Chandigarh Police ਨੇ ਭਰੋਸਾ ਦਿੱਤਾ ਹੈ ਕਿ ਘਟਨਾ ਨਾਲ ਜੁੜੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਾਲੋਨੀ 'ਚ ਲਗਾਤਾਰ ਦੋ ਦਿਨਾਂ 'ਚ ਹੋਈਆਂ ਇਨ੍ਹਾਂ ਘਟਨਾਵਾਂ ਨੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਪੁਲਿਸ ਦੀ ਜਾਂਚ ਰਿਪੋਰਟ ਦਾ ਕਾਲੋਨੀ ਵਾਸੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

ਮਨੋਜ ਬਿਸ਼ਟ, ਚੰਡੀਗੜ੍ਹ : ਟ੍ਰਿਬਿਊਨ ਕਾਲੋਨੀ 'ਚ ਐਤਵਾਰ ਦੁਪਹਿਰ ਇਕ ਸ਼ੱਕੀ ਗੱਡੀ ਦੇ ਦਾਖਲ ਹੋਣ ਨਾਲ ਕਾਲੋਨੀ ਵਾਸੀਆਂ 'ਚ ਤਰਥੱਲੀ ਮਚ ਗਈ। ਸਥਾਨਕ ਨਿਵਾਸੀਆਂ ਅਨੁਸਾਰ ਇਕ ਨੌਜਵਾਨ ਤੇ ਲੜਕੀ ਕਾਰ 'ਚ ਸਵਾਰ ਹੋ ਕੇ ਕਾਲੋਨੀ 'ਚ ਆਏ ਅਤੇ ਲੰਬੇ ਸਮੇਂ ਤਕ ਇੱਧਰ-ਉੱਧਰ ਘੁੰਮਦੇ ਰਹੇ।
ਲੋਕਾਂ ਨੂੰ ਉਨ੍ਹਾਂ ਦਾ ਵਿਵਹਾਰ ਸ਼ੱਕੀ ਜਾਪਿਆ। ਜਦੋਂ ਉਨ੍ਹਾਂ ਗੱਡੀ ਰੋਕ ਕੇ ਪੁੱਛਗਿੱਛ ਕੀਤੀ ਤਾਂ ਦੋਵੇਂ ਨਸ਼ੇ 'ਚ ਧੁੱਤ ਮਿਲੇ। ਮੌਕੇ 'ਤੇ ਖੜ੍ਹੀ ਗੱਡੀ ਦੀ ਜਾਂਚ ਕਰਨ 'ਤੇ ਅੰਦਰੋਂ ਸ਼ਰਾਬ ਦੀ ਬੋਤਲ ਮਿਲੀ ਜਿਸ ਤੋਂ ਬਾਅਦ ਕਾਲੋਨੀ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਥਾਣਾ ਪੁਲਿਸ ਤੁਰੰਤ ਘਟਨਾ ਸਥਾਨ 'ਤੇ ਪਹੁੰਚੀ ਅਤੇ ਪੁੱਛਗਿੱਛ ਤੋਂ ਬਾਅਦ ਨੌਜਵਾਨ-ਲੜਕੀ ਨੂੰ ਗੱਡੀ ਸਮੇਤ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ। ਪੁਲਿਸ ਦੋਵਾਂ ਦਾ ਮੈਡੀਕਲ ਕਰਵਾ ਕੇ ਅਗਲੇਰੀ ਕਾਰਵਾਈ 'ਚ ਜੁਟੀ ਹੋਈ ਹੈ।
ਸਥਾਨਕ ਲੋਕਾਂ ਅਨੁਸਾਰ, ਦੋਵੇਂ ਕਾਫ਼ੀ ਦੇਰ ਤਕ ਕਾਲੋਨੀ 'ਚ ਘੁੰਮਦੇ ਰਹੇ ਅਤੇ ਰੋਕਣ 'ਤੇ ਵੀ ਸਹੀ ਜਵਾਬ ਨਹੀਂ ਦੇ ਸਕੇ। ਕਾਲੋਨੀ ਦੇ ਕਈ ਪਰਿਵਾਰਾਂ ਨੇ ਦੱਸਿਆ ਕਿ ਨਸ਼ੇ 'ਚ ਹੋਣ ਕਾਰਨ ਉਨ੍ਹਾਂ ਦਾ ਵਿਵਹਾਰ ਵੀ ਕਾਫ਼ੀ ਅਸਾਧਾਰਨ ਸੀ, ਜਿਸ ਕਾਰਨ ਕਾਲੋਨੀ 'ਚ ਤਣਾਅ ਦਾ ਮਾਹੌਲ ਬਣ ਗਿਆ ਸੀ।
ਐਤਵਾਰ ਦੀ ਇਸ ਘਟਨਾ ਦੇ ਠੀਕ ਅਗਲੇ ਦਿਨ ਸੋਮਵਾਰ ਸਵੇਰੇ ਕਾਲੋਨੀ ਦੇ ਇੱਕ ਘਰ ਦੇ ਬਾਹਰ ਕਾਰਤੂਸ ਮਿਲਣ ਨਾਲ ਸਨਸਨੀ ਫੈਲ ਗਈ। ਕਾਰਤੂਸ ਮਿਲਣ ਦੀ ਖ਼ਬਰ ਕੁਝ ਹੀ ਮਿੰਟਾਂ 'ਚ ਪੂਰੀ ਕਾਲੋਨੀ ਵਿੱਚ ਫੈਲ ਗਈ ਅਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ।
ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰਤੂਸ ਉਸੇ ਨੌਜਵਾਨ ਲੜਕਾ-ਲੜਕੀ ਵੱਲੋਂ ਸੁੱਟੇ ਗਏ ਹੋ ਸਕਦੇ ਹਨ, ਜਿਨ੍ਹਾਂ ਨੂੰ ਇਕ ਦਿਨ ਪਹਿਲਾਂ ਫੜਿਆ ਗਿਆ ਸੀ। ਹਾਲਾਂਕਿ, ਅਜੇ ਇਹ ਦਾਅਵਾ ਸਾਬਿਤ ਨਹੀਂ ਹੋਇਆ ਹੈ ਪਰ ਸਥਾਨਕ ਲੋਕ ਇਸ ਨੂੰ ਗੰਭੀਰ ਸੁਰੱਖਿਆ ਖ਼ਤਰਾ ਮੰਨ ਰਹੇ ਹਨ।
ਕਾਲੋਨੀ ਵਾਸੀਆਂ 'ਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਲੋਕ ਹੁਣ ਰਾਤ ਨੂੰ ਬਾਹਰ ਨਿਕਲਣ ਤੋਂ ਵੀ ਝਿਜਕਣ ਲੱਗੇ ਹਨ। ਕਾਲੋਨੀ ਦੇ ਨੁਮਾਇੰਦਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਵਧਾਉਣ, ਰਾਤ ਦੀ ਗਸ਼ਤ ਤੇਜ਼ ਕਰਨ ਤੇ ਕਾਲੋਨੀ ਦੇ ਮੁੱਖ ਰਸਤਿਆਂ 'ਤੇ ਨਾਕਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਪੁਲਿਸ ਨੇ ਕਾਰਤੂਸ ਆਪਣੇ ਕਬਜ਼ੇ 'ਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਦੇ ਨੰਬਰ ਦੇ ਆਧਾਰ 'ਤੇ ਵੀ ਛਾਣਬੀਣ ਜਾਰੀ ਹੈ ਅਤੇ ਕਾਲੋਨੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਘਟਨਾ ਨਾਲ ਜੁੜੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਾਲੋਨੀ 'ਚ ਲਗਾਤਾਰ ਦੋ ਦਿਨਾਂ 'ਚ ਹੋਈਆਂ ਇਨ੍ਹਾਂ ਘਟਨਾਵਾਂ ਨੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਪੁਲਿਸ ਦੀ ਜਾਂਚ ਰਿਪੋਰਟ ਦਾ ਕਾਲੋਨੀ ਵਾਸੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।