ਸਮਾਗਮ ਵਿਚ ਕੇਂਦਰੀ ਮੰਤਰੀ ਮੇਘਵਾਲ ਮੁੱਖ ਮਹਿਮਾਨ ਸਨ। ਫਿਰੋਜ਼ਪੁਰ ਵਿਚ ਭਾਜਪਾ ਆਗੂ ਗੁਰਮੀਤ ਸਿੰਘ ਸੋਢੀ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਨੂੰ ਲੈ ਕੇ ਭਾਜਪਾ ਦੀ ਸੂਬਾਈ ਲੀਡਰਸ਼ਿਪ ਨੇ ਕੇਂਦਰੀ ਲੀਡਰਸ਼ਿਪ ਕੋਲ ਇਹ ਮੁੱਦਾ ਚੁੱਕਿਆ ਤੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਾਜਸਥਾਨ ਨੂੰ ਪਾਣੀ ਦੇਣ ਦਾ ਮੁੱਦਾ ਪੰਜਾਬ ਵਿਚ ਬਰਕਰਾਰ ਹੈ। ਅਜਿਹੇ ਵਿਚ ਨਹਿਰ ਦਾ ਸ਼ਤਾਬਦੀ ਸਮਾਗਮ ਮਨਾਉਣ ਨੂੰ ਅਸੀਂ ਕਿਵੇਂ ਜਾਇਜ਼ ਠਹਿਰਾਈਏ।

ਇੰਦਰਪ੍ਰੀਤ ਸਿੰਘ, ਜਾਗਰਣ, ਚੰਡੀਗੜ੍ਹ : ਫਿਰੋਜ਼ਪੁਰ ਵਿਚ ਪੰਜ ਦਸੰਬਰ ਨੂੰ ਮਨਾਏ ਜਾ ਰਹੇ ਗੰਗ ਨਹਿਰ ਦੇ ਸ਼ਤਾਬਦੀ ਸਮਾਮਗ ਨੂੰ ਲੈ ਕੇ ਵਿਵਾਦ ਡੂੰਘਾ ਹੋ ਰਿਹਾ ਹੈ। ਹੁਸੈਨੀਵਾਲਾ ਵਿਚ ਹੋ ਰਹੇ ਇਸ ਸਮਾਮਗ ਵਿਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸ਼ਾਮਲ ਹੋਣਾ ਸੀ ਪਰ ਭਾਜਪੀ ਦਾ ਸੂਬਾਈ ਲੀਡਰਸ਼ਿਪ ਤੇ ਕਾਂਗਰਸ ਦੇ ਜ਼ੋਰਦਾਰ ਵਿਰੋਧ ਕਾਰਨ ਉਹ ਆਪਣਾ ਦੌਰਾ ਰੱਦ ਕਰ ਕੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਪਰਤ ਗਏ।
ਸਮਾਗਮ ਵਿਚ ਕੇਂਦਰੀ ਮੰਤਰੀ ਮੇਘਵਾਲ ਮੁੱਖ ਮਹਿਮਾਨ ਸਨ। ਫਿਰੋਜ਼ਪੁਰ ਵਿਚ ਭਾਜਪਾ ਆਗੂ ਗੁਰਮੀਤ ਸਿੰਘ ਸੋਢੀ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਨੂੰ ਲੈ ਕੇ ਭਾਜਪਾ ਦੀ ਸੂਬਾਈ ਲੀਡਰਸ਼ਿਪ ਨੇ ਕੇਂਦਰੀ ਲੀਡਰਸ਼ਿਪ ਕੋਲ ਇਹ ਮੁੱਦਾ ਚੁੱਕਿਆ ਤੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਾਜਸਥਾਨ ਨੂੰ ਪਾਣੀ ਦੇਣ ਦਾ ਮੁੱਦਾ ਪੰਜਾਬ ਵਿਚ ਬਰਕਰਾਰ ਹੈ। ਅਜਿਹੇ ਵਿਚ ਨਹਿਰ ਦਾ ਸ਼ਤਾਬਦੀ ਸਮਾਗਮ ਮਨਾਉਣ ਨੂੰ ਅਸੀਂ ਕਿਵੇਂ ਜਾਇਜ਼ ਠਹਿਰਾਈਏ। ਜੇ ਇਹ ਸਮਾਗਮ ਕਰਨਾ ਹੈ ਤਾਂ ਸ੍ਰੀ ਗੰਗਾਨਗਰ ਵਿਚ ਕੀਤਾ ਜਾਵੇ ਤਾਂ ਜੋ ਪੰਜਾਬ ਭਾਜਪਾ ਨੂੰ ਇੱਥੋਂ ਦੇ ਲੋਕਾਂ ਨੂੰ ਜਵਾਬ ਨਾ ਦੇਣਾ ਪਵੇ। ਪਤਾ ਚੱਲਿਆ ਹੈ ਕਿ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਲਈ ਵੀਰਵਾਰ ਸ਼ਾਮ ਨੂੰ ਹੀ ਮੇਘਵਾਲ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇ ਸਨ ਪਰ ਜਿਵੇਂ ਹੀ ਉਨ੍ਹਾਂ ਨੂੰ ਵਿਵਾਦ ਬਾਰੇ ਪਤਾ ਲੱਗਾ ਤਾਂ ਉਹ ਉਥੋਂ ਹੀ ਦਿੱਲੀ ਪਰਤ ਗਏ। ਭਾਜਪਾ ਆਗੂਆਂ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰੀ ਲੀਡਰਸ਼ਿਪ ਨੇ ਵੀ ਗੁਰਮੀਤ ਸਿੰਘ ਸੋਢੀ ਦੀ ਖਿਚਾਈ ਕੀਤੀ ਹੈ।
ਕਾਬਿਲੇ ਗ਼ੌਰ ਹੈ ਕਿ ਭਾਜਪਾ ਪਹਿਲਾਂ ਹੀ ਪੰਜਾਬ ਦੇ ਰਾਜਪਾਲ ਦੀ ਥਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕਾਰਜਭਾਰ ਚੀਫ ਕਮਿਸ਼ਨਰ ਨੂੰ ਦੇਣ, ਐੱਫਸੀਆਈ ਦਾ ਜਨਰਲ ਮੈਨੇਜਰ ਪੰਜਾਬ ਦੀ ਥਾਂ ਯੂਟੀ ਕੇਡਰ ਦਾ ਅਫਸਰ ਲਾਉਣ, ਬੀਬੀਐੱਮਬੀ ਤੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਮਾਮਲਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉੱਤੇ ਹੈ। ਹੁਣ ਗੰਗ ਕਨਾਲ ਦਾ ਸ਼ਤਾਬਦੀ ਸਮਾਗਮ ਫਿਰੋਜ਼ਪੁਰ ਵਿਚ ਮਨਾਉਣ ਦਾ ਮਾਮਲਾ ਸਾਹਮਣੇ ਆਉਂਦੇ ਹੀ ਵਿਰੋਧੀ ਸ਼ੁਰੂ ਹੋ ਗਿਆ ਹੈ।
ਦਰਅਸਲ, ਗੰਗ ਕਨਾਲ ਤੇ ਰਾਜਸਥਾਨ ਫੀਡਰ ਜ਼ਰੀਏ ਰਾਜਸਥਾਨ ਨੂੰ ਜਾ ਰਹੇ ਪੰਜਾਬ ਦੀਆਂ ਨਦੀਆਂ ਦੇ ਪਾਣੀ ਨੂੰ ਲੈ ਕੇ ਸੂਬੇ ਵਿਚ ਪਹਿਲਾਂ ਤੋਂ ਹੀ ਮਾਹੌਲ ਤਣਾਅ ਵਿਚ ਰਹਿੰਦਾ ਹੈ।
------
ਪੁਰਾਣੇ ਜ਼ਖ਼ਮ ਕੁਰੇਦ ਰਹੀ ਹੈ ਭਾਜਪਾ : ਬਾਜਵਾ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਧਰਤੀ ’ਤੇ ਗੰਗ ਨਹਿਰ ਦੀ ਸ਼ਤਾਬਦੀ ਮਨਾਉਣ ਦੇ ‘ਸਿਆਸੀ ਤੌਰ ’ਤੇ ਭੜਕਾਉਣ ਵਾਲੇ’ ਫੈਸਲੇ ਲਈ ਭਾਜਪਾ ਦੀ ਨਿਖੇਧੀ ਕੀਤੀ ਹੈ। ਬਾਜਵਾ ਨੇ ਯਾਦ ਕਰਵਾਇਆ ਕਿ ਗੰਗ ਨਹਿਰ 1922 ਵਿਚ ਅੰਗਰੇਜ਼ਾਂ ਨੇ ਮੁੱਖ ਤੌਰ ’ਤੇ ਬੀਕਾਨੇਰ ਦੇ ਮਹਾਰਾਜਾ ਨੂੰ ਖ਼ੁਸ਼ ਕਰਨ ਲਈ ਬਣਵਾਈ ਸੀ, ਜਿਸ ਦੀ ਬ੍ਰਿਟਿਸ਼ ਕ੍ਰਾਊਨ ਪ੍ਰਤੀ ਵਫ਼ਾਦਾਰੀ ਦਾ ਇਨਾਮ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਉਦਾਰਤਾ ਨਾਲ ਬਟਵਾਰਾ ਕੀਤਾ ਸੀ। ਪੰਜਾਬੀਆਂ ਦੇ ਦਹਾਕਿਆਂ ਪੁਰਾਣੇ ਜ਼ਖਮ ਕੁਰੇਦੇ ਜਾ ਰਹੇ ਹਨ।