ਸੰਭਵ ਹੈ ਕਿ ਦਸੰਬਰ ਦੇ ਦੂਜੇ ਹਫ਼ਤੇ ਇਹ ਚੋਣਾਂ ਹੋ ਜਾਣ। ਇਸ ਚੋਣ ’ਚ ਸੂਬੇ ਦੇ 1.35 ਕਰੋੜ ਵੋਟਰ ਹਿੱਸਾ ਲੈਣਗੇ। ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਹੈ ਕਿ ਚੋਣਾਂ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ। ਜ਼ਿਕਰਯੋਗ ਹੈਕਿ ਪੰਜਾਬ ਸਰਕਾਰ ਨੇ ਹਾਈ ਕੋਰਟ ’ਚ ਪੰਜ ਦਸੰਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਸੀ।

ਕੈਲਾਸ਼ ਨਾਥ, ਜਾਗਰਣ , ਚੰਡੀਗੜ੍ਹ : ਪੰਜਾਬ ਇਕ ਵਾਰ ਮੁੜ ਚੋਣ ਰੰਗ ’ਚ ਰੰਗਣ ਜਾ ਰਿਹਾ ਹੈ। ਸੂਬਾਈ ਚੋਣ ਕਮਿਸ਼ਨ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ 23 ਜ਼ਿਲ੍ਹਾ ਪ੍ਰੀਸ਼ਦ ਤੇ 154 ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਐਲਾਨ ਅਗਲੇ ਕਿਸੇ ਵੇਲੇ ਵੀ ਕਰ ਸਕਦਾ ਹੈ। ਕਮਿਸ਼ਨ ਨੇ ਇਸ ਲਈ ਤਿਆਰੀ ਕਰ ਲਈ ਹੈ। ਸੰਭਵ ਹੈ ਕਿ ਦਸੰਬਰ ਦੇ ਦੂਜੇ ਹਫ਼ਤੇ ਇਹ ਚੋਣਾਂ ਹੋ ਜਾਣ। ਇਸ ਚੋਣ ’ਚ ਸੂਬੇ ਦੇ 1.35 ਕਰੋੜ ਵੋਟਰ ਹਿੱਸਾ ਲੈਣਗੇ। ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਹੈ ਕਿ ਚੋਣਾਂ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ। ਜ਼ਿਕਰਯੋਗ ਹੈਕਿ ਪੰਜਾਬ ਸਰਕਾਰ ਨੇ ਹਾਈ ਕੋਰਟ ’ਚ ਪੰਜ ਦਸੰਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਸੀ।
ਜਾਣਕਾਰੀ ਮੁਤਾਬਕ ਸੂਬਾਈ ਚੋਣ ਕਮਿਸ਼ਨ ਤਰਨਤਾਰਨ ਜ਼ਿਮਨੀ ਚੋਣ ਦੀ ਪ੍ਰਕਿਰਿਆ ਮੁਕੰਮਲ ਹੋਣ ਦੀ ਉਡੀਕ ਕਰ ਰਿਹਾ ਸੀ। ਕਿਉਂਕਿ ਜੇਕਰ ਜ਼ਿਮਨੀ ਚੋਣ ਤੋਂ ਪਹਿਲਾਂ ਉਹ ਚੋਣਾਂ ਦਾ ਐਲਾਨ ਕਰ ਦਿੰਦਾ ਤਾਂ ਤਰਨਤਾਰਨ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀ ਚੋਣ ਨਹੀਂ ਸੀ ਹੋ ਸਕਦੀ। ਇਸ ਤੋਂ ਇਲਾਵਾ 24 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਹੈ, ਜਦਕਿ ਨਵੰਬਰ ਦੇ ਅਖ਼ੀਰ ਤੱਕ ਕਿਸਾਨ ਵੀ ਕਣਕ ਦੀ ਬਿਜਾਈ ਕਰ ਚੁੱਕੇ ਹੋਣਗੇ। ਇਸੇ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਕਮਸ਼ਿਨ ਅਗਲੇ ਹਫ਼ਤੇ ਕਿਸੇ ਵੇਲੇ ਵੀ ਚੋਣਾਂ ਦਾ ਐਲਾਨ ਕਰ ਸਕਦਾ ਹੈ ਤੇ ਦਸੰਬਰ ਦੇ ਦੂਜੇ ਹਫ਼ਤੇ ’ਚ ਚੋਣਾਂ ਹੋ ਜਾਣਗੀਆਂ। ਪੇਂਡੂ ਖੇਤਰ ਨਾਲ ਜੁੜੀ ਇਹ ਸਭ ਤੋਂ ਵੱਡੀ ਚੋਣ ਹੁੰਦੀ ਹੈ। ਇਸ ਚੋਣ ’ਚ 13,236 ਗ੍ਰਾਮ ਪੰਚਾਇਤਾਂ ਦੇ ਵੋਟਰ ਹਿੱਸਾ ਲੈਂਦੇ ਹਨ। ਮੌਜੂਦਾ ਸਮੇਂ ’ਚ ਵੋਟਰਾਂ ਦੀ ਗਿਣਤੀ 1,35,98,000 ਹੈ, ਜਦਕਿ ਪਿਛਲੀ ਵਾਰ 1.34 ਕਰੋੜ ਵੋਟਰਾਂ ਨੇ ਚੋਣ ’ਚ ਹਿੱਸਾ ਲਿਆ ਸੀ।
ਬੈਲੇਟ ਪੇਪਰ ’ਤੇ ਹੋਣਗੀਆਂ ਚੋਣਾਂ
ਇਹ ਚੋਣਾਂ ਬੈਲੇਟ ਪੇਪਰ ’ਤੇ ਹੋਣਗੀਆਂ। ਇਕ ਬੈਲੇਟ ’ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਤੇ ਦੂਜੇ ’ਤੇ ਪੰਚਾਇਤ ਸੰਮਤੀ ਦੇ ਉਮੀਦਵਾਰ ਹੋਣਗੇ। ਸੂਬਾਈ ਚੋਣ ਕਮਿਸ਼ਨ ਕੋਲ ਈਵੀਐੱਮ ਦੀ ਸਹੂਲਤ ਨਹੀਂ ਹੈ, ਕਿਉੰਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ ਸੂਬੇ ’ਚ 19,174 ਪੋਲਿੰਗ ਸਟੇਸ਼ਨ ਹਨ। ਇਸ ਹਿਸਾਬ ਨਾਲ ਸੂਬਾਈ ਚੋਣ ਕਮਸ਼ਿਨ ਕੋਲ 38,348 ਈਵੀਐੱਮ ਦੀ ਜ਼ਰੂਰਤ ਪਵੇਗੀ। ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਦੌਰਾਨ 153 ਪੰਚਾਇਤ ਸੰਮਤੀਆਂ ਸਨ, ਜਦਕਿ ਇਸ ਵਾਰ ਇਸ ਦੀ ਗਿਣਤੀ ਵਧ ਕੇ 154 ਹੋ ਗਈ ਹੈ।