਨ ਭਰ ਅਸਮਾਨ ਵਿਚ ਧੁੰਦ ਛਾਈ ਰਹੀ ਅਤੇ ਸੀਤ ਲਹਿਰ ਕਾਰਨ ਲੋਕ ਘਰਾਂ ਵਿਚ ਦੁਬਕਣ ਲਈ ਮਜ਼ਬੂਰ ਹੋ ਗਏ। ਅੱਜ ਦਾ ਘੱਟੋ-ਘੱਟ ਤਾਪਮਾਨ 5°C ਅਤੇ ਵੱਧ ਤੋਂ ਵੱਧ ਤਾਪਮਾਨ 13°C ਦਰਜ ਕੀਤਾ ਗਿਆ। ਸੰਘਣੀ ਧੁੰਦ ਕਾਰਨ ਸੜਕਾਂ 'ਤੇ ਵਿਜ਼ੀਬਿਲਟੀ (ਦ੍ਰਿਸ਼ਟਤਾ) 10 ਮੀਟਰ ਤੋਂ ਵੀ ਘੱਟ ਰਹੀ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਵੀ ਕੜਾਕੇ ਦੀ ਠੰਢ ਨਾਲ ਹੋਵੇਗੀ। ਅੱਜ ਸਵੇਰੇ ਅਤੇ ਦੇਰ ਰਾਤ 'ਬਹੁਤ ਸੰਘਣੀ ਧੁੰਦ' ਪੈਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ 4°C ਤੱਕ ਡਿੱਗ ਸਕਦਾ ਹੈ, ਜਿਸ ਨਾਲ ਰਾਤਾਂ ਹੋਰ ਵੀ ਠੰਢੀਆਂ ਹੋਣਗੀਆਂ। ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਅੱਜ ਸ਼ਾਮ ਤੱਕ ਕੁੱਝ ਇਲਾਕਿਆਂ ਵਿਚ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ, ਜੋ ਠੰਢ ਨੂੰ ਹੋਰ ਵਧਾਏਗੀ।
ਮੌਸਮ ਵਿਭਾਗ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਹੁਤ ਜ਼ਰੂਰੀ ਹੋਣ 'ਤੇ ਹੀ ਸੜਕਾਂ 'ਤੇ ਨਿਕਲਿਆ ਜਾਵੇ ਅਤੇ ਵਾਹਨਾਂ ਦੀਆਂ 'ਫੌਗ ਲਾਈਟਾਂ' ਦੀ ਵਰਤੋਂ ਕੀਤੀ ਜਾਵੇ। ਬੱਚਿਆਂ ਅਤੇ ਬਜ਼ੁਰਗਾਂ ਨੂੰ ਛਾਤੀ ਦੀ ਇਨਫੈਕਸ਼ਨ ਅਤੇ ਠੰਢ ਤੋਂ ਬਚਾਉਣ ਲਈ ਗਰਮ ਕੱਪੜਿਆਂ ਦੀ ਵਰਤੋਂ ਯਕੀਨੀ ਬਣਾਈ ਜਾਵੇ। ਨਵੇਂ ਸਾਲ ਦੇ ਜਸ਼ਨਾਂ ਦੌਰਾਨ ਖੁੱਲ੍ਹੇ ਅਸਮਾਨ ਹੇਠ ਜਾਣ ਤੋਂ ਪਰਹੇਜ਼ ਕੀਤਾ ਜਾਵੇ।