Tarn Taran By-election : ਅੰਕੜਿਆਂ ਮੁਤਾਬਕ ਮੀਆਂਪੁਰ ਵਿਚ ਸੁਖਵਿੰਦਰ ਕੌਰ ਨੂੰ 900 ਤੋਂ ਵੱਧ ਵੋਟਾਂ ਮਿਲੀਆਂ ਜਦਕਿ ਪੂਰੇ ਖੇਤਰ ਵਿਚ ਤੋਂ ਭਾਰੀ ਬਹੁਮਤ ਹਾਸਿਲ ਕਰਨ ਵਾਲੇ ਸੰਧੂ ਨੂੰ ਇਸ ਵਾਰ ਇਸ ਪਿੰਡ ਤੋਂ ਸਿਰਫ਼ 63 ਵੋਟਾਂ ਪ੍ਰਾਪਤ ਹੋਈਆਂ। ਇਹ ਫ਼ਰਕ ਸਿਰਫ਼ ਉਮੀਦਵਾਰਾਂ ਦੀ ਲੋਕਪ੍ਰਿਅਤਾ ਦਾ ਨਹੀਂ ਸਗੋਂ ਬਾਠ ਦੀ ਸਥਾਨਕ ਪਕੜ ਤੇ ਉਸ ਦੇ ਧੜੇ ਦੀ ਮਜ਼ਬੂਤੀ ਦਾ ਸੰਕੇਤ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਤਰਨਤਾਰਨ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਇਕ ਵਾਰ ਮੁੜ ਸਾਬਤ ਕਰ ਦਿੱਤਾ ਹੈ ਕਿ ਉਥੇ ਸਿਆਸਤ ਮੁੱਦਿਆਂ ਦੀ ਨਹੀਂ ਸਗੋਂ ਧੜੇਬਾਜ਼ੀ ਤੇ ਸਥਾਨਕ ਅਸਰਦਾਰ ਚਿਹਰਿਆਂ ਦੀ ਪਕੜ ’ਤੇ ਟਿਕੀ ਰਹੀ। ਇਸ ਵਾਰ ਸਭ ਤੋਂ ਵੱਧ ਚਰਚਾ ਦਾ ਕੇਂਦਰ ਰਸੂਲ ਮੀਆਂਪੁਰ ਬੈਲਟ ਸੀ, ਦੂਜੇ ਪਾਸੇ ਸੋਨੂੰ ਚੀਮਾ ਦਾ ਪਿੰਡ ਚੀਮਾ ਕਲਾਂ ਰਿਹਾ। ਇਨ੍ਹਾਂ ਦੋਵਾਂ ਪਿੰਡਾਂ ਦੇ ਨਤੀਜਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਤਰਨਤਾਰਨ ਵਿਚ ਵੋਟਰਾਂ ਦਾ ਝੁਕਾਅ ਮੁੱਦਿਆਂ ਜਾਂ ਪਾਰਟੀਆਂ ਦੀ ਬਜਾਏ ਦੋ ਧੜਿਆਂ ਦੇ ਟਕਰਾਅ ’ਤੇ ਅਧਾਰਤ ਰਿਹਾ। ਇਕ ਪਾਸੇ ਬਾਠ ਹਮਾਇਤੀ ਇਲਾਕਾ ਤੇ ਦੂਜੇ ਪਾਸੇ ਬਾਠ ਵਿਰੋਧੀ ਇਲਾਕਾ। ਜੇ ਸਿਆਸੀ ਪਿਛੋਕੜ ਦੇਖੀਏ ਤਾਂ ਤਰਨਤਾਰਨ ਸੀਟ ਨਾਂ ਦੀ ਪੰਥਕ ਸੀਟ ਹੈ। 2002 ਤੋਂ 2017 ਤੱਕ ਹਰਮੀਤ ਸਿੰਘ ਸੰਧੂ ਇੱਥੋਂ ਲਗਾਤਾਰ ਤਿੰਨ ਵਾਰ ਜਿੱਤਦੇ ਰਹੇ ਪਰ ਉਨ੍ਹਾਂ ਨੇ ਕਦੇ ਪੰਥਕ ਸਿਆਸਤ ਦਾ ਰਾਹ ਨਹੀਂ ਫੜਿਆ। ਉਨ੍ਹਾਂ ਦੀਆਂ ਜਿੱਤਾਂ ਵੀ ਸਥਾਨਕ ਧੜਿਆਂ ਦੀ ਖਿੱਚੋਤਾਣ ਸਹਾਰੇ ਰਹੀਆਂ। 2017 ਵਿਚ ਕਾਂਗਰਸ ਦੇ ਧਰਮਵੀਰ ਅਗਨੀਹੋਤਰੀ ਤੇ 2022 ਵਿਚ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਦੀ ਜਿੱਤ ਵਿਚ ਵੀ ਪੰਥਕ ਸਿਆਸਤ ਦਾ ਕੋਈ ਖ਼ਾਸ ਅਸਰ ਨਹੀਂ ਦਿਸਿਆ। ਇਹੀ ਸਿਲਸਿਲਾ ਜ਼ਿਮਨੀ ਚੋਣ ਵਿਚ ਸਾਫ ਨਜ਼ਰ ਆਇਆ।
ਮੀਆਂਪੁਰ ਵਿਚ ਜਿੱਥੇ ਕਥਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦਾ ਅਸਰ ਚੋਣ ਨਤੀਜੇ ਵਿਚ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ। ਬਾਠ ਦੇ ਪਿੰਡ ਮੀਆਂਪੁਰ ਤੋਂ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਨੂੰ ਜਿੱਥੇ ਇਕਪਾਸੜ ਹਮਾਇਤ ਮਿਲੀ, ਉਥੇ ‘ਆਪ’ ਦੇ ਜੇਤੂ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਇੱਥੋਂ ਬਹੁਤ ਘੱਟ ਵੋਟਾਂ ਮਿਲੀਆ। ਅੰਕੜਿਆਂ ਮੁਤਾਬਕ ਮੀਆਂਪੁਰ ਵਿਚ ਸੁਖਵਿੰਦਰ ਕੌਰ ਨੂੰ 900 ਤੋਂ ਵੱਧ ਵੋਟਾਂ ਮਿਲੀਆਂ ਜਦਕਿ ਪੂਰੇ ਖੇਤਰ ਵਿਚ ਤੋਂ ਭਾਰੀ ਬਹੁਮਤ ਹਾਸਿਲ ਕਰਨ ਵਾਲੇ ਸੰਧੂ ਨੂੰ ਇਸ ਵਾਰ ਇਸ ਪਿੰਡ ਤੋਂ ਸਿਰਫ਼ 63 ਵੋਟਾਂ ਪ੍ਰਾਪਤ ਹੋਈਆਂ। ਇਹ ਫ਼ਰਕ ਸਿਰਫ਼ ਉਮੀਦਵਾਰਾਂ ਦੀ ਲੋਕਪ੍ਰਿਅਤਾ ਦਾ ਨਹੀਂ ਸਗੋਂ ਬਾਠ ਦੀ ਸਥਾਨਕ ਪਕੜ ਤੇ ਉਸ ਦੇ ਧੜੇ ਦੀ ਮਜ਼ਬੂਤੀ ਦਾ ਸੰਕੇਤ ਹੈ। ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਨੇ ਕੁਲ 222 ਬੂਥਾਂ ਵਿਚ ਲਗਭਗ 65 ਤੋਂ 70 ਬੂਥਾਂ ’ਤੇ ਸ਼ੁਰੂਆਤੀ ਦੌਰ ਵਿਚ ਬੜ੍ਹਤ ਬਣਾਈ ਤੇ ਉਹ ਸਾਰੇ ਬੂਥ ਜ਼ਿਆਦਾਤਰ ਮੀਆਂਪੁਰ ਤੇ ਉਸ ਦੇ ਆਸ-ਪਾਸ ਦੇ ਖੇਤਰ ਨਾਲ ਜੁੜੇ ਹੋਏ ਸਨ, ਜਿਸ ਨਾਲ ਬਾਠ ਦਾ ਅਸਰ ਸਪਸ਼ਟ ਝਲਕਦਾ ਹੈ। ਦੂਜੇ ਪਾਸੇ ਚੀਮਾਂ ਕਲਾਂ ਵਿਚ ਸਥਿਤੀ ਠੀਕ ਉਲਟ ਦਿਸੀ, ਜਿੱਥੋਂ ਸੰਧੂ ਨੇ ਇਕਪਾਸੜ ਬੜ੍ਹਤ ਹਾਸਿਲ ਕੀਤੀ। ਪੁਲਿਸ ਨੇ ਸੋਨੀ ਚੀਮਾ ਦੇ ਕਤਲ ਦਾ ਦੋਸ਼ ਅੰਮ੍ਰਿਤਪਾਲ ਬਾਠ ’ਤੇ ਲਾਇਆ ਸੀ। ਬਾਠ ਨੇ ਖ਼ੁਦ ਇਕ ਵੀਡੀਓ ਵਿਚ ਇਸ ਵਿਵਾਦ ਨਾਲ ਜੁੜੇ ਦਾਅਵੇ ਕੀਤੇ ਸਨ। ਇਹੀ ਵਜ੍ਹਾ ਰਹੀ ਕਿ ਚੀਮਾ ਬੈਲਟ ਵਿਚ ਬਾਠ ਵਿਰੁੱਧ ਗੁੱਸਾ ਵੋਟ ਦੇ ਰੂਪ ਵਿਚ ਨਿਕਲਿਆ।
ਇਸ ਵਾਰ ਅਕਾਲੀ ਦਲ ਤੇ ‘ਆਪ’ ਦੋਵਾਂ ਨੇ ਬਾਹਰੀ ਉਮੀਦਵਾਰ ਉਤਾਰ ਕੇ ਧੜਿਆਂ ਨੂੰ ਹੋਰ ਵੱਧ ਹਾਵੀ ਹੋਣ ਦਾ ਮੌਕਾ ਦਿੱਤਾ। ਇਸ ਨਾਲ ਚੋਣ ਅਸਲੀ ਮੁੱਦਿਆਂ ਦੀ ਬਜਾਏ ਧੜੇਬੰਦੀ ਦਾ ਅਖਾੜਾ ਬਣ ਕੇ ਰਹਿ ਗਈ। ਸਭ ਤੋਂ ਚਿੰਤਾਜਨਕ ਪਹਿਲੂ ਇਹ ਕਿ ਨਸ਼ਾ ਜੋ ਤਰਨਤਾਰਨ ਦਾ ਸਭ ਤੋਂ ਵੱਡਾ ਮਸਲਾ ਹੈ, ਉਸ ਦਾ ਜ਼ਿਕਰ ਵੀ ਚੋਣਾਂ ਵਿਚ ਨਜ਼ਰਅੰਦਾਜ਼ ਕੀਤਾ ਗਿਆ। ਪਿੰਡਾਂ ਵਿਚ ਨਸ਼ਿਆਂ ਕਾਰਨ ਘਰ ਉੱਜੜ ਰਹੇ ਨੇ, ਨੌਜਵਾਨਾਂ ਦੀ ਮੌਤ ਹੋ ਰਹੀ ਹੈ ਤੇ ਤਸਕਰੀ ਦਾ ਜਾਲ ਵੱਧਦਾ ਜਾ ਰਿਹਾ ਹੈ ਪਰ ਫਿਰ ਵੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੇ ਇਸ ਨੂੰ ਤਰਜੀਹ ਨਹੀਂ ਦਿੱਤੀ। ਕੁਲ ਮਿਲਾ ਕੇ ਨਤੀਜੇ ਇਹ ਜ਼ਾਹਰ ਕਰਦੇ ਹਨ ਕਿ ਜਿੱਥੇ ਬਾਠ ਦਾ ਅਸਰ ਸੀ, ਉਥੇ ਸੁਖਵਿੰਦਰ ਕੌਰ ਨੂੰ ਭਾਰੀ ਵੋਟਾਂ ਮਿਲੀਆਂ ਤੇ ਜਿੱਥੇ ਬਾਠ ਵਿਰੁੱਧ ਮਾਹੌਲ ਸੀ, ਉਥੇ ਸੰਧੂ ਨੂੰ ਇਕਪਾਸੜ ਹਮਾਇਤ ਮਿਲੀ। ਇਹ ਜ਼ਿਮਨੀ ਚੋਣ ਸਾਫ਼ ਦੱਸਦੀ ਹੈ ਕਿ ਤਰਨਤਾਰਨ ਵਿਚ ਲੋਕਤਾਂਤ੍ਰਿਕ ਮੁੱਦੇ ਤੇ ਜਨਤਾ ਦੀਆਂ ਪਰੇਸ਼ਾਨੀਆਂ ਪਿੱਛੇ ਰਹਿ ਗਈਆਂ ਹਨ ਤੇ ਸਿਰਫ਼ ਧੜੇ ਅੱਗੇ ਵਧੇ ਤੇ ਪ੍ਰਭਾਵਸ਼ਾਲੀ ਚਿਹਰਿਆਂ ਦੇ ਸਮਰਥਕ ਬਦਲੇ ਹਨ। ਜਦੋਂ ਤੱਕ ਨਸ਼ਿਆਂ ਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਅਸਲੀ ਮੁੱਦੇ ਨੂੰ ਕੇਂਦਰ ਵਿਚ ਰੱਖ ਕੇ ਸਿਆਸਤ ਨਹੀਂ ਕੀਤੀ ਜਾਵੇਗੀ, ਉਦੋਂ ਤੱਕ ਚੋਣ ਨਤੀਜਿਆਂ ’ਤੇ ਉਨ੍ਹਾਂ ਲੋਕਾਂ ਦਾ ਦਬਦਬਾ ਰਹੇਗਾ, ਜਿਨ੍ਹਾਂ ਦੇ ਹੱਥ ਵਿਚ ਸਥਾਨਕ ਗਰੁੱਪਾਂ ਦੀ ਕਮਾਂਡ ਹੈ।