PU ਸੈਨੇਟ ਚੋਣਾਂ ਦਾ ਮਾਮਲੇ 'ਚ ਰਜਿਸਟਰਾਰ ਨੇ ਚਾਂਸਲਰ ਨਾਲ ਮਿਲ ਕੇ ਸੌਂਪੀ ਰਿਪੋਰਟ, ਜਲਦ ਜਾਰੀ ਹੋਵੇਗੀ ਚੋਣ ਦੀ ਤਰੀਕ
ਮੁਲਾਕਾਤ ਦੌਰਾਨ ਚਾਂਸਲਰ ਨੇ ਸੈਨੇਟ ਦੀ ਰਚਨਾ, ਇਸ ਦੇ ਮਹੱਤਵ ਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਜਾਣਿਆ। ਰਜਿਸਟਰਾਰ ਵਰਮਾ ਮੁਤਾਬਕ ਚਾਂਸਲਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੈਨੇਟ ਚੋਣਾਂ ਨੂੰ ਲੈ ਕੇ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ, ਜਿਸ ਦੀ ਉਡੀਕ ਵਿਦਿਆਰਥੀ ਜਥੇਬੰਦੀਆਂ ਤੇ ਅਧਿਆਪਕਾਂ ਨੂੰ ਲੰਮੇ ਸਮੇਂ ਤੋਂ ਹੈ।
Publish Date: Sat, 22 Nov 2025 11:00 AM (IST)
Updated Date: Sat, 22 Nov 2025 11:03 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਸੈਨੇਟ ਵਿਵਾਦ ਵਿਚ ਹੁਣ ਹਲਚਲ ਤੇਜ਼ ਹੋ ਗਈ ਹੈ। ਪੀਯੂ ਰਜਿਸਟਰਾਰ ਵਾਈਪੀ ਵਰਮਾ ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ ਅਤੇ ਯੂਨੀਵਰਸਿਟੀ ਦੇ ਚਾਂਸਲਰ ਤੇ ਦੇਸ਼ ਦੇ ਉਪ-ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕਰ ਕੇ ਸਥਿਤੀ ਦੀ ਵਿਸਥਾਰਪੂਰਵਕ ਰਿਪੋਰਟ ਸੌਂਪੀ। ਮੁਲਾਕਾਤ ਦੌਰਾਨ ਚਾਂਸਲਰ ਨੇ ਸੈਨੇਟ ਦੀ ਰਚਨਾ, ਇਸ ਦੇ ਮਹੱਤਵ ਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਜਾਣਿਆ। ਰਜਿਸਟਰਾਰ ਵਰਮਾ ਮੁਤਾਬਕ ਚਾਂਸਲਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੈਨੇਟ ਚੋਣਾਂ ਨੂੰ ਲੈ ਕੇ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ, ਜਿਸ ਦੀ ਉਡੀਕ ਵਿਦਿਆਰਥੀ ਜਥੇਬੰਦੀਆਂ ਤੇ ਅਧਿਆਪਕਾਂ ਨੂੰ ਲੰਮੇ ਸਮੇਂ ਤੋਂ ਹੈ।
ਰਜਿਸਟਰਾਰ ਨੇ ਦੱਸਿਆ ਕਿ ਉਨ੍ਹਾਂ ਨੇ ਸੈਨੇਟ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਿਟੀ ਵਿਚ ਚੱਲ ਰਹੇ ਰੋਸ ਮੁਜ਼ਾਹਰਿਆਂ ਬਾਰੇ ਵੀ ਚਾਂਸਲਰ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਬਚਾਓ ਮੋਰਚਾ ਨੇ 26 ਨਵੰਬਰ ਨੂੰ ਪੀਯੂ ਬੰਦ ਦਾ ਐਲਾਨ ਕੀਤਾ ਹੈ ਤੇ ਇਸ ਤਹਿਤ ਪ੍ਰਸ਼ਾਸਨਕ ਕੰਮ ਰੋਕਣ ਦੇ ਨਾਲ ਪ੍ਰੀਖਿਆਵਾਂ ਨੂੰ ਪ੍ਰਭਾਵਤ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਇਸ ਸੰਭਾਵੀ ਸੰਕਟ ਬਾਰੇ ਜਾਣੂ ਕਰਾਉਂਦੇ ਹੋਏ ਰਜਿਸਟਰਾਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਤੇ ਪ੍ਰੀਖਿਆਵਾਂ ਕਿਸੇ ਵੀ ਸੂਰਤ ਵਿਚ ਪ੍ਰਭਾਵਤ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਨੇ ਚਾਂਸਲਰ ਨੂੰ ਬੇਨਤੀ ਕੀਤੀ ਕਿ ਯੂਨੀਵਰਸਿਟੀ ਵਿਚ ਪ੍ਰਸ਼ਾਸਨਕ ਕੰਮ ਰੁਕਣਾ ਨਹੀਂ ਚਾਹੀਦਾ, ਪ੍ਰੀਖਿਆਵਾਂ ਨਿਰਧਾਰਤ ਸਮੇਂ ਉੱਤੇ ਹੀ ਹੋਣ ਅਤੇ ਸੈਨੇਟ ਚੋਣਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਕੀਤੀ ਜਾਵੇ।
ਮੁਲਾਕਾਤ ਦੌਰਾਨ ਡਾ. ਸਲੂਜਾ, ਸਕੱਤਰ ਵਾਈਸ ਚਾਂਸਲਰ ਵੀ ਮੌਜੂਦ ਰਹੇ। ਚਾਂਸਲਰ ਵੱਲੋਂ ਮਿਲੇ ਭਰੋਸੇ ਨਾਲ ਉਮੀਦ ਹੈ ਕਿ ਪੰਜਾਬ ਯੂਨੀਵਰਸਿਟੀ ਵਿਚ ਸੈਨੇਟ ਚੋਣਾਂ ਦੀ ਤਰੀਕ ਤੇ ਪ੍ਰਕਿਰਿਆ ਨਾਲ ਸਬੰਧਤ ਨੋਟਿਫਿਕੇਸ਼ਨ ਜਲਦ ਜਾਰੀ ਹੋਵੇਗਾ।