ਰਾਜ ਸਭਾ ਲਈ ਭਰੇ ਤਿੰਨ ਆਜ਼ਾਦ ਉਮੀਦਵਾਰਾਂ ਦੇ ਕਾਗਜ਼ ਰੱਦ, 24 ਅਕਤੂਬਰ ਨੂੰ ਇਕ ਸੀਟ ਲਈ ਹੋਵੇਗੀ ਚੋਣ
Rajya Sabha ਦੀ ਇਕ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀ ਚੋਣ ਵਾਸਤੇ ਭਰੇ ਤਿੰਨ ਆਜ਼ਾਦ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਲੁਧਿਆਣਾ ਦੀ ਜ਼ਿਮਨੀ ਚੋਣ 'ਚ ਜਿੱਤ ਹਾਸਲ ਕਰਨ ਉਪਰੰਤ ਸੰਜੀਵ ਅਰੋੜਾ ਨੇ ਰਾਜ ਸਭਾ ਦੇ ਮੈਂਬਰ ਵਜੋਂ ਅਸਤੀਫ਼ਾ ਦਿੱਤਾ ਸੀ ਜਿਸ ਕਾਰਨ ਇਹ ਸੀਟ ਖਾਲੀ ਹੋਈ ਸੀ।
Publish Date: Tue, 14 Oct 2025 01:25 PM (IST)
Updated Date: Tue, 14 Oct 2025 02:05 PM (IST)

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਚੰਡੀਗੜ੍ਹ : ਰਾਜ ਸਭਾ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਮੰਗਲਵਾਰ ਨੂੰ ਕਾਗਜ਼ਾਂ ਦੀ ਜਾਂਚ ਪੜ੍ਹਤਾਲ ਦੌਰਾਨ ਤਿੰਨ ਅਜ਼ਾਦ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਰਿਟਰਨਿੰਗ ਅਧਿਕਾਰੀ ਕਮ ਪੰਜਾਬ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਖਟਾਣਾ ਦਾ ਕਹਿਣਾ ਹੈ ਕਿ ਅਜ਼ਾਦ ਉਮੀਦਵਾਰਾਂ ਦੇ ਕਾਗਜ਼ ਸਹੀ ਨਾ ਹੋਣ ਕਰਕੇ ਰੱਦ ਕੀਤੇ ਗਏ ਹਨ। ਅਜ਼ਾਦ ਉਮੀਦਵਾਰ ਰਵਨੀਤ ਚਤੁਰਵੇਦੀ ਨੇ ਕਾਗਜ਼ ਰੱਦ ਕਰਨ ਅਤੇ ਉਸਦੀ ਨਾਮਜ਼ਦਗੀ ਤੇ ਤਾਈਦ ਕਰਨ ਵਾਲੇ ਮੈਂਬਰਾਂ (ਵਿਧਾਇਕਾਂ) ਦਾ ਨਾਮ ਜਨਤਕ ਕੀਤੇ ਜਾਣ ’ਤੇ ਇਤਰਾਜ਼ ਵੀ ਕੀਤਾ। ਜਦਕਿ ਰਿਟਰਨਿੰਗ ਅਧਿਕਾਰੀ ਰਾਮ ਲੋਕ ਖਟਾਣਾ ਨੇ ਤਰਕ ਦਿੱਤਾ ਕਿ ਨਾਮਜ਼ਦਗੀ ਪੇਪਰਾਂ ਨਾਲ ਲੱਗੇ ਦਸਤਾਵੇਜ਼ ਅਤੇ ਤਾਈਦ ਕਰਨ ਵਾਲਿਆਂ ਦਾ ਨਾਮ ਨੋਟਿਸ ਬੋਰਡ ’ਤੇ ਲਗਾਉਣ ਅਤੇ ਕਾਗਜ਼ਾਂ ਬਾਰੇ ਪੁੱਛਗਿੱਛ ਕਰਨਾ ਜਰੂਰੀ ਹੈ। ਰਿਟਰਨਿੰਗ ਅਧਿਕਾਰੀ ਨੇ ਕਿਹਾ ਕਿ ਵਿਧਾਨ ਸਭਾ ਦੇ ਰਿਕਾਰਡ ਅਨੁਸਾਰ ਤਾਈਦ ਕਰਨ ਵਾਲੇ ਵਿਧਾਇਕਾਂ (ਮੈਂਬਰਾਂ) ਦੇ ਦਸਤਖਤ ਮੇਲ ਨਹੀਂ ਖਾਂਦੇ। ਜਿਸ ਕਰਕੇ ਤਿੰਨ ਅਜਾਦ ਉਮੀਦਵਾਰਾਂ ਰਵਨੀਤ ਚਤੁਰਵੇਦੀ, ਮਹਾਰਾਸ਼ਟਰ ਨਿਵਾਸੀ ਪ੍ਰਭਾਕਰਦਾਦਾ ਦੱਤਾਤ੍ਰੇਅ ਜਾਨਵੇਕਰ ਅਤੇ ਹੈਦਰਾਬਾਦ ਨਿਵਾਸੀ ਕਾਂਟੇ ਸਿਆਨਾ ਹੈਦਰਾਬਾਦ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਜਦਕਿ ਰਾਜਿੰਦਰ ਗੁਪਤਾ ਅਤੇ ਮਧੂ ਗੁਪਤਾ ਦੇ ਕਾਗਜ਼ ਸਹੀ ਪਾਏ ਗਏ। ਯਾਨੀ ਹੁਣ ਦੋ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ। ਵੀਰਵਾਰ ਤੱਕ ਉਮੀਦਵਾਰ ਕਾਗਜ਼ ਵਾਪਸ ਲੈ ਸਕਣਗੇ।