ਸੜਕਾਂ 'ਤੇ ਮੌਤ ਦਾ ਤਾਂਡਵ: ਓਵਰਲੋਡ ਆਟੋ ਰਿਕਸ਼ੇ ਬਣੇ ਜਾਨਲੇਵਾ, ਕੀ ਕਿਸੇ ਵੱਡੇ ਕਾਂਡ ਦੀ ਉਡੀਕ ਕਰ ਰਹੀ ਹੈ ਟ੍ਰੈਫਿਕ ਪੁਲਿਸ?
ਸਗੋਂ ਕਾਫ਼ੀ ਉਚਾਈ ਤੱਕ ਲੱਦਿਆ ਹੋਣ ਕਾਰਨ ਆਟੋ ਦੇ ਪਲਟਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਭ ਤੋਂ ਵੱਧ ਚਿੰਤਾਜਨਕ ਪਹਿਲੂ ਇਹ ਹੈ ਕਿ ਸਵਾਰੀਆਂ ਢੋਣ ਵਾਲੇ ਆਟੋ ਰਿਕਸ਼ਿਆਂ ਵਿਚ ਵੀ ਸਵਾਰੀਆਂ ਦੇ ਨਾਲ-ਨਾਲ ਭਾਰੀ ਵਪਾਰਕ ਸਾਮਾਨ ਲੱਦਿਆ ਜਾ ਰਿਹਾ ਹੈ, ਜੋ ਸਵਾਰੀਆਂ ਦੀ ਜਾਨ ਨਾਲ ਖਿਲਵਾੜ ਹੈ।
Publish Date: Thu, 01 Jan 2026 11:34 AM (IST)
Updated Date: Thu, 01 Jan 2026 11:38 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਸ਼ਹਿਰ ਦੀਆਂ ਸੜਕਾਂ 'ਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲ ਰਹੇ ਓਵਰਲੋਡ ਆਟੋ ਰਿਕਸ਼ੇ ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੇ ਵਿਅਸਤ ਚੌਕਾਂ ਵਿਚ ਟ੍ਰੈਫਿਕ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਇਨ੍ਹਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਆਮ ਲੋਕਾਂ ਵਿਚ ਪੁਲਿਸ ਦੀ ਕਾਰਗੁਜ਼ਾਰੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸ਼ਹਿਰ ਦੇ ਹਰ ਕੋਨੇ ਵਿਚ ਅਜਿਹੇ ਆਟੋ ਰਿਕਸ਼ੇ ਆਮ ਵੇਖੇ ਜਾ ਸਕਦੇ ਹਨ, ਜਿਨ੍ਹਾਂ 'ਤੇ ਮਿੰਨੀ ਟਰੱਕਾਂ ਵਾਂਗ ਸਾਮਾਨ ਲੱਦਿਆ ਹੁੰਦਾ ਹੈ। ਇਹ ਸਾਮਾਨ ਨਾ ਸਿਰਫ਼ ਆਟੋ ਦੀ ਬਾਡੀ ਤੋਂ ਬਾਹਰ ਲਮਕ ਰਿਹਾ ਹੁੰਦਾ ਹੈ, ਸਗੋਂ ਕਾਫ਼ੀ ਉਚਾਈ ਤੱਕ ਲੱਦਿਆ ਹੋਣ ਕਾਰਨ ਆਟੋ ਦੇ ਪਲਟਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਭ ਤੋਂ ਵੱਧ ਚਿੰਤਾਜਨਕ ਪਹਿਲੂ ਇਹ ਹੈ ਕਿ ਸਵਾਰੀਆਂ ਢੋਣ ਵਾਲੇ ਆਟੋ ਰਿਕਸ਼ਿਆਂ ਵਿਚ ਵੀ ਸਵਾਰੀਆਂ ਦੇ ਨਾਲ-ਨਾਲ ਭਾਰੀ ਵਪਾਰਕ ਸਾਮਾਨ ਲੱਦਿਆ ਜਾ ਰਿਹਾ ਹੈ, ਜੋ ਸਵਾਰੀਆਂ ਦੀ ਜਾਨ ਨਾਲ ਖਿਲਵਾੜ ਹੈ।
ਸਿਰਫ਼ ਮੁੱਖ ਸੜਕਾਂ ਹੀ ਨਹੀਂ, ਸਗੋਂ ਰਿਹਾਇਸ਼ੀ ਇਲਾਕਿਆਂ ਦੀਆਂ ਅੰਦਰੂਨੀ ਗਲੀਆਂ ਵਿਚ ਵੀ ਇਹ ਓਵਰਲੋਡ ਆਟੋ ਤੇਜ਼ ਰਫ਼ਤਾਰ ਨਾਲ ਘੁੰਮਦੇ ਹਨ, ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦਾ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਗੰਭੀਰ ਮੁੱਦੇ 'ਤੇ ਚਿੰਤਾ ਪ੍ਰਗਟ ਕਰਦਿਆਂ ਸਮਾਜ ਸੇਵੀ ਆਗੂ ਸੁਰਿੰਦਰ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਓਵਰਲੋਡ ਆਟੋ ਰਿਕਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਦੇ ਚਾਲਾਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਇਨ੍ਹਾਂ 'ਤੇ ਨੱਥ ਨਾ ਪਾਈ ਗਈ ਤਾਂ ਕੋਈ ਵੱਡਾ ਜਾਨੀ ਹਾਦਸਾ ਵਾਪਰ ਸਕਦਾ ਹੈ।