ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੀ ਮਾਂ ਨੂੰ ਦਿੱਲੀ ਏਅਰਪੋਰਟ 'ਤੇ ਰੋਕਿਆ, ਧੀ ਨੂੰ ਮਿਲਣ ਜਾ ਰਹੇ ਸੀ ਕੈਨੇਡਾ
ਬਲਵਿੰਦਰ ਕੌਰ ਦੀ ਦੁਪਹਿਰ ਬਾਅਦ ਤਿੰਨ ਵਜੇ ਫਲਾਈਟ ਸੀ। ਜਾਣਕਾਰੀ ਮੁਤਾਬਕ ਉਹ ਆਪਣੀ ਧੀ ਨੂੰ ਕੈਨੇਡਾ ਮਿਲਣ ਜਾ ਰਹੇ ਸਨ। ਕਾਰਵਾਈ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਹੈ।
Publish Date: Fri, 21 Nov 2025 02:59 PM (IST)
Updated Date: Fri, 21 Nov 2025 04:32 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : Big Breaking : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੀ ਮਾਂ ਬਲਵਿੰਦਰ ਕੌਰ (Balwinder Kaur) ਨੂੰ ਦਿੱਲੀ ਏਅਰਪੋਰਟ (Delhi Airport) 'ਤੇ ਰੋਕ ਲਿਆ ਗਿਆ। ਉਹ ਸ਼ੁੱਕਰਵਾਰ ਸ਼ਾਮ ਸਾਢੇ ਤਿੰਨ ਵਜੇ ਦਿੱਲੀ ਤੋਂ ਕੈਨੇਡਾ ਜਾਣ ਵਾਲੀ ਸਨ। ਉਨ੍ਹਾਂ ਦੀ ਬੇਟੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਤੇ ਉਹ ਉਸ ਨੂੰ ਦੇਖਣ ਜਾ ਰਹੇ ਸਨ।
ਪਤਾ ਚੱਲਿਆ ਹੈ ਕਿ ਅੰਮ੍ਰਿਤਸਰ ਦੇਹਾਤ ਪੁਲਿਸ ਨੇ ਬਲਵਿੰਦਰ ਕੌਰ ਖ਼ਿਲਾਫ਼ ਐਲਓਸੀ ਜਾਰੀ ਕਰਵਾਇਆ ਹੋਇਆ ਸੀ। ਉਹ ਸ਼ੁੱਕਰਵਾਰ ਦੁਪਹਿਰ 12 ਵਜੇ ਦਿੱਲੀ ਏਅਰਪੋਰਟ ਪਹੁੰਚੇ ਸਨ, ਜਦੋਂਕਿ ਉਨ੍ਹਾਂ ਦੇ ਪਤੀ ਤਰਸੇਮ ਸਿੰਘ ਆਪਣੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਮਿਲਣ ਟ੍ਰੇਨ ਰਾਹੀਂ ਜਾ ਰਹੇ ਸਨ।
ਜਾਣਕਾਰੀ ਅਨੁਸਾਰ, ਅੰਮ੍ਰਿਤਪਾਲ ਸਿੰਘ ਦੀ ਭੈਣ ਪਿਛਲੇ ਕਈ ਸਾਲਾਂ ਤੋਂ ਕੈਨੇਡਾ 'ਚ ਰਹਿੰਦੀ ਹੈ ਤੇ ਕੁਝ ਦਿਨ ਪਹਿਲਾਂ ਉਸਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਦੌਰਾਨ, ਬਲਵਿੰਦਰ ਕੌਰ ਆਪਣੀ ਧੀ ਨੂੰ ਮਿਲਣ ਕੈਨੇਡਾ ਜਾਣ ਵਾਲੇ ਸਨ। ਉਨ੍ਹਾਂ ਕੋਲ ਪਿਛਲੇ ਦਸ ਸਾਲਾਂ ਤੋਂ ਵੀਜ਼ਾ ਹੈ ਜਿਸ ਕਰਕੇ ਉਹ ਸ਼ੁੱਕਰਵਾਰ ਨੂੰ ਦਿੱਲੀ ਏਅਰਪੋਰਟ 'ਤੇ ਪਹੁੰਚ ਗਏ ਪਰ, ਚੈਕਿੰਗ ਦੌਰਾਨ ਏਅਰਪੋਰਟ ਅਥਾਰਟੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਐਲਓਸੀ ਜਾਰੀ ਹੈ, ਇਸ ਲਈ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦਾ ਕੇਸ ਦਰਜ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਰੋਕਣਾ ਗਲਤ ਹੈ।
ਇਸ ਤੋਂ ਪਹਿਲਾਂ, ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੇ ਪਿਤਾ ਤਰਸੇਮ ਸਿੰਘ ਨੂੰ ਵੀ ਏਅਰਪੋਰਟ 'ਤੇ ਰੋਕਿਆ ਜਾ ਚੁੱਕਾ ਹੈ। ਯਾਦ ਰਹੇ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ ਤੇ ਉਸ ਉੱਪਰ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਦੇਸ਼ ਖ਼ਿਲਾਫ਼ ਸਾਜ਼ਿਸ਼ ਕਰਨ ਦੇ ਦੋਸ਼ ਹਨ। ਜੇਲ੍ਹ 'ਚ ਰਹਿੰਦੇ ਹੋਏ ਉਸਨੇ ਚੋਣ ਲੜੀ ਤੇ ਸੰਸਦ ਮੈਂਬਰ ਬਣਿਆ।