Punjab Breaking : ਪਿਛਲੇ ਕਈ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਮਾਮਲਾ ਭਖਿਆ ਹੋਇਆ ਹੈ। ਡਾਕਟਰ ਸੁੱਖੀ ਦੇ ਅਸਤੀਫੇ ਨੂੰ ਆਮ ਆਦਮੀ ਪਾਰਟੀ ਲਈ ਇਕ ਵੱਡੇ ਝਟਕੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ।

ਜੈ ਸਿੰਘ ਛਿੱਬਰ/ਪ੍ਰਦੀਪ ਭਨੋਟ, ਚੰਡੀਗੜ੍ਹ/ਨਵਾਂਸ਼ਹਿਰ : Big Breaking : ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਆਮ ਆਦਮੀ ਪਾਰਟੀ ਵੱਲੋਂ ਮਿਲੇ ਕੈਬਨਿਟ ਰੈਂਕ ਤੇ ਕਨਵੇਅਰ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਇਹ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਰਾਜਾ ਸਾਹਿਬ ਦੇ ਦਰਬਾਰ 'ਚ ਮੌਜੂਦ 169 ਸਰੂਪਾਂ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਤੋਂ ਬਾਅਦ ਆਇਆ ਹੈ। ਸੁੱਖੀ ਨੇ ਕਹਾ ਕਿ ਉਨ੍ਹਾਂ ਲਈ ਇਨ੍ਹਾਂ ਅਹੁਦਿਆਂ ਤੋਂ ਉੱਪਰ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਧਾਰਮਿਕ ਤੇ ਪਵਿੱਤਰ ਸਥਾਨ ਹੈ। ਉਹ ਬਚਪਨ ਤੋਂ ਹੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ਪਾਵਨ ਅਸਥਾਨ 'ਤੇ ਆ ਰਹੇ ਹਨ। ਉਨ੍ਹਾਂ ਆਪਣੇ ਪੁਰਖਿਆਂ ਤੋਂ ਇਸ ਸਥਾਨ ਦੀ ਮਰਿਆਦਾ ਬਾਰੇ ਹੀ ਸੁਣਿਆ ਹੈ। ਜਿੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ, ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਇੱਥੇ ਜੋ ਮਾਣ-ਸਤਿਕਾਰ ਮਿਲਦਾ ਹੈ, ਅਜਿਹਾ ਉਨ੍ਹਾਂ ਨੇ ਹੋਰ ਕਿਤੇ ਨਹੀਂ ਦੇਖਿਆ। ਜਿਸ ਮਾਣ-ਸਨਮਾਨ ਨਾਲ ਲੋਕ ਇੱਥੇ ਰਾਜਾ ਸਾਹਿਬ ਦੇ ਅੱਗੇ ਨਤਮਸਤਕ ਹੁੰਦੇ ਹਨ, ਉਸੇ ਤਰ੍ਹਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਵੀ ਮੰਨਦੇ ਹਨ। ਉਹ ਇਸ ਹਲਕੇ ਦੇ ਨੁਮਾਇੰਦੇ ਹਨ ਤੇ ਇਸ ਘਰ ਦੇ ਸੇਵਕ ਹਨ। ਇਸ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ 'ਚ ਕੋਈ ਕਮੀ ਨਹੀਂ ਆ ਸਕਦੀ। ਡਾਕਟਰ ਸੁੱਖੀ ਦੇ ਅਸਤੀਫੇ ਨੂੰ ਆਮ ਆਦਮੀ ਪਾਰਟੀ ਲਈ ਇਕ ਵੱਡੇ ਝਟਕੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ।
ਡਾ. ਸੁੱਖੀ ਨੇ 14 ਅਗਸਤ 2024 ਨੂੰ ਆਮ ਆਦਮੀ ਪਾਰਟੀ (ਆਪ) ਜੁਆਇਨ ਕਰ ਲਈ ਸੀ। ਬਾਅਦ 'ਚ 'ਆਪ' ਨੇ ਉਨ੍ਹਾਂ ਨੂੰ ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ ਸੀ ਤੇ ਉਨ੍ਹਾਂ ਨੂੰ ਕੈਬਨਿਟ ਰੈਂਕ ਵੀ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦੇ ਵਿਧਾਇਕ ਹੁੰਦੇ ਹੋਏ 'ਆਪ' 'ਚ ਜਾਣ ਕਾਰਨ ਉਨ੍ਹਾਂ ਦੀ ਮੈਂਬਰੀ ਰੱਦ ਕਰਨ ਦਾ ਮਾਮਲਾ ਹਾਈਕੋਰਟ ਤਕ ਪਹੁੰਚ ਗਿਆ ਸੀ, ਕਿਉਂਕਿ ਨਿਯਮਾਂ ਅਨੁਸਾਰ ਡਾ. ਸੁੱਖੀ 'ਤੇ ਦਲ-ਬਦਲੀ ਕਾਨੂੰਨ ਲਾਗੂ ਹੁੰਦਾ ਸੀ।
ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਿਧਾਇਕ ਸਨ। ਹਾਲਾਂਕਿ, 'ਆਪ' 'ਚ ਜਾਣ ਦੇ ਬਾਵਜੂਦ ਡਾ. ਸੁੱਖੀ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਸੀ। 30 ਦਸੰਬਰ 2025 ਨੂੰ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਡਾ. ਸੁੱਖੀ ਦੇ ਕਿਸ ਪਾਰਟੀ ਵਿੱਚ ਹੋਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ 'ਚ ਮਾਘੀ ਮੇਲੇ ਦੌਰਾਨ ਹੋਈ ਸਿਆਸੀ ਕਾਨਫਰੰਸ 'ਚ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ 328 ਸਰੂਪਾਂ 'ਚੋਂ 169 ਦਾ ਪਤਾ ਲੱਗ ਗਿਆ ਹੈ। ਇਹ ਨਵਾਂਸ਼ਹਿਰ ਦੇ ਬੰਗਾ ਦੇ ਇਕ ਡੇਰੇ 'ਚ ਮੌਜੂਦ ਹਨ। ਇਨ੍ਹਾਂ ਵਿਚੋਂ 139 ਪਾਵਨ ਸਰੂਪਾਂ ਦਾ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ। ਸਿਰਫ਼ 30 ਸਰੂਪਾਂ ਦਾ ਹੀ ਰਿਕਾਰਡ ਉਪਲਬਧ ਹੈ।
ਡਾ. ਸੁਖਵਿੰਦਰ ਸੁੱਖੀ ਦਾ 'ਮਾਸਟਰ ਮੂਵ'
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹੁੰਦੇ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਕਾਰਨ ਡਾ. ਸੁੱਖੀ ਦੀ ਵਿਧਾਨ ਸਭਾ ਮੈਂਬਰੀ 'ਤੇ ਸਵਾਲ ਖੜ੍ਹੇ ਹੋ ਰਹੇ ਸਨ। ਹਾਈਕੋਰਟ ਨੇ ਵੀ ਵਿਧਾਨ ਸਭਾ ਸਪੀਕਰ ਨੂੰ ਉਨ੍ਹਾਂ ਦੀ ਮੈਂਬਰੀ ਬਾਰੇ ਜਲਦ ਫੈਸਲਾ ਲੈਣ ਲਈ ਕਿਹਾ ਸੀ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਿਲਣ ਬਾਰੇ ਗੱਲ ਕਹੀ ਗਈ, ਜਿਸ ਕਾਰਨ ਬੰਗਾ ਖੇਤਰ 'ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਸੀ। ਡਾ. ਸੁੱਖੀ ਇਸ ਹਲਕੇ ਤੋਂ ਵਿਧਾਇਕ ਹਨ। ਯਕੀਨੀ ਤੌਰ 'ਤੇ ਸਰਕਾਰ 'ਚ ਚੇਅਰਮੈਨ ਹੋਣ ਕਾਰਨ ਉਨ੍ਹਾਂ ਖਿਲਾਫ਼ ਵੀ ਸਥਿਤੀ ਬਣ ਗਈ ਸੀ। ਇਸ ਸਭ ਨੂੰ ਦੇਖਦੇ ਹੋਏ ਉਨ੍ਹਾਂ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਕਿਉਂਕਿ ਅਜਿਹਾ ਕਰਨ ਨਾਲ ਉਹ ਵਿਧਾਨ ਸਭਾ 'ਚ ਆਪਣੇ ਵਿਧਾਇਕ ਦੇ ਅਹੁਦੇ ਦੀ ਮੈਂਬਰੀ ਬਚਾਅ ਸਕਦੇ ਹਨ। ਹਾਲਾਂਕਿ, ਫਿਰ ਵੀ ਅੰਤਿਮ ਫੈਸਲਾ ਸਪੀਕਰ ਦੇ ਹੱਥਾਂ ਵਿੱਚ ਹੀ ਹੋਵੇਗਾ।