ਸਿੱਖਿਆ ਬੋਰਡ ਵੱਲੋਂ ਜਾਰੀ ਆਦੇਸ਼ਾਂ ਅਨੂਸਾਰ ਵਿਦਿਆਰਥੀਆਂ ਨੂੰ ਰਿਟਨ ਪ੍ਰੀਕਿਰਿਆ ਤੋਂ ਬਚਾਉਂਣ ਲਈ ਅਕਾਦਮਿਕ ਸੈਸ਼ਨ 2025-26 ਦੀ 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿਚ ਕੁਝ ਮੱਹਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ।

ਰਣਜੀਤ ਸਿੰਘ ਰਾਣਾ ਐਸ ਏ ਐਸ ਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਸ਼ਨ ਪੱਤਰ ਤਿਆਰ ਕਰਨ ਲਈ ਕੋਰੋਨਾ ਕਾਲ ਤੋਂ ਪਹਿਲਾਂ, ਚਾਲੂ ਪ੍ਰਥਾ ਨੂੰ ਭਵਿੱਖ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ (ਅਕਾਦਮਿਕ ਸੈਸ਼ਨ 2025-26) ਵਿਚ ਲਾਗੂ ਕਰਨ ਦਾ ਮਹੱਤਵਪੂਰਨ ਫੈਸਲਾ ਕੀਤਾ ਗਿਆ। ਕਿਉਂਕਿ ਕੋਰੋਨਾ ਕਾਲ ਦੌਰਾਨ ਪ੍ਰੀਖਿਆਵਾਂ ਦੇ ਪੈਟਰਨ ਨੂੰ ਕੁਝ ਸੁਖਾਲਾ ਕੀਤਾ ਗਿਆ ਸੀ।
ਸਿੱਖਿਆ ਬੋਰਡ ਵੱਲੋਂ ਜਾਰੀ ਆਦੇਸ਼ਾਂ ਅਨੂਸਾਰ ਵਿਦਿਆਰਥੀਆਂ ਨੂੰ ਰਿਟਨ ਪ੍ਰੀਕਿਰਿਆ ਤੋਂ ਬਚਾਉਣ ਲਈ ਅਕਾਦਮਿਕ ਸੈਸ਼ਨ 2025-26 ਦੀ 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿਚ ਕੁਝ ਮੱਹਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ। ਪ੍ਰਸ਼ਨ ਪੱਤਰਾਂ ਵਿੱਚ ਉਬਜੈਕਟਿਵ ਕਿਸਮ ਦੇ ਪ੍ਰਸ਼ਨਾਂ ਦੀ ਗਿਣਤੀ 40 ਫੀਸਦੀ ਤੋਂ ਘਟਾ ਕੇ 25 ਫੀਸਦੀ ਕਰ ਦਿੱਤੀ ਗਈ ਹੈ। ਪ੍ਰਸ਼ਨ ਪੱਤਰਾਂ ਵਿੱਚ ਪਹਿਲਾਂ 100 ਫੀਸਦੀ ਹੀ ਪ੍ਰਸ਼ਨ ਪਾਠ-ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ-ਬੈਂਕ ਵਿਚੋ ਪਾਏ ਜਾਂਦੇ ਸਨ ਨੂੰ ਹੁਣ ਅਕਾਦਮਿਕ ਸਾਲ ਤੋਂ 2025-26 ਵਿਚ ਬਦਲਦੇ ਹੋਏ, ਘਟੋ-ਘੱਟ 25 ਫੀਸਦੀ ਪ੍ਰਸ਼ਨ ਪਾਠ-ਪੁਸਤਕਾਂ ਦੀ ਵਿਸ਼ਾ ਵਸਤੂ ਵਿਚੋਂ ਭਾਵ ਅਭਿਆਸਾਂ ਤੋਂ ਇਲਾਵਾ, ਪਾਠ ਵਿਚੋਂ ਪਾਉਂਣੇ ਲਾਜ਼ਮੀ ਕੀਤੇ ਗਏ ਹਨ ਅਤੇ ਬਾਕੀ 75 ਫੀਸਦੀ ਪ੍ਰਸ਼ਨ ਪਾਠ-ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ-ਬੈਂਕ ਵਿਚੋਂ ਪਾਏ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੋਰਡ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਦਾ ਪੱਧਰ ਹੋਰ ਉੱਚਾ ਕਰਨ ਦੇ ਮੰਤਵ ਨਾਲ ਪ੍ਰਸ਼ਨ ਪੱਤਰ ਦਾ ਮੁਸ਼ਕਲ ਪੱਧਰ ਦੀ ਵੰਡ ਜੋ ਕਿ ਪਿਛਲੇ ਸਾਲਾਂ ਦੌਰਾਨ 40 ਫੀਸਦੀ ਔਸਤ ਤੋਂ ਘੱਟ, 40 ਫੀਸਦੀ ਔਸਤ ਅਤੇ 20 ਫੀਸਦੀ ਔਸਤ ਤੋਂ ਵੱਧ ਸੀ ਨੂੰ ਬਦਲਦੇ ਹੋਏ ਹੁਣ 30 ਫੀਸਦੀ ਔਸਤ ਤੋਂ ਘੱਟ, 40 ਫੀਸਦੀ ਔਸਤ ਅਤੇ 30 ਫੀਸਦੀ ਔਸਤ ਤੋਂ ਵੱਧ ਕਰ ਦਿੱਤਾ ਗਿਆ ਹੈ। ਉਕਤ ਤਬਦੀਲੀਆਂ ਪ੍ਰਸ਼ਨ ਪੱਤਰਾਂ ਦੇ ਮਿਆਰ ਜੋ ਕਿ ਅਕਾਦਮਿਕ ਸੈਸ਼ਨ 2018-19 ਦੌਰਾਨ ਸੀ ਭਾਵ ਕੋਰੋਨਾ ਕਾਲ ਤੋਂ ਪਹਿਲਾਂ, ਉਸ ਨੂੰ ਮੁੜ ਤੋਂ ਭਵਿੱਖ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ (ਅਕਾਦਮਿਕ ਸੈਸ਼ਨ 2025-26) ਵਿਚ ਲਾਗੂ ਕਰਨ ਸਬੰਧੀ ਕੀਤਾ ਜਾ ਰਿਹਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਨੂੰ ਅਕਾਦਮਿਕ ਸਾਲ 2025-26 ਦੀ 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਸਬੰਧੀ ਇਹ ਜਾਣਕਾਰੀ ਆਪਣੇ ਜ਼ਿਲ੍ਹੇ ਵਿਚ ਇਹਨਾਂ ਸ਼੍ਰੇਣੀਆਂ ਨੂੰ ਪੜ੍ਹਾ ਰਹੇ ਸਾਰੇ ਅਧਿਆਪਕਾਂ ਨੂੰ ਨੋਟ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਉਹ ਆਪਣੇ ਵਿਦਿਆਰਥੀਆਂ ਨੂੰ ਉਕਤ ਅਨੁਸਾਰ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਵਾ ਸਕਣ।