ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਤੋਂ ਪਹਿਲਾਂ ਲਾਸ਼ ਦਾ ਐਕਸ-ਰੇ ਕਰਵਾਇਆ ਗਿਆ। ਜਾਂਚ ਵਿਚ ਸਾਹਮਣੇ ਆਇਆ ਕਿ ਕਰਨ ਦੇ ਸਰੀਰ ਵਿਚ ਕੁੱਲ 6 ਗੋਲ਼ੀਆਂ ਲੱਗੀਆਂ ਸਨ। ਇਨ੍ਹਾਂ ਵਿਚੋਂ 2 ਗੋਲ਼ੀਆਂ ਪੇਟ ਵਿਚ ਅਤੇ 4 ਗੋਲ਼ੀਆਂ ਦੋਵੇਂ ਪੱਟਾਂ ਦੇ ਪਿਛਲੇ ਹਿੱਸੇ ਵਿਚ ਲੱਗੀਆਂ ਸਨ। ਹੈਰਾਨੀਜਨਕ ਤੱਥ ਇਹ ਰਿਹਾ ਕਿ ਸਾਰੀਆਂ 6 ਗੋਲ਼ੀਆਂ ਸਰੀਰ ਦੇ ਆਰ-ਪਾਰ ਨਿਕਲ ਗਈਆਂ ਸਨ ਅਤੇ ਕੋਈ ਵੀ ਗੋਲ਼ੀ ਸਰੀਰ ਦੇ ਅੰਦਰ ਨਹੀਂ ਸੀ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ ਵਿਚ ਨਾਮਜ਼ਦ ਅਤੇ ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਮੁੱਖ ਸ਼ੂਟਰ ਕਰਨ ਪਾਠਕ ਉਰਫ਼ ਕਰਨ ਡਿਫਾਲਟਰ ਦਾ ਸੋਮਵਾਰ ਖਰੜ ਦੇ ਸਿਵਲ ਹਸਪਤਾਲ ਵਿਚ ਚਾਰ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ। ਇਸ ਦੌਰਾਨ ਐੱਸਪੀ (ਡੀ) ਸੌਰਭ ਜਿੰਦਲ ਅਤੇ ਡੀਐੱਸਪੀ ਕਰਨ ਸੰਧੂ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਰਹੀ।
ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਤੋਂ ਪਹਿਲਾਂ ਲਾਸ਼ ਦਾ ਐਕਸ-ਰੇ ਕਰਵਾਇਆ ਗਿਆ। ਜਾਂਚ ਵਿਚ ਸਾਹਮਣੇ ਆਇਆ ਕਿ ਕਰਨ ਦੇ ਸਰੀਰ ਵਿਚ ਕੁੱਲ 6 ਗੋਲ਼ੀਆਂ ਲੱਗੀਆਂ ਸਨ। ਇਨ੍ਹਾਂ ਵਿਚੋਂ 2 ਗੋਲ਼ੀਆਂ ਪੇਟ ਵਿਚ ਅਤੇ 4 ਗੋਲ਼ੀਆਂ ਦੋਵੇਂ ਪੱਟਾਂ ਦੇ ਪਿਛਲੇ ਹਿੱਸੇ ਵਿਚ ਲੱਗੀਆਂ ਸਨ। ਹੈਰਾਨੀਜਨਕ ਤੱਥ ਇਹ ਰਿਹਾ ਕਿ ਸਾਰੀਆਂ 6 ਗੋਲ਼ੀਆਂ ਸਰੀਰ ਦੇ ਆਰ-ਪਾਰ ਨਿਕਲ ਗਈਆਂ ਸਨ ਅਤੇ ਕੋਈ ਵੀ ਗੋਲ਼ੀ ਸਰੀਰ ਦੇ ਅੰਦਰ ਨਹੀਂ ਸੀ। ਫੋਰੈਂਸਿਕ ਟੀਮ ਨੇ ਵਿਸਰਾ ਲੈ ਕੇ ਜਾਂਚ ਲਈ ਲੈਬ ਭੇਜ ਦਿੱਤਾ ਹੈ।
ਪੁਲਿਸ ਐਨਕਾਊਂਟਰ ਹੋਣ ਕਾਰਨ ਪੋਸਟਮਾਰਟਮ ਦੌਰਾਨ ਪੂਰੇ ਨਿਯਮਾਂ ਦੀ ਪਾਲਣਾ ਕੀਤੀ ਗਈ। ਡਿਊਟੀ ਮੈਜਿਸਟਰੇਟ ਵਜੋਂ ਐੱਸਡੀਐੱਮ ਖਰੜ ਖ਼ੁਦ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਸਾਰੀ ਪ੍ਰਕਿਰਿਆ ਮੁਕੰਮਲ ਹੋਈ। ਲਗਭਗ ਦੋ ਘੰਟੇ ਚੱਲੇ ਇਸ ਪੋਸਟਮਾਰਟਮ ਦੀ ਪੂਰੀ ਵੀਡੀਓਗ੍ਰਾਫੀ ਵੀ ਕਰਵਾਈ ਗਈ।
ਜ਼ਿਕਰਯੋਗ ਹੈ ਕਿ ਕਰਨ ਡਿਫਾਲਟਰ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਸੀ। 16 ਜਨਵਰੀ ਦੀ ਰਾਤ ਨੂੰ ਸੀਆਈਏ ਸਟਾਫ਼ ਖਰੜ ਤੋਂ ਹਸਪਤਾਲ ਲਿਜਾਂਦੇ ਸਮੇਂ ਉਹ ਪੁਲਿਸ ਦੀ ਗੱਡੀ ਹਾਦਸਾਗ੍ਰਸਤ ਹੋਣ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਿਆ ਸੀ। ਅਗਲੀ ਸਵੇਰ ਏਅਰਪੋਰਟ ਰੋਡ 'ਤੇ ਪਿੰਡ ਰੂੜਕੀ ਖਾਮ ਦੇ ਜੰਗਲਾਂ ਵਿਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਉਸ ਦੀ ਮੌਤ ਹੋ ਗਈ ਸੀ। ਰਾਣਾ ਬਲਾਚੌਰੀਆ ਕੇਸ ਵਿਚ ਹੁਣ ਤੱਕ 8 ਲੋਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਦੋ ਦੀ ਐਨਕਾਊਂਟਰ ਵਿਚ ਮੌਤ ਹੋ ਚੁੱਕੀ ਹੈ।
ਫੋਟੋ ਕੈਪਸ਼ਨ : ਗੈਂਗਸਟਰ ਕਰਨ ਡਿਫਾਲਟਰ ਦੀ ਪੁਰਾਣੀ ਤਸਵੀਰ। 22ਪੀ