ਲੈਫਟੀਨੈਂਟ ਜਨਰਲ ਹੁੱਡਾ ਦੀ ਕਾਰ ਨਾਲ ਟੱਕਰ ਮਾਮਲੇ 'ਚ ਜ਼ਿੰਮੇਵਾਰ ਪੁਲਿਸ ਕਰਮਚਾਰੀ ਕੀਤੇ ਤਸਦੀਕ, ਨੋਟਿਸ ਜਾਰੀ
ਏਡੀਜੀਪੀ ਏਐੱਸ ਰਾਏ ਨੇ ‘ਐਕਸ’ ’ਤੇ ਇਕ ਪੋਸਟ ’ਚ ਦੱਸਿਆ ਕਿ ਟ੍ਰੈਫਿਕ ਅਨੁਸ਼ਾਸਨ ’ਚ ਲਾਪਰਵਾਹੀ ਵਰਤਣ ਲਈ ਸਬੰਧਤ ਪੁਲਿਸ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਵਿੱਖ ’ਚ ਅਜਿਹੀ ਘਟਨਾ ਨੂੰ ਰੋਕਣ ਲਈ ਕੱਲ੍ਹ ਹੀ ਸਾਰੇ ਐਸਕੋਰਟ ਅਤੇ ਪਾਇਲਟ ਡਰਾਈਵਰਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਜਾਰੀ ਕਰ ਦਿੱਤੀ ਗਈ ਹੈ।
Publish Date: Sun, 16 Nov 2025 10:40 AM (IST)
Updated Date: Sun, 16 Nov 2025 10:44 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ੀਰਕਪੁਰ ਫਲਾਈਓਵਰ ’ਤੇ ਇਕ ਪੁਲਿਸ ਐਸਕੋਰਟ ਵਾਹਨ ਵੱਲੋਂ ਲੈਫਟੀਨੈਂਟ ਜਨਰਲ ਡੀਐੱਸ ਹੂਡਾ (ਸੇਵਾਮੁਕਤ) ਦੀ ਕਾਰ ਨੂੰ ਟੱਕਰ ਮਾਰਨ ਅਤੇ ਇਤਰਾਜ਼ਯੋਗ ਵਤੀਰੇ ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਇਸ ਘਟਨਾ ’ਚ ਸ਼ਾਮਲ ਮੁਲਾਜ਼ਮਾਂ ਦੀ ਪਛਾਣ ਕਰ ਲਈ ਗਈ ਹੈ।
ਏਡੀਜੀਪੀ ਏਐੱਸ ਰਾਏ ਨੇ ‘ਐਕਸ’ ’ਤੇ ਇਕ ਪੋਸਟ ’ਚ ਦੱਸਿਆ ਕਿ ਟ੍ਰੈਫਿਕ ਅਨੁਸ਼ਾਸਨ ’ਚ ਲਾਪਰਵਾਹੀ ਵਰਤਣ ਲਈ ਸਬੰਧਤ ਪੁਲਿਸ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਵਿੱਖ ’ਚ ਅਜਿਹੀ ਘਟਨਾ ਨੂੰ ਰੋਕਣ ਲਈ ਕੱਲ੍ਹ ਹੀ ਸਾਰੇ ਐਸਕੋਰਟ ਅਤੇ ਪਾਇਲਟ ਡਰਾਈਵਰਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਜਾਰੀ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ, ਮੁਹਾਲੀ ਦੇ ਐੱਸਪੀ (ਟ੍ਰੈਫਿਕ) ਅਤੇ ਜ਼ੀਰਕਪੁਰ ਦੇ ਏਐੱਸਪੀ ਨੇ ਸੇਵਾਮੁਕਤ ਆਰਮੀ ਅਫ਼ਸਰ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਤੱਥਾਂ ਤੋਂ ਜਾਣੂ ਕਰਵਾਇਆ ਅਤੇ ਮਾਮਲੇ ਦੀ ਪੂਰੀ ਜਾਂਚ ਤੇ ਜ਼ਰੂਰੀ ਕਾਰਵਾਈ ਦਾ ਭਰੋਸਾ ਦਿੱਤਾ।
ਸੀਸੀਟੀਵੀ ਫੁਟੇਜ ਤੋਂ ਖ਼ੁਲਾਸਾ
ਪੁਲਿਸ ਅਧਿਕਾਰੀਆਂ ਨੇ ਘਟਨਾ ਦੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ, ‘ਜਾਂਚ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਭਾਰੀ ਟ੍ਰੈਫਿਕ ਕਾਰਨ, ਸੁਰੱਖਿਆ ਅਧੀਨ ਵਿਅਕਤੀ ਅਤੇ ਐਸਕੋਰਟ ਵਾਹਨ ਵਿਚਕਾਰ ਦੂਰੀ ਪੈਦਾ ਹੋ ਗਈ ਸੀ। ਜਦੋਂ ਐਸਕੋਰਟ ਵਾਹਨ ਤੇਜ਼ੀ ਨਾਲ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਕਾਰਨ ਲੈਫਟੀਨੈਂਟ ਜਨਰਲ ਹੂਡਾ ਦੇ ਵਾਹਨ ਨਾਲ ਮਾਮੂਲੀ ਟੱਕਰ ਹੋ ਗਈ।’
ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਇਕ ਵੀਆਈਪੀ ਐਸਕੋਰਟ ਵਾਹਨ ਨੇ ਫਲਾਈਓਵਰ ’ਤੇ ਲੈਫਟੀਨੈਂਟ ਜਨਰਲ ਹੂਡਾ ਦੀ ਕਾਰ ਨੂੰ ਟੱਕਰ ਮਾਰੀ ਸੀ ਅਤੇ ਤੇਜ਼ੀ ਨਾਲ ਨਿਕਲ ਗਿਆ ਸੀ। ਇਸ ਤੋਂ ਬਾਅਦ ਜਨਰਲ ਹੂਡਾ ਨੇ ‘ਐਕਸ’ ’ਤੇ ਘਟਨਾ ਦੇ ਵੇਰਵੇ ਸਾਂਝੇ ਕੀਤੇ ਸਨ।