ਰੰਧਾਵਾ ਨੇ ਗਾਏ ਕੈਪਟਨ ਦੇ ਕਸੀਦੇ; ‘ਆਪ’ ਨੇ ਕੀਤੇ ਸਵਾਲ, ਕਿਹਾ- ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰਨ ਵਾਲੇ 'ਜ਼ੁਬਾਨ ਦੇ ਪੱਕੇ' ਕਿਵੇਂ?
ਸਰਕਾਰ ਬਣਨ ਤੋਂ ਪਹਿਲਾਂ, ਕੈਪਟਨ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਸਹੁੰ ਚੁੱਕੀ ਸੀ ਕਿ ਉਹ ਨਸ਼ਾ ਖਤਮ ਕਰਨਗੇ। ਇਸ ਤੋਂ ਇਲਾਵਾ, 'ਘਰ-ਘਰ ਨੌਕਰੀ' ਪੱਕੀ ਕਰਨ ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਨ ਦੇ ਵੱਡੇ ਵਾਅਦੇ ਕੀਤੇ ਗਏ ਸਨ। ਪੰਨੂ ਨੇ ਕਿਹਾ ਕਿ ਇਹ ਸਾਰੇ ਵਾਅਦੇ ਹਵਾ ਵਿਚ ਉੱਡ ਗਏ, ਫਿਰ ਰੰਧਾਵਾ ਸਾਹਿਬ ਕਿਸ ਮੂੰਹ ਨਾਲ ਕਹਿ ਰਹੇ ਹਨ ਕਿ ਕੈਪਟਨ ‘ਜ਼ੁਬਾਨ ਦੇ ਪੱਕੇ’ ਹਨ?
Publish Date: Mon, 15 Dec 2025 08:13 AM (IST)
Updated Date: Mon, 15 Dec 2025 08:16 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਬੰਧ ਵਿਚ ਨਰਮ ਪੱਖ ਅਪਣਾਉਂਦੇ ਨਜ਼ਰ ਆ ਰਹੇ ਹਨ। ਇਕ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ, ਰੰਧਾਵਾ ਨੇ ਕੈਪਟਨ ਨੂੰ 'ਜ਼ੁਬਾਨ ਦਾ ਪੱਕਾ' ਦੱਸਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਰੰਧਾਵਾ ਦੇ ਕੈਪਟਨ ਪ੍ਰਤੀ ਨਰਮ ਪੱਖ ਨੂੰ ਲੈ ਕੇ ਉਨ੍ਹਾਂ ਨੂੰ ਲੰਮੇਂ ਹੱਥੀਂ ਲਿਆ। ਪੰਨੂ ਨੇ ਰੰਧਾਵਾ ਨੂੰ ਸਵਾਲ ਕੀਤਾ ਕਿ ਕੀ ਉਹ 2017 ਦੀਆਂ ਚੋਣਾਂ ਨੂੰ ਭੁੱਲ ਗਏ ਹਨ? ਸਰਕਾਰ ਬਣਨ ਤੋਂ ਪਹਿਲਾਂ, ਕੈਪਟਨ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਸਹੁੰ ਚੁੱਕੀ ਸੀ ਕਿ ਉਹ ਨਸ਼ਾ ਖਤਮ ਕਰਨਗੇ। ਇਸ ਤੋਂ ਇਲਾਵਾ, 'ਘਰ-ਘਰ ਨੌਕਰੀ' ਪੱਕੀ ਕਰਨ ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਨ ਦੇ ਵੱਡੇ ਵਾਅਦੇ ਕੀਤੇ ਗਏ ਸਨ। ਪੰਨੂ ਨੇ ਕਿਹਾ ਕਿ ਇਹ ਸਾਰੇ ਵਾਅਦੇ ਹਵਾ ਵਿਚ ਉੱਡ ਗਏ, ਫਿਰ ਰੰਧਾਵਾ ਸਾਹਿਬ ਕਿਸ ਮੂੰਹ ਨਾਲ ਕਹਿ ਰਹੇ ਹਨ ਕਿ ਕੈਪਟਨ ‘ਜ਼ੁਬਾਨ ਦੇ ਪੱਕੇ’ ਹਨ?
'ਆਪ' ਦੇ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਫਰ ਅਤੇ ਪਾਰਟੀਆਂ ਬਦਲਣ ਦੇ ਇਤਿਹਾਸ 'ਤੇ ਵੀ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ 1984 ਵਿਚ ਕੈਪਟਨ ਕਾਂਗਰਸ ਵਿਚ ਸਨ ਪਰ ਬਾਅਦ ਵਿਚ ਅਕਾਲੀ ਦਲ (ਬਾਦਲ) ਵਿਚ ਸ਼ਾਮਲ ਹੋ ਗਏ। ਜਦੋਂ ਅਕਾਲੀ ਦਲ ਤੋਂ ਟਿਕਟ ਨਹੀਂ ਮਿਲੀ, ਤਾਂ ਉਹ ਮੁੜ ਕਾਂਗਰਸ ਵਿਚ ਆ ਗਏ। ਪੰਨੂ ਨੇ ਯਾਦ ਦਿਵਾਇਆ ਕਿ 2012 ਵਿਚ ਜਦੋਂ ਕੈਪਟਨ ਨੂੰ ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਨਹੀਂ ਬਣਾਇਆ ਜਾ ਰਿਹਾ ਸੀ, ਤਾਂ ਉਨ੍ਹਾਂ ਨੇ ਇਕ ਨਵੀਂ ਪਾਰਟੀ ਰਜਿਸਟਰ ਕਰਵਾ ਲਈ ਸੀ। ਜਦੋਂ ਕਾਂਗਰਸ ਨੇ ਉਨ੍ਹਾਂ ਦੀ ਮੰਗ ਮੰਨ ਲਈ, ਤਾਂ ਉਹ ਮੁੜ ਆ ਗਏ। ਕੀ ਅਜਿਹੇ ਇਤਿਹਾਸ ਵਾਲਾ ਵਿਅਕਤੀ ਜ਼ੁਬਾਨ ਦਾ ਪੱਕਾ ਹੋ ਸਕਦਾ ਹੈ?
ਪੰਨੂ ਨੇ ਕਿਹਾ ਕਿ ਕੈਪਟਨ ਹੁਣ ਸੁਖਬੀਰ ਸਿੰਘ ਬਾਦਲ ਨੂੰ ਵੀ ਵਧੀਆ ਇਨਸਾਨ ਕਹਿ ਰਹੇ ਹਨ, ਜੋ ਕਿ ਹੈਰਾਨੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਚਾਲਾਂ ਨੂੰ ਸਮਝਦੇ ਹਨ ਅਤੇ ਅਜਿਹੀ ਮੌਕਾਪ੍ਰਸਤ ਰਾਜਨੀਤੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।