ਹੋਮਿਓਪੈਥਿਕ ਵਿਭਾਗ ’ਚ 115 ਅਹੁਦਿਆਂ 'ਤੇ ਭਰਤੀ, ਵਿੱਤ ਵਿਭਾਗ ਨੇ ਦਿੱਤੀ ਮਨਜ਼ੂਰੀ
ਚੀਮਾ ਨੇ ਦੱਸਿਆ ਕਿ 115 ਅਹੁਦਿਆਂ ਦੀ ਭਰਤੀ ’ਚ ਹੋਮਿਓਪੈਥਿਕ ਮੈਡੀਕਲ ਅਫਸਰ (ਐੱਚਐੱਮਓ) ਦੇ 42 ਅਹੁਦੇ, ਡਿਸਪੈਂਸਰ (ਹੋਮਿਓਪੈਥਿਕ) ਦੇ 72 ਅਹੁਦੇ ਤੇ 1 ਕਲਰਕ ਦਾ ਅਹੁਦਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 115 ਅਹੁਦਿਆਂ ਲਈ ਭਰਤੀ ਪ੍ਰਕਿਰਿਆ ਦੋ ਸਾਲਾਂ ’ਚ ਚਰਨਬੱਧ ਢੰਗ ਨਾਲ ਲਾਗੂ ਕੀਤੀ ਜਾਵੇਗੀ।
Publish Date: Fri, 21 Nov 2025 08:25 AM (IST)
Updated Date: Fri, 21 Nov 2025 08:28 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਵਿੱਤ ਵਿਭਾਗ ਨੇ ਹੋਮਿਓਪੈਥਿਕ ਵਿਭਾਗ ਦੇ 115 ਅਹੁਦਿਆਂ ਨੂੰ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਗੱਲ ਮਹੱਤਵਪੂਰਨ ਹੈ ਕਿ ਇਨ੍ਹਾਂ ’ਚੋਂ ਕਈ ਅਹੁਦੇ ਸੁਰਜੀਤ ਕੀਤੇ ਗਏ ਹਨ ਜੋ ਲੰਬੇ ਸਮੇਂ ਤੋਂ ਖਾਲੀ ਹੋਣ ਕਾਰਨ ਖ਼ਤਮ ਹੋ ਗਏ ਸਨ। ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਇੱਥੇ ਕਿਹਾ ਕਿ ਵਿੱਤ ਵਿਭਾਗ ਨੇ ਹੋਮਿਓਪੈਥਿਕ ਵਿਭਾਗ ਅਧੀਨ ਵੱਖ-ਵੱਖ ਕੈਡਰਾਂ ’ਚ ਕੁੱਲ 115 ਅਹੁਦਿਆਂ ਨੂੰ ਮੁੜ ਸੁਰਜੀਤ ਕਰਨ ਤੇ ਭਰਤੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸਾਰੇ ਪ੍ਰਦੇਸ਼ ’ਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਿਭਾਗ ਦੀ ਸਮਰੱਥਾ ਵਧਾਉਣ ਦੇ ਟੀਚਾ ਨਾਲ ਚੁੱਕਿਆ ਗਿਆ ਹੈ।
ਚੀਮਾ ਨੇ ਦੱਸਿਆ ਕਿ 115 ਅਹੁਦਿਆਂ ਦੀ ਭਰਤੀ ’ਚ ਹੋਮਿਓਪੈਥਿਕ ਮੈਡੀਕਲ ਅਫਸਰ (ਐੱਚਐੱਮਓ) ਦੇ 42 ਅਹੁਦੇ, ਡਿਸਪੈਂਸਰ (ਹੋਮਿਓਪੈਥਿਕ) ਦੇ 72 ਅਹੁਦੇ ਤੇ 1 ਕਲਰਕ ਦਾ ਅਹੁਦਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 115 ਅਹੁਦਿਆਂ ਲਈ ਭਰਤੀ ਪ੍ਰਕਿਰਿਆ ਦੋ ਸਾਲਾਂ ’ਚ ਚਰਨਬੱਧ ਢੰਗ ਨਾਲ ਲਾਗੂ ਕੀਤੀ ਜਾਵੇਗੀ। ਵਿੱਤ ਮੰਤਰੀ, ਜੋ ਮੁਲਾਜ਼ਮ ਮੁੱਦਿਆਂ ਦੇ ਹੱਲ ਲਈ ਬਣਾਈ ਗਈ ਕੈਬਨਿਟ ਸਬ-ਕਮਿਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਹੋਮਿਓਪੈਥਿਕ ਮੈਡੀਕਲ ਅਫਸਰ ਐਸੋਸੀਏਸ਼ਨ ਨਾਲ ਬੈਠਕ ਦੌਰਾਨ ਇਸ ਮੁੱਦੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬੈਠਕ ’ਚ ਹੋਮਿਓਪੈਥਿਕ ਵਿਭਾਗ ਨੇ ਆਪਣੀ ਕਾਰਗੁਜ਼ਾਰੀ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਨੂੰ ਉਠਾਉਂਦਿਆਂ ਇਹ ਗੱਲ ਰੱਖੀ ਕਿ ਹੋਮਿਓਪੈਥਿਕ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਵੱਖ-ਵੱਖ ਡਿਸਪੈਂਸਰੀਆਂ ਨੂੰ 100 ਫੀਸਦ ਸਮਰੱਥਾ 'ਤੇ ਚਲਾਉਣ ਦੇ ਬਾਵਜੂਦ ਵਿਭਾਗ ’ਚ ਪਿਛਲੇ ਸਮੇਂ ’ਚ ਸਿਰਫ 22 ਰੈਗੂਲਰ ਅਹੁਦੇ ਹੀ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਬਿਹਤਰ ਕਾਰਗੁਜ਼ਾਰੀ ਤੇ ਹੋਮਿਓਪੈਥਿਕ ਸੇਵਾਵਾਂ ਦੇ ਵਿਸਥਾਰ ਲਈ ਇਨ੍ਹਾਂ ਅਹੁਦਿਆਂ ਨੂੰ ਸੁਰਜੀਤ ਕਰਨ ਦੀ ਲੋੜ ਨੂੰ ਧਿਆਨ ’ਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਪਹਿਲ ਪੰਜਾਬ ਸਰਕਾਰ ਵੱਲੋਂ ਆਪਣੇ ਜਨਤਕ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਪ੍ਰਦਾਨ ਕਰਨ ਦੀ ਦਿਸ਼ਾ ’ਚ ਇਕ ਫ਼ੈਸਲਾਕੁੰਨ ਕਦਮ ਹੈ।