ਇਸ ਤੋਂ ਪਹਿਲਾਂ ਸੂਬੇ ’ਚ ਆਏ ਹੜ੍ਹ ਲਈ ਪ੍ਰਧਾਨ ਮੰਤਰੀ ਵੱਲੋਂ 1600 ਕਰੋੜ ਰੁਪਏ ਦੀ ਮਦਦ ਦੇਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਾ ਸਮਾਂ ਨਹੀਂ ਦੇਣ ਦੀ ਆਲੋਚਨਾ ਕਰਦੇ ਹੋਏ ਵਿਸ਼ੇਸ਼ ਸੈਸ਼ਨ ’ਚ ਜਲ ਸਰੋਤ ਵਿਭਾਗ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮਤਾ ਪੇਸ਼ ਕੀਤਾ ਜਿਸ ’ਚ ਹੜ੍ਹ ਰਾਹਤ ਪੈਕੇਜ ਦੇ ਰੂਪ ’ਚ 20 ਹਜ਼ਾਰ ਕਰੋੜ ਰੁਪਏ ਦੇਣ ਦੀ ਮੰਗ ਕੀਤੀ ਗਈ ਹੈ।
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਨਾਅਰੇਬਾਜ਼ੀ ਕਰਦੇ ਹੋਏ ਸਦਨ ਦੇ ਵੈੱਲ ’ਚ ਪਹੁੰਚ ਗਏ। ਵਿਰੋਧੀ ਧਿਰ ਦੇ ਵਿਧਾਇਕ ਸੱਤਾ ਧਿਰ ਜਾਂ ਸਪੀਕਰ ਨਾਲ ਸਹਿਮਤ ਨਾ ਹੁੰਦੇ ਹੋਏ ਨਾਅਰੇਬਾਜ਼ੀ ਕਰਦੇ ਹੋਏ ਅਕਸਰ ਵੈੱਲ ’ਚ ਚਲੇ ਜਾਂਦੇ ਹਨ, ਇਸ ਤਰ੍ਹਾਂ ਦੀ ਰਵਾਇਤ ਤਾਂ ਆਮ ਹੈ, ਪਰ ਸੱਤਾ ਧਿਰ ਦੇ ਵਿਧਾਇਕ ਕਦੇ ਇਸ ਤਰ੍ਹਾਂ ਨਹੀਂ ਕਰਦੇ ਪਰ ਹੜ੍ਹਾਂ ਦੇ ਮੁੱਦੇ ’ਤੇ ਬੁਲਾਏ ਗਏ ਵਿਸ਼ੇਸ਼ ਇਜਲਾਸ ’ਚ ਇਸੇ ਤਰ੍ਹਾਂ ਹੀ ਹੋਇਆ। ਸਾਰੇ ਵਿਧਾਇਕਾਂ ਦੇ ਹੱਥਾਂ ’ਚ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਸਹਾਇਤਾ ਰਾਸ਼ੀ ਨੂੰ 'ਮੋਦੀ ਜੀ ਦਾ 1600 ਕਰੋੜ ਦਾ ਜੁਮਲਾ' ਦੱਸ ਕੇ ਲਿਖੇ ਹੋਏ ਨਾਅਰੇ ਵਾਲੀਆਂ ਤਖ਼ਤੀਆਂ ਸਨ। ਉਨ੍ਹਾਂ ਨੇ ਰਾਹਤ ਪੈਕੇਜ ਦੇਣ ’ਚ ਪੰਜਾਬ ਨਾਲ ਭੇਦਭਾਵ ਦਾ ਦੋਸ਼ਲਗਾਇਆ।
ਇਸ ਤੋਂ ਪਹਿਲਾਂ ਸੂਬੇ ’ਚ ਆਏ ਹੜ੍ਹ ਲਈ ਪ੍ਰਧਾਨ ਮੰਤਰੀ ਵੱਲੋਂ 1600 ਕਰੋੜ ਰੁਪਏ ਦੀ ਮਦਦ ਦੇਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਾ ਸਮਾਂ ਨਹੀਂ ਦੇਣ ਦੀ ਆਲੋਚਨਾ ਕਰਦੇ ਹੋਏ ਵਿਸ਼ੇਸ਼ ਸੈਸ਼ਨ ’ਚ ਜਲ ਸਰੋਤ ਵਿਭਾਗ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮਤਾ ਪੇਸ਼ ਕੀਤਾ ਜਿਸ ’ਚ ਹੜ੍ਹ ਰਾਹਤ ਪੈਕੇਜ ਦੇ ਰੂਪ ’ਚ 20 ਹਜ਼ਾਰ ਕਰੋੜ ਰੁਪਏ ਦੇਣ ਦੀ ਮੰਗ ਕੀਤੀ ਗਈ ਹੈ। ਹੜ੍ਹ ਨੂੰ ਲੈ ਕੇ ਵਿਸ਼ੇਸ਼ ਸੈਸ਼ਨ ’ਚ ਛੇ ਘੰਟਿਆਂ ਤੱਕ ਚਰਚਾ ਚੱਲੀ। ਮਤੇ ’ਤੇ ਆਪਣਾ ਪੱਖ ਰੱਖਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਵਿੱਤੀ ਪੈਕੇਜ, ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਆਦਿ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਜਵਾਬ ਦਿੱਤੇ। ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ’ਚੋਂ ਇਕ ਵੀ ਪੈਸਾ ਹਾਲੇ ਤੱਕ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਜਿਸ 12 ਹਜ਼ਾਰ ਕਰੋੜ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ, ਉਹ ਕਿਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਜਦੋਂ ਕੇਂਦਰੀ ਬਜਟ ਪਾਸ ਹੁੰਦਾ ਹੈ ਤਾਂ ਸਾਰੇ ਸੂਬਿਆਂ ਲਈ ਐੱਸਡੀਆਰਐੱਫ ਦੀ ਰਾਸ਼ੀ ਵੰਡੀ ਜਾਂਦੀ ਹੈ। ਜੇਕਰ ਇਹ ਰਾਸ਼ੀ ਉਸੇ ਸਾਲ ਖਰਚ ਹੋ ਜਾਂਦੀ ਹੈ ਤਾਂ ਠੀਕ, ਨਹੀਂ ਤਾਂ ਉਸ ’ਤੇ 8.50 ਫ਼ੀਸਦੀ ਵਿਆਜ ਲੱਗਦਾ ਹੈ ਤੇ ਇਹ ਸੂਬੇ ਦੀ ਕਰਜ਼ ਹੱਦ ’ਚੋਂ ਕੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ 2017 ਤੋਂ 2012 ਤੱਕ 2016 ਕਰੋੜ ਆਇਆ ਜਿਸ ’ਚੋਂ 1678 ਕਰੋੜ ਖ਼ਰਚ ਕੀਤਾ ਗਿਆ। 2022 ਤੋਂ ਲੈ ਕੇ ਹੁਣ ਤੱਕ 1582 ਕਰੋੜ ਰੁਪਏ ਹੀ ਆਏ ਸਨ। ਉਨ੍ਹਾਂ ਕਿਹਾ ਕਿ ਜਿਸ 240 ਕਰੋੜ ਰੁਪਏ ਨੂੰ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਉਸੇ ਐੱਸਡੀਆਰਐੱਫ ਦਾ ਹਿੱਸਾ ਹੈ ਜਿਹੜਾ ਕੇਂਦਰੀ ਬਜਟ ’ਚੋਂ ਮਿਲਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਸਭ ਕਾਂਗਰਸ ਦੇ ਉਨ੍ਹਾਂ ਸਾਬਕਾ ਮੰਤਰੀਆਂ ਨੂੰ ਨਹੀਂ ਪਤਾ ਜਿਹੜੇ ਉਦੋਂ ਕੈਬਨਿਟ ’ਚ ਸਨ। ਉਨ੍ਹਾਂ ਕਿਹਾ ਕਿ ਅਸੀਂ ਤਾਂ ਆਮ ਘਰਾਂ ਤੋਂ ਆਉਂਦੇ ਹਾਂ ਪਰ ਇਹ ਤਾਂ ਵੱਡੇ ਸਕੂਲਾਂ ’ਚ ਪੜ੍ਹੇ ਹਨ ਜਿੱਥੇ ਇਕੋਨਾਮੀ ਸਿਖਾਈ ਜਾਂਦੀ ਹੈ। ਸਾਨੂੰ ਸਾਰਿਆਂ ਨੂੰ ਇਸ ਗੱਲ ਨੂੰ ਲੈ ਕੇ ਇਕ ਪਲੇਟਫਾਰਮ ’ਤੇ ਖੜ੍ਹੇ ਹੋਣਾ ਚਾਹੀਦਾ ਹੈ। ਜਦੋਂ ਸੱਤਾ ਧਿਰ ਦੇ ਵਿਧਾਇਕ ਨਾਅਰੇਬਾਜ਼ੀ ਕਰਦੇ ਹੋਏ ਵੈੱਲ ’ਚ ਪਹੁੰਚ ਗਏ, ਉਸ ਸਮੇਂ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਆਦਿ ਹੀ ਆਪਣੀਆਂ ਸੀਟਾਂ ’ਤੇ ਬੈਠੇ ਹੋਏ ਸਨ। ਸਦਨ 20 ਮਿੰਟਾਂ ਲਈ ਮੁਲਤਵੀ ਵੀ ਹੋਇਆ।