ਸੈਮੀਨਾਰ ਵਿਚ ਹਰਿਆਣਾ, ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਚੰਡੀਗੜ੍ਹ ਅਤੇ ਦਿੱਲੀ ਦੇ ਨੁਮਾਇੰਦਿਆਂ ਦੇ ਨਾਲ-ਨਾਲ ਗੁਜਰਾਤ ਤੇ ਮਹਾਰਾਸ਼ਟਰ ਦੇ ਸੇਵਾਮੁਕਤ ਅਧਿਕਾਰੀਆਂ ਨੇ ਮਹੱਤਵਪੂਰਨ ਸੁਝਾਅ ਦਿੱਤੇ। ਹਰਿਆਣਾ ਦੇ ਸਿਹਤ ਸਕੱਤਰ ਸੁਧੀਰ ਰਾਜਪਾਲ ਨੇ ਕਿਹਾ ਕਿ ਨਕਲੀ ਦਵਾਈਆਂ ਤੇ ਐੱਨਡੀਪੀਐਸ ਤਸਕਰੀ ਦਾ ਮੁੱਦਾ ਸਥਾਨਕ ਨਹੀਂ ਸਗੋਂ ਸੂਬਿਆਂ ਵਿਚਾਲੇ ਸਾਂਝੀ ਚੁਣੌਤੀ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਨਕਲੀ ਦਵਾਈਆਂ ਨੂੰ ਰੋਕਣ ਤੇ ਐੱਨਡੀਪੀਐੱਸ ਦਵਾਈਆਂ ਦੇ ਨਸ਼ੇ ਵਿਚ ਦੁਰਵਰਤੋਂ ’ਤੇ ਰੋਕ ਲਗਾਉਣ ਲਈ ਸੱਤ ਸੂਬਿਆਂ ਨੇ ਮਿਲ ਕੇ ਕੰਮ ਕਰਨ ਵਿਚ ਦਿਲਚਸਪੀ ਦਿਖਾਈ ਹੈ। ਸ਼ਨਿਚਰਵਾਰ ਨੂੰ ਹਰਿਆਣਾ ਦੇ ਫੂਡ ਤੇ ਡਰੱਗ ਪ੍ਰਸ਼ਾਸਨ ਵਿਭਾਗ ਵੱਲੋਂ ਕਰਵਾਏ ਗਏ ਦੇਸ਼ ਦੇ ਪਹਿਲੇ ਅੰਤਰਰਾਜੀ ਸੈਮੀਨਾਰ ਵਿਚ ਸੰਬੰਧਿਤ ਸੂਬਿਆਂ ਦੇ ਡਰੱਗਜ਼ ਕੰਟਰੋਲਰ, ਪੁਲਿਸ ਤੇ ਸੀਆਈਡੀ ਅਧਿਕਾਰੀਆਂ ਨੇ ਕਾਰਜ ਯੋਜਨਾ ਸਾਂਝੀ ਕਰਦਿਆਂ ਸੂਬਿਆਂ ਵਿਚਾਲੇ ਸੂਚਨਾਵਾਂ ਦੇ ਵਟਾਂਦਰੇ ਅਤੇ ਈਡੀ ਦੇ ਅਧਿਕਾਰੀਆਂ ਨੂੰ ਲਾਜ਼ਮੀ ਸਿਖਲਾਈ ਦੇਣ ’ਤੇ ਜ਼ੋਰ ਦਿੱਤਾ।
ਸੈਮੀਨਾਰ ਵਿਚ ਹਰਿਆਣਾ, ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਚੰਡੀਗੜ੍ਹ ਅਤੇ ਦਿੱਲੀ ਦੇ ਨੁਮਾਇੰਦਿਆਂ ਦੇ ਨਾਲ-ਨਾਲ ਗੁਜਰਾਤ ਤੇ ਮਹਾਰਾਸ਼ਟਰ ਦੇ ਸੇਵਾਮੁਕਤ ਅਧਿਕਾਰੀਆਂ ਨੇ ਮਹੱਤਵਪੂਰਨ ਸੁਝਾਅ ਦਿੱਤੇ। ਹਰਿਆਣਾ ਦੇ ਸਿਹਤ ਸਕੱਤਰ ਸੁਧੀਰ ਰਾਜਪਾਲ ਨੇ ਕਿਹਾ ਕਿ ਨਕਲੀ ਦਵਾਈਆਂ ਤੇ ਐੱਨਡੀਪੀਐਸ ਤਸਕਰੀ ਦਾ ਮੁੱਦਾ ਸਥਾਨਕ ਨਹੀਂ ਸਗੋਂ ਸੂਬਿਆਂ ਵਿਚਾਲੇ ਸਾਂਝੀ ਚੁਣੌਤੀ ਹੈ। ਇਸ ਨਾਲ ਨਜਿੱਠਣ ਲਈ ਡਾਟਾ ਸਾਂਝਾ ਕਰਨ ਤੇ ਪਾਰਦਰਸ਼ੀ ਸਹਿਯੋਗ ਬਹੁਤ ਜ਼ਰੂਰੀ ਹੈ।
ਹਰਿਆਣਾ ਦੇ ਫੂਡ ਅਤੇ ਡਰੱਗ ਪ੍ਰਸ਼ਾਸਨ ਵਿਭਾਗ ਦੇ ਕਮਿਸ਼ਨਰ ਡਾ. ਮਨੋਜ ਕੁਮਾਰ ਤੇ ਸਟੇਟ ਡਰੱਗ ਕੰਟਰੋਲਰ ਲਲਿਤ ਕੁਮਾਰ ਗੋਇਲ ਨੇ ਐੱਨਡੀਪੀਐਸ ਮਾਮਲਿਆਂ ਵਿਚ ਸਰਹੱਦੀ ਸੂਬਿਆਂ ਵਿਚਾਲੇ ਸਹਿਯੋਗ ਦੀ ਅਹਿਮੀਅਤ ਦੱਸੀ। ਗੁਜਰਾਤ ਦੇ ਸਾਬਕਾ ਡੀਜੀਪੀ ਤੇ ਸੀਬੀਆਈ ਦੇ ਸਾਬਕਾ ਜਾਇੰਟ ਡਾਇਰੈਕਟਰ ਡਾ. ਕੇਸ਼ਵ ਕੁਮਾਰ ਨੇ ਭਾਰਤ ਫਾਰਮਾਸਿਊਟਿਕਲ ਅਲਾਇੰਸ ਵੱਲੋਂ ਬਣਾਏ ਜਾ ਰਹੇ ਰਾਸ਼ਟਰੀ ਡਾਟਾਬੇਸ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਖੰਘ ਦੀਆਂ ਦਵਾਈਆਂ ਕਾਰਨ ਬੱਚਿਆਂ ਦੀਆਂ ਮੌਤਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਦਵਾਈਆਂ ਦੀ ਗੁਣਵੱਤਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਮਹਾਰਾਸ਼ਟਰ ਦੇ ਸੇਵਾਮੁਕਤ ਜਾਇੰਟ ਕਮਿਸ਼ਨਰ ਅਤੇ ਸਟੇਟ ਡਰੱਗ ਕੰਟਰੋਲਰ ਓਐੱਸ ਸਧਵਾਨੀ ਅਤੇ ਹਿਮਾਚਲ ਪ੍ਰਦੇਸ਼ ਦੇ ਸਟੇਟ ਡਰੱਗ ਕੰਟਰੋਲਰ ਮਨੀਸ਼ ਕਪੂਰ ਨੇ ਕੰਟਰੋਲਡ ਪਦਾਰਥਾਂ ਦੀ ਨਾਜਾਇਜ਼ ਤਸਕਰੀ ਅਤੇ ਦੁਰਵਰਤੋਂ ’ਤੇ ਚਿੰਤਾ ਪ੍ਰਗਟਾਉਂਦਿਆਂ ਬਹੁ-ਹਿੱਤਧਾਰਕ ਰਣਨੀਤੀ ਅਪਣਾਉਣ ਦੀ ਜ਼ਰੂਰਤ ਦੱਸੀ।
ਕੇਂਦਰ ਤੇ ਸੂਬਾ ਸਰਕਾਰਾਂ ਨੂੰ ਭੇਜੇ ਜਾਣਗੇ ਨਤੀਜੇ
ਲੇਬਲਿੰਗ ਅਤੇ ਪੈਕ ਸਾਈਜ਼ ’ਤੇ ਸੈਸ਼ਨ ਦਾ ਸੰਚਾਲਨ ਕਰਦਿਆਂ ਹਰਿਆਣਾ ਦੇ ਡਰੱਗ ਕੰਟਰੋਲਰ ਲਲਿਤ ਕੁਮਾਰ ਗੋਇਲ ਨੇ ਦੱਸਿਆ ਕਿ ਸੈਮੀਨਾਰ ਦੇ ਨਤੀਜੇ ਸੂਬਾ ਤੇ ਕੇਂਦਰ ਸਰਕਾਰ ਨੂੰ ਭੇਜੇ ਜਾਣਗੇ ਜਿਸ ਨਾਲ ਭਵਿੱਖ ਵਿਚ ਅੰਤਰਰਾਜੀ ਰਣਨੀਤੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ।