ਗੁਰਵਿੰਦਰ ਨੇ ਦੱਸਿਆ ਕਿ ਜੇਕਰ ਪੈਟਰੋਲ ਪੰਪ ਵਾਲੇ ਨਹੀਂ ਬਚਾਉਂਦੇ ਤਾਂ ਹਮਲਾਵਰਾਂ ਨੇ ਮੁੰਡੇ ਨੂੰ ਜਾਨ ਤੋਂ ਹੀ ਮਾਰ ਦੇਣਾ ਸੀ। ਹਮਲਾਵਰ ਬੜੀ ਯੋਜਨਾਬੱਧ ਤਰੀਕੇ ਨਾਲ ਕੇਸ਼ਵ ਦੇ ਪਿੱਛੇ ਆਏ ਸਨ। ਹਮਲੇ ਦੌਰਾਨ ਕੇਸ਼ਵ ਨੂੰ ਬੇਰਹਿਮੀ ਨਾਲ ਕੁਟਿਆ ਗਿਆ, ਜਿਸ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਆਈਆਂ ਅਤੇ ਲਗਭਗ 10 ਟਾਂਕੇ ਲੱਗੇ ਹਨ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ’ਚ ਕਾਨੂੰਨ-ਵਿਵਸਥਾ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਪੈਟਰੋਲ ਪੰਪ ’ਤੇ ਦਿਨ ਦਿਹਾੜੇ ਇਕ ਨੌਜਵਾਨ ’ਤੇ ਜਾਨਲੇਵਾ ਹਮਲੇ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਜ਼ਖ਼ਮੀ ਕੇਸ਼ਵ ਦੇ ਪਿਤਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੇਸ਼ਵ ਸਵੇਰੇ ਡੇਰਾਬੱਸੀ ਪੈਟਰੋਲ ਪੰਪ ’ਤੇ ਤੇਲ ਪਵਾ ਕੇ ਜਦੋਂ ਨਿਕਲਿਆ ਤਾਂ ਅੱਗੇ ਖੜ੍ਹੇ ਬਲੈਰੋ ਗੱਡੀ 'ਚ ਸਵਾਰ ਪੰਜ ਨੌਜਵਾਨਾਂ ਵੱਲੋਂ ਕੇਸ਼ਵ ਦਾ ਮੋਟਰਸਾਈਕਲ ਰੋਕ ਕੇ ਪੁੱਛਿਆ ਕਿ ਕੇਸ਼ਵ ਕੌਣ ਹੈ ਅਤੇ ਅਚਾਨਕ ਡੰਡਿਆਂ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਗੁਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਕ ਨੌਜਵਾਨ ਪਰਾਗਪੁਰ ਦਾ ਰਹਿਣ ਵਾਲਾ ਹੈ। ਬਾਕੀਆਂ ਦੀ ਪਛਾਣ ਨਹੀਂ ਹੋ ਪਾਈ ਕਿਉਂਕਿ ਉਨ੍ਹਾਂ ਨੇ ਮੂੰਹ ਢੱਕ ਰੱਖੇ ਸੀ।
ਗੁਰਵਿੰਦਰ ਨੇ ਦੱਸਿਆ ਕਿ ਜੇਕਰ ਪੈਟਰੋਲ ਪੰਪ ਵਾਲੇ ਨਹੀਂ ਬਚਾਉਂਦੇ ਤਾਂ ਹਮਲਾਵਰਾਂ ਨੇ ਮੁੰਡੇ ਨੂੰ ਜਾਨ ਤੋਂ ਹੀ ਮਾਰ ਦੇਣਾ ਸੀ। ਹਮਲਾਵਰ ਬੜੀ ਯੋਜਨਾਬੱਧ ਤਰੀਕੇ ਨਾਲ ਕੇਸ਼ਵ ਦੇ ਪਿੱਛੇ ਆਏ ਸਨ। ਹਮਲੇ ਦੌਰਾਨ ਕੇਸ਼ਵ ਨੂੰ ਬੇਰਹਿਮੀ ਨਾਲ ਕੁਟਿਆ ਗਿਆ, ਜਿਸ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਆਈਆਂ ਅਤੇ ਲਗਭਗ 10 ਟਾਂਕੇ ਲੱਗੇ ਹਨ।
ਘਟਨਾ ਮਗਰੋਂ ਪੈਟਰੋਲ ਪੰਪ ’ਤੇ ਅਫ਼ਰਾਤਫਰੀ ਮਚ ਗਈ। ਲੋਕਾਂ ਨੇ ਡਰ ਦੇ ਮਾਰੇ ਇੱਧਰ-ਉੱਧਰ ਨੂੰ ਭੱਜ ਕੇ ਆਪਣੀ ਜਾਨ ਬਚਾਈ। ਕੁਝ ਲੋਕਾਂ ਵੱਲੋਂ ਹਿੰਮਤ ਕਰਕੇ ਜ਼ਖ਼ਮੀ ਕੇਸ਼ਵ ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਪਹਿਲਾਂ ਡੇਰਾਬੱਸੀ ਹਸਪਤਾਲ ’ਚ ਮੁੱਢਲਾ ਇਲਾਜ ਦਿੱਤਾ, ਪਰ ਗੰਭੀਰ ਸੱਟਾਂ ਦੇ ਮੱਦੇਨਜ਼ਰ ਉਸ ਨੂੰ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਹਮਲਾਵਰਾਂ ਦੀ ਪਛਾਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੇ ਡੇਰਾਬੱਸੀ ’ਚ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦਿਨ ਦਿਹਾੜੇ ਸਰਵਜਨਿਕ ਥਾਂ ’ਤੇ ਹੋਏ ਇਸ ਹਮਲੇ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ ਅਤੇ ਲੋਕਾਂ ਨੇ ਪੁਲਿਸ ਤੋਂ ਹਮਲਾਵਰਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।