ਪੰਜਾਬ 'ਚ ਲਿਵਰ ਦੀਆਂ ਬਿਮਾਰੀਆਂ ਦਾ ਵੱਡਾ ਖ਼ਤਰਾ: ਕੌਮੀ ਔਸਤ ਨਾਲੋਂ ਕਈ ਗੁਣਾ ਵੱਧ ਮਰੀਜ਼, ਸਿਹਤ ਮੰਤਰੀ ਨੇ ਪ੍ਰਗਟਾਈ ਚਿੰਤਾ
ਹੈਪੇਟਾਈਟਸ ਬੀ ਦੀ ਦਰ ਲਗਪਗ 1 ਤੋਂ 1.5 ਫੀਸਦ ਹੈ। ਦੇਸ਼ ਭਰ ਵਿਚ ਸਿਰੋਸਿਸ ਦੇ 40 ਫੀਸਦ ਤੋਂ ਵੱਧ ਮਾਮਲੇ ਸ਼ਰਾਬ ਨਾਲ ਸਬੰਧਤ ਲਿਵਰ ਦੀ ਬਿਮਾਰੀ ਕਾਰਨ ਹੁੰਦੇ ਹਨ ਅਤੇ ਪੰਜਾਬ ਵਿਚ ਸ਼ਰਾਬ ਦੀ ਜ਼ਿਆਦਾ ਖਪਤ ਇਸ ਜੋਖਮ ਨੂੰ ਹੋਰ ਵਧਾਉਂਦੀ ਹੈ।
Publish Date: Thu, 08 Jan 2026 10:11 AM (IST)
Updated Date: Thu, 08 Jan 2026 10:14 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲਿਵਰ ਦੀਆਂ ਬਿਮਾਰੀਆਂ ਤੋਂ ਪੀੜਤ ਸਭ ਤੋਂ ਵੱਧ ਪੰਜਾਬ ਵਿਚ ਹਨ। ਪੰਜਾਬ ਵਿਚ ਹੈਪੇਟਾਈਟਸ ਸੀ ਦੀ ਦਰ 0.56 ਫੀਸਦ ਤੋਂ ਲੈ ਕੇ 3.6 ਫੀਸਦ ਤੱਕ ਹੈ, ਜਦੋਂ ਕਿ ਕੌਮੀ ਔਸਤ ਲਗਪਗ 0.3 ਫੀਸਦ ਹੈ, ਜਿਸ ਦਾ ਅਰਥ ਹੈ ਕਿ ਅੰਦਾਜ਼ਨ 1.5 ਤੋਂ 10 ਲੱਖ ਵਿਅਕਤੀ ਇਸ ਤੋਂ ਪੀੜਤ ਹਨ। ਹੈਪੇਟਾਈਟਸ ਬੀ ਦੀ ਦਰ ਲਗਪਗ 1 ਤੋਂ 1.5 ਫੀਸਦ ਹੈ। ਦੇਸ਼ ਭਰ ਵਿਚ ਸਿਰੋਸਿਸ ਦੇ 40 ਫੀਸਦ ਤੋਂ ਵੱਧ ਮਾਮਲੇ ਸ਼ਰਾਬ ਨਾਲ ਸਬੰਧਤ ਲਿਵਰ ਦੀ ਬਿਮਾਰੀ ਕਾਰਨ ਹੁੰਦੇ ਹਨ ਅਤੇ ਪੰਜਾਬ ਵਿਚ ਸ਼ਰਾਬ ਦੀ ਜ਼ਿਆਦਾ ਖਪਤ ਇਸ ਜੋਖਮ ਨੂੰ ਹੋਰ ਵਧਾਉਂਦੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਇਲਾਜ ਲਈ ਸੂਬੇ ਤੋਂ ਬਾਹਰ ਜਾਣ ਲਈ ਮਜਬੂਰ ਹੋਣਾ ਪਿਆ, ਪਰਿਵਾਰ ਕਰਜ਼ੇ ਥੱਲੇ ਦੱਬ ਗਏ ਅਤੇ ਸਰਕਾਰੀ ਹਸਪਤਾਲ ਢਾਂਚਾਗਤ ਤੌਰ ’ਤੇ ਅਸਮਰੱਥ ਰਹੇ। ਉਨ੍ਹਾਂ ਕਿਹਾ ਕਿ ਪੀਆਈਐੱਲਬੀਐੱਸ ਵਿਖੇ ਸਫ਼ਲ ਲਿਵਰ ਟਰਾਂਸਪਲਾਂਟ ਇਤਿਹਾਸਕ ਕਦਮ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਉੱਨਤ ਲਿਵਰ ਦੇਖਭਾਲ ਲਈ ਸੂਬੇ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਦੇ ਲਿਵਰ ਟਰਾਂਸਪਲਾਂਟ ਮਰੀਜ਼ਾਂ ਕੋਲ ਦੂਰ-ਦੁਰਾਡੇ ਮਹਾਨਗਰਾਂ ਵਿਚ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਸੀ, ਪਰ ਹੁਣ ਪੀਆਈਐੱਲਬੀਐੱਸ ਵਿਖੇ ਲਿਵਰ ਟਰਾਂਸਪਲਾਂਟ ਨੂੰ ਸਮਰੱਥ ਬਣਾ ਕੇ, ਪੰਜਾਬ ਸਰਕਾਰ ਨੇ ਲਿਵਰ ਦੇਖਭਾਲ ਸਬੰਧੀ ਲੰਬੇ ਸਮੇਂ ਤੋਂ ਚੱਲ ਰਹੇ ਪਹੁੰਚ ਦੇ ਪਾੜੇ ਨੂੰ ਪੂਰਿਆ ਹੈ ਅਤੇ ਉਨ੍ਹਾਂ ਮਰੀਜ਼ਾਂ ਲਈ ਉਮੀਦ ਦੀ ਕਿਰਨ ਪੈਦਾ ਕੀਤੀ ਜੋ ਇਲਾਜ ਦਾ ਖਰਚ ਨਾਲ ਹੋਣ ਕਾਰਨ ਜਿਉਣ ਦੀ ਉਮੀਦ ਛੱਡ ਚੁੱਕੇ ਸਨ।