ਸ਼ਹੀਦੀ ਸਮਾਗਮਾਂ ’ਚ ਸੰਗਤ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਪ੍ਰਬੰਧਾਂ ’ਚ ਜੁਟੇ ਹੋਏ ਹਨ। ਐੱਸਜੀਪੀਸੀ ਵੱਲੋਂ ਚਰਨ ਗੰਗਾ ਸਟੇਡੀਅਮ ’ਚ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸਜਾਵਟੀ ਲਾਈਟਾਂ ਨਾਲ ਸਜਾਇਆ ਗਿਆ ਹੈ। ਸੰਗਤ ਦੀ ਸਹੂਲਤ ਲਈ ਵੀ ਐੱਸਜੀਪੀਸੀ ਵੱਲੋਂ ਕਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।

ਜੈ ਸਿੰਘ ਛਿੱਬਰ/ਸੁਰਿੰਦਰ ਸੋਨੀ, ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮਾਂ ਲਈ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਪੂਰੀ ਤਰ੍ਹਾਂ ਤਿਆਰ ਹੈ। ਇਕ ਅੰਦਾਜ਼ੇ ਮੁਤਾਬਕ ਇਨ੍ਹਾਂ ਸਮਾਗਮਾਂ ਦੌਰਾਨ ਕਰੀਬ ਇਕ ਕਰੋੜ ਸ਼ਰਧਾਲੂਆਂ ਦੇ ਆਉਣ ਦਾ ਅੰਦਾਜ਼ਾ ਹੈ।
ਸ਼ਹੀਦੀ ਸਮਾਗਮਾਂ ’ਚ ਸੰਗਤ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਪ੍ਰਬੰਧਾਂ ’ਚ ਜੁਟੇ ਹੋਏ ਹਨ। ਐੱਸਜੀਪੀਸੀ ਵੱਲੋਂ ਚਰਨ ਗੰਗਾ ਸਟੇਡੀਅਮ ’ਚ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸਜਾਵਟੀ ਲਾਈਟਾਂ ਨਾਲ ਸਜਾਇਆ ਗਿਆ ਹੈ। ਸੰਗਤ ਦੀ ਸਹੂਲਤ ਲਈ ਵੀ ਐੱਸਜੀਪੀਸੀ ਵੱਲੋਂ ਕਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।
ਦੂਜੇ ਪਾਸੇ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਵੱਲੋਂ ਗੁਰੂ ਨਗਰੀ ਨੂੰ ਆਉਣ ਵਾਲੀਆਂ ਸੜਕਾਂ ਦੀ ਮੁਰੰਮਤ ਤੇ ਇਮਾਰਤਾਂ ਨੂੰ ਚਿੱਟੇ ਰੰਗ ’ਚ ਰੰਗਿਆ ਗਿਆ ਹੈ। ਸਿੱਖਿਆ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀਰਵਾਰ ਨੂੰ ਮੀਡੀਆ ਸੈਂਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 30 ਨਵੰਬਰ ਤੱਕ ਚੱਲਣ ਵਾਲੇ ਇਨ੍ਹਾਂ ਸਮਾਗਮਾਂ ’ਚ ਇਕ ਕਰੋੜ ਦੇ ਕਰੀਬ ਸੰਗਤ ਦੇ ਆਉਣ ਦੀ ਉਮੀਦ ਹੈ। ਸੰਗਤ ਦੀ ਸਹੂਲਤ ਲਈ ਤਿੰਨ ਟੈਂਟ ਸਿਟੀ ਬਣਾਏ ਗਏ ਹੈ। ਸਭ ਤੋਂ ਵੱਡਾ ਟੈਂਟ ਸਿਟੀ 70 ਏਕੜ ’ਚ ਪਿੰਡ ਚੰਡੇਸਰ ਵਿਖੇ ਹੈ। ਪਿੰਡ ਝਿੰਜੜੀ ਤੇ ਪਾਵਰ ਕਲੋਨੀ ’ਚ ਵੀ ਦੋ ਟੈਂਟ ਸਿਟੀ ਹਨ। ਇਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਿਰਫ਼ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਹਨ। 101 ਏਕੜ ’ਚ 30 ਪਾਰਕਿੰਗਸ ਬਣਾਈਆਂ ਗਈਆਂ ਹਨ। ਟਰੈਕਟਰ ਟਰਾਲੀਆਂ ਲਈ ਇਕ ਵੱਖਰੀ ਸਿਟੀ ਬਣਾਈ ਗਈ ਹੈ। ਬਾਹਰੋਂ ਆਉਣ ਵਾਲੀ ਸੰਗਤ ਨੂੰ ਵੱਖ-ਵੱਖ ਸਥਾਨਾਂ ’ਤੇ ਲੈ ਕੇ ਜਾਣ ਲਈ 65 ਮਿੰਨੀ ਬੱਸਾਂ ਤੇ 500 ਈ-ਰਿਕਸ਼ਿਆਂ ਦਾ ਪ੍ਰਬੰਧ ਕੀਤਾ ਗਿਆ। ਖਾਣ-ਪੀਣ, ਰਿਹਾਇਸ਼, ਇਸ਼ਨਾਨ, ਮੈਡੀਕਲ ਸਹੂਲਤ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ।
ਸੁਰੱਖਿਆ ਲਈ ਕਰੀਬ ਅੱਠ ਹਜ਼ਾਰ ਪੁਲਿਸ ਮੁਲਾਜ਼ਮ, ਜਿਨਾਂ ’ਚ ਸਿਪਾਹੀ ਤੋਂ ਲ਼ੇ ਕੇ ਡੀਜੀਪੀ ਰੈਂਕ ਤੱਕ ਦੇ ਅਧਿਕਾਰੀ ਸ਼ਾਮਲ ਹਨ, ਤਾਇਨਾਤ ਹਨ। ਭਾਈ ਜੈਤਾ ਜੀ ਯਾਦਗਾਰ ਨੂੰ ਪੰਜਾਬ ਵਿਧਾਨ ਸਭਾ ’ਚ ਤਬਦੀਲ ਕਰ ਦਿੱਤਾ ਗਿਆ ਹੈ। ਜਿੱਥੇ 24 ਨਵੰਬਰ ਨੂੰ ਵਿਸ਼ੇਸ਼ ਸੈਸ਼ਨ ਹੋਵੇਗਾ। ਬੈਂਸ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਸਕੂਲ ਪੰਜ ਦਿਨਾਂ ਲਈ ਬੰਦ ਰਹਿਣਗੇ ਜਦ ਕਿ 25 ਨਵੰਬਰ ਨੂੰ ਪੰਜਾਬ ਵਿਚ ਸਰਕਾਰੀ ਛੁੱਟੀ ਐਲਾਨੀ ਗਈ ਹੈ।
ਗੁਰੂ ਨਗਰੀ ’ਚ ਦਾਖ਼ਲ ਹੁੰਦੇ ਹੀ ਮੋਬਾਈਲ ’ਤੇ ਮਿਲੇਗੀ ਸਾਰੀ ਜਾਣਕਾਰੀ
ਬੈਂਸ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਵੇਸ਼ ਕਰਦਿਆਂ ਹੀ ਮੋਬਾਈਲ ’ਤੇ ‘ਜੀ ਆਇਆ ਨੂੰ’ ਦਾ ਮੈਸੇਜ ਆਵੇਗਾ। ਨਾਲ ਹੀ ਹੈਲਪ ਲਾਈਨ ਨੰਬਰ ਤੇ ਵੈਬਸਾਈਟ ਦਾ ਲਿੰਕ ਵੀ ਮਿਲੇਗਾ। ਇਸ ਨਾਲ ਸ਼ਰਧਾਲੂ ਨੂੰ ਪ੍ਰੋਗਾਰਮ ਤੇ ਵੱਖ-ਵੱਖ ਥਾਵਾਂ ਦੀ ਸਾਰੀ ਜਾਣਕਾਰੀ ਮਿਲੇਗੀ। ਵੱਡੀ ਗਿਣਤੀ ’ਚ ਸੰਗਤ ਦੇ ਆਉਣ ਕਾਰਨ ਮੋਬਾਈਲ ਰੇਂਜ ਪ੍ਰਭਾਵਿਤ ਨਾ ਹੋਵੇ ਤਾਂ ਸਪੈਸ਼ਲ ਮੋਬਾਇਲ ਟਾਵਰ ਲਗਾਏ ਜਾ ਰਹੇ ਹਨ।
------------------
ਪ੍ਰਧਾਨ ਮੰਤਰੀ ਦੇ ਆਉਣ ਦੀ ਸੰਭਾਵਨਾ ਘੱਟ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੱਦਾ ਪੱਤਰ ਦੇਣ ਲਈ ਅਜੇ ਤੱਕ ਸਮਾਂ ਨਹੀਂ ਦਿੱਤਾ। ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ’ਚ ਸ਼ਾਮਲ ਹੋਣ ਲਈ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਤੇ ਉਨ੍ਹਾਂ ਸ਼ਮੂਲੀਅਤ ਦੀ ਹਾਮੀ ਵੀ ਭਰੀ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਕਿਸਾਨ ਤੇ ਖੇਤ ਮਜ਼ਦੂਰ ਯੂਨੀਅਨਾਂ ਦੇ ਪ੍ਰਧਾਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਨੂੰ ਸਮਾਗਮ ’ਚ ਸਹਿਯੋਗ ਨਾ ਦੇਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ।