ਭਾਜਪਾ ਆਗੂ ਗੇਜਾ ਰਾਮ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕੇਂਦਰੀ ਯੋਜਨਾਵਾਂ ਤਹਿਤ ਮਿਲਿਆ ਪੈਸਾ ਵਾਪਸ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਦੋ ਹਜ਼ਾਰ ਰੁਪਏ ਦਿੰਦੇ ਹਨ ਜੇਕਰ ਇਹ ਉਨ੍ਹਾਂ ਨੂੰ ਪਸੰਦ ਨਹੀਂ ਤਾਂ ਉਹ ਪੈਸੇ ਵਾਪਸ ਕਰ ਦੇਣ।

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਦੀ ਸਿਆਸਤ ’ਚ ਜ਼ੁਬਾਨੀ ਜੰਗ ਤੇਜ ਹੁੰਦੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੇਜਾ ਰਾਮ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਨਜੀਤ ਸਿੰਘ ਆਪਣੇ ਬਿਆਨਾਂ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਹਨ। ਭਾਜਪਾ ਆਗੂ ਗੇਜਾ ਰਾਮ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕੇਂਦਰੀ ਯੋਜਨਾਵਾਂ ਤਹਿਤ ਮਿਲਿਆ ਪੈਸਾ ਵਾਪਸ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਦੋ ਹਜ਼ਾਰ ਰੁਪਏ ਦਿੰਦੇ ਹਨ ਜੇਕਰ ਇਹ ਉਨ੍ਹਾਂ ਨੂੰ ਪਸੰਦ ਨਹੀਂ ਤਾਂ ਉਹ ਪੈਸੇ ਵਾਪਸ ਕਰ ਦੇਣ।
ਗੇਜਾ ਰਾਮ ਦੇ ਇਸ ਬਿਆਨ ਦੀ ਆਮ ਆਦਮੀ ਪਾਰਟੀ ਨੇ ਨਿੰਦਾ ਕੀਤੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਸਿਰਫ ਆਪਣਾ ਹਿੱਸਾ ਮੰਗਦਾ ਹੈ, ਜਿੰਨਾਂ ਲੈਂਦਾ ਹੈ ਉਸ ਤੋਂ ਕਿਤੇ ਜ਼ਿਆਦਾ ਦੇਸ਼ ਨੂੰ ਦਿੰਦਾ ਹੈ। ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਤੋਂ ਮਿਲਣ ਵਾਲਾ ਫੰਡ ਮੋਦੀ ਦੀ ਨਿੱਜੀ ਕਮਾਈ ਜਾਂ ਭਾਜਪਾ ਦੇ ਦਫ਼ਤਰ ਦਾ ਪੈਸਾ ਨਹੀਂ ਹੈ। ਉਨ੍ਹਾਂ ਭਾਜਪਾ ਦੇ ਬਿਆਨਾਂ ਨੂੰ ਅਪਮਾਨਜਨਕ, ਬੱਚਕਾਨਾ, ਸ਼ਰਮਨਾਕ ਤੇ ਭਾਜਪਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਦੱਸਿਆ। ਗੇਜਾ ਰਾਮ ਦੀ ਟਿੱਪਣੀ ਪੰਜਾਬ ਤੇ ਇੱਥੇ ਦੇ ਲੋਕਾਂ ਪ੍ਰਤੀ ਭਾਜਪਾ ਦੇ ਪੁਰਾਣੇ ਵਿਚਾਰਾਂ ਨੂੰ ਸਾਹਮਣੇ ਲਿਆਉਂਦੀ ਹੈ।
ਧਾਲੀਵਾਲ ਨੇ ਇਸ ਨੂੰ ਬਹੁਤ ਹੀ ਹੇਠਲੇ ਪੱਧਰ ਦਾ ਤੇ ਅਗਿਆਨਤਾ ਨਾਲ ਭਰਪੂਰ ਬਿਆਨ ਕਿਹਾ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਮਿਲਣ ਵਾਲਾ ਫੰਡ ਭਾਜਪਾ ਜਾਂ ਪ੍ਰਧਾਨ ਮੰਤਰੀ ਦਾ ਕੋਈ ਅਹਿਸਾਨ ਨਹੀਂ ਹੈ। ਪੰਜਾਬ ਜੀਐੱਸਟੀ, ਟੈਕਸ ਤੇ ਆਪਣੇ ਕਿਸਾਨਾਂ ਤੇ ਉਦਯੋਗਾਂ ਦੀ ਮਿਹਨਤ ਰਾਹੀਂ ਦੇਸ਼ ਦੇ ਖਜ਼ਾਨੇ ’ਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਇਸ ਲਈ ਪੰਜਾਬ ਨੂੰ ਜੋ ਵੀ ਵਿੱਤੀ ਸਹਾਇਤਾ ਮਿਲਦੀ ਹੈ, ਉਹ ਸਾਡਾ ਸੰਵਿਧਾਨਕ ਅਧਿਕਾਰ ਹੈ। ਇਹ ਨਾ ਤਾਂ ਮੋਦੀ ਦਾ ਨਿੱਜੀ ਪੈਸਾ ਹੈ ਤੇ ਨਾ ਹੀ ਭਾਜਪਾ ਦੇ ਦਫ਼ਤਰ ਤੋਂ ਆਉਂਦਾ ਹੈ।
ਪੰਜਾਬ ਅਜੇ ਵੀ ਆਪਣੇ ਬਕਾਇਆ ਫੰਡ ਦੀ ਉਡੀਕ ਕਰ ਰਿਹਾ ਹੈ, ਜਿਸ ’ਚ ਕੇਂਦਰ ਵੱਲੋਂ ਰੋਕਿਆ ਗਿਆ 800 ਕਰੋੜ ਰੁਪਏ ਦਾ ਆਰਡੀਐੱਫ ਫੰਡ ਵੀ ਸ਼ਾਮਲ ਹੈ। ਉਨ੍ਹਾਂ ਸਵਾਲ ਉਠਾਇਆ ਕਿ ਭਾਜਪਾ ਵੱਲੋਂ 1600 ਕਰੋੜ ਰੁਪਏ ਦੇ ਐਲਾਨ ਦੇ ਬਾਵਜੂਦ ਹਾਲ ਹੀ ’ਚ ਆਏ ਹੜ੍ਹ ਦੇ ਨੁਕਸਾਨ ਲਈ ਪੰਜਾਬ ਨੂੰ ਯੋਗ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ? ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਾਡੇ ਪਾਣੀ ਨੂੰ ਖੋਹਨ ਤੇ ਸਾਡੀਆਂ ਸੰਸਥਾਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹੁਣ ਉਨ੍ਹਾਂ ਦੇ ਆਗੂ ਅਜਿਹੀਆਂ ਗ਼ੈਰ-ਜ਼ਿੰਮੇਵਾਰ ਗੱਲਾਂ ਕਰ ਕੇ ਪੰਜਾਬੀਆਂ ਦਾ ਅਪਮਾਨ ਕਰ ਰਹੇ ਹਨ।
ਦੂਜੇ ਪਾਸੇ, ਚਮਕੌਰ ਸਾਹਿਬ ਤੋਂ ‘ਆਪ’ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਵੀ ਇਕ ਵਾਰ ਫਿਰ ਆਪਣੇ ਬਿਆਨ ’ਚ ਫਸ ਗਏ ਹਨ। ਇਕ ਧਰਨੇ ਦੌਰਾਨ ਜਦੋਂ ਲੋਕ ਉਨ੍ਹਾਂ ਤੋਂ ਸਵਾਲ ਪੁੱਛ ਰਹੇ ਸਨ ਤਾਂ ਉਨ੍ਹਾਂ ਕਿਹਾ ਕਿ ਮੈਂ ਪੜ੍ਹਿਆ-ਲਿਖਿਆ ਐੱਮਐੱਸ ਡਾਕਟਰ ਹਾਂ। ਮੈਂ ਐਂਥੋਮੋਲੋਜਿਸਟ ਹਾਂ। ਸਾਫ਼ ਗੱਲ ਕਰੋ ਤੇ ਪੜ੍ਹੇ-ਲਿਖੇ ਲੋਕਾਂ ਦੀ ਤਰ੍ਹਾਂ ਗੱਲ ਕਰੋ। ਡਾ. ਚਰਨਜੀਤ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਕਿ ਕੀ ਹੁਣ ਤੁਹਾਡੇ ਵਿਧਾਇਕਾਂ ਤੋਂ ਸਵਾਲ ਪੁੱਛਣ ਲਈ ਕੋਈ ਖਾਸ ਡਿਗਰੀ ਦੀ ਲੋੜ ਹੈ? ਕੀ ਪੰਜਾਬ ਦੇ ਲੋਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਸਵਾਲ ਨਹੀਂ ਪੁੱਛ ਸਕਦੇ? ਲੋਕਤੰਤਰ ’ਚ ਸਵਾਲ ਪੁੱਛਣਾ ਹਰ ਨਾਗਰਿਕ ਦਾ ਹੱਕ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਈਆਂ ਨੇ ਵਿਧਾਇਕ ਚਰਨਜੀਤ ਤੋਂ ਪੁੱਛਿਆ ਕਿ ਜਦੋਂ ਤੁਸੀਂ ਵੋਟ ਮੰਗ ਰਹੇ ਸਨ ਤਾਂ ਇਹ ਨਹੀਂ ਕਿਹਾ ਕਿ ਜੋ ਲੋਕ ਪੜ੍ਹੇ-ਲਿਖੇ ਨਹੀਂ ਹਨ, ਉਹ ਮੈਨੂੰ ਵੋਟ ਨਾ ਦੇਣ।