ਯਾਦਵ ਨੇ ਪੁਲਿਸ ਵਿਭਾਗ ਦੀ ਯੋਜਨਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਨਸ਼ੇ ਦੇ ਮਾਮਲੇ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਤੇ ਅਫ਼ਸਰਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਪੁਲਿਸ ਨੇ ਨਵੇਂ ਵਰ੍ਹੇ (2026 ਵਿਚ) ਆਰਗੇਨਾਈਜ਼ ਕ੍ਰਾਈਮ ਦੀ ਜੜ੍ਹ ਪੁੱਟਣ, ਵਿਦੇਸ਼ਾਂ ’ਚ ਬੈਠੇ ਲੋੜੀਂਦੇ ਅਪਰਾਧੀਆਂ ਨੂੰ ਭਾਰਤ ਲਿਆਉਣ, ਨਸ਼ਾ ਖ਼ਤਮ ਕਰਨ ਅਤੇ ਪੁਲਿਸ ਦੀ ਸਮੁੱਚੀ ਕਾਰਜ ਪ੍ਰਣਾਲੀ ਦਾ ਆਧੁਨਿਕੀਕਰਨ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਪੰਜਾਬ ਪੁਲਿਸ ਦੇ ਨਿਰਦੇਸ਼ਕ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਖੁਲਾਸਾ ਕੀਤਾ ।
ਯਾਦਵ ਨੇ ਪੁਲਿਸ ਵਿਭਾਗ ਦੀ ਯੋਜਨਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਨਸ਼ੇ ਦੇ ਮਾਮਲੇ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਤੇ ਅਫ਼ਸਰਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਬੰਦ ਦੋਸ਼ੀਆਂ ਦੇ ਆਵਾਜ਼ ਦੇ ਸੈਂਪਲ ਲੈਣ, ਟਰੈਵਲ ਏਜੰਟਾਂ ਅਤੇ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ੇ ਤੇ ਹਥਿਆਰਾਂ ਦੀ ਤਸਕਰੀ ’ਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੈੱਡ ਕਾਂਸਟੇਬਲ (ਹੌਲਦਾਰ) ਨੂੰ ਨਾਰਕੋਟਿਕਸ ਐਕਟ ਤਹਿਤ ਗੈਰ ਕਮਰਸ਼ੀਅਲ ਮਾਮਲਿਆਂ ਵਿਚ ਜਾਂਚ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਮਾਮਲੇ ਦੀ ਜਾਂਚ ਲਈ ਇਨਵੈਸਟੀਗੇਸ਼ਨ ਅਫਸਰਾਂ (ਆਈਓ) ਨੂੰ ਟ੍ਰੇਨਿੰਗ ਲਈ ਹਿਮਾਚਲ ਪ੍ਰਦੇਸ਼ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਬੈਠੇ ਲੋੜੀਂਦੇ ਦੋਸ਼ੀਆਂ ਨੂੰ ਭਾਰਤ ਲਿਆਂਦਾ ਜਾਵੇਗਾ ਤੇ ਦੋਸ਼ੀਆਂ ਨੂੰ ਪਨਾਹ ਦੇਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਟਾਲਾ ਵਿਖੇ ਪੁਲਿਸ ਲਾਈਨ ਬਣਾਉਣ ਦੀ ਪ੍ਰਵਾਨਗੀ ਮਿਲ ਗਈ ਹੈ ਜਦਕਿ ਮਾਲੇਰਕੋਟਲਾ ਅਤੇ ਨਵਾਂਸ਼ਹਿਰ ਵਿਖੇ ਪੁਲਿਸ ਲਾਈਨ ਬਣ ਰਹੀ ਹੈ।
112 ਰਿਸਪਾਂਸ ਸਮਾਂ 7 ਮਿੰਟ ਕਰਨ ਦੀ ਕੋਸ਼ਿਸ਼
ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਪੁਲਿਸ ਨੇ ਨਸ਼ਾ ਖ਼ਤਮ ਕਰਨ, ਸਰਹੱਦ ਪਾਰ ਤੋਂ ਆ ਰਹੇ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਰੋਕਣ ’ਚ ਕਾਫ਼ੀ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਹੈ ਪਰ ਨਵੇਂ ਵਰ੍ਹੇ ਪੁਲਿਸ ਨੇ 112 ਹੈਲਪਲਾਈਨ ਦਾ ਰਿਸਪਾਂਸ 7 ਤੋਂ ਅੱਠ ਮਿੰਟ ਕਰਨ ਦਾ ਟੀਚਾ ਰੱਖਿਆ ਹੈ। ਇਸ ਵਕਤ ਇਹ 12 ਤੋਂ 13 ਮਿੰਟ ਹੈ। ਉਨ੍ਹਾਂ ਕਿਹਾ ਕਿ 112 ਹੈਲਪਲਾਈਨ ਦਾ ਹੈਡਕੁਆਟਰ ਮੋਹਾਲੀ ਵਿਖੇ ਬਣਾਇਆ ਜਾਵੇਗਾ। ਯਾਦਵ ਨੇ ਦੱਸਿਆ ਕਿ ਪੁਲਿਸ ਨੇ ਦੋ ਹਜ਼ਾਰ ਦੇ ਕਰੀਬ ਵਾਹਨਾਂ ਨੂੰ ਸਕ੍ਰੈਪ ਪਾਲਿਸੀ ਤਹਿਤ ਨਸ਼ਟ ਕੀਤਾ ਹੈ ਅਤੇ ਸਮੂਹ ਪੁਲਿਸ ਥਾਣਿਆਂ ਅਤੇ ਐੱਸਪੀ ਰੈੱਕ ਤੋਂ ਉਪਰ ਸਾਰੇ ਅਧਿਕਾਰੀਆਂ ਨੂੰ ਨਵੀਆਂ ਗੱਡੀਆਂ ਮੁਹੱਈਆ ਕਰਵਾਈਆਂ ਹਨ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਗੱਡੀਆਂ ਖ੍ਰੀਦਣ ਲਈ ਕੀਤੇ ਘਪਲੇ ਬਾਰੇ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣ ਦੀ ਜ਼ਰੂਰਤ ਨਹੀਂ ਹੈ ਪਰ ਇਹ ਗੱਡੀਆਂ ਪੁਲਿਸ ਵਿਭਾਗ ਦੀ ਕਮੇਟੀ ਵੱਲੋਂ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਖ਼ਰੀਦ ਕੀਤੀਆਂ ਹਨ।
ਘਰ ਢਾਹੁਣ ’ਚ ਪੁਲਿਸ ਦੀ ਕੋਈ ਭੂਮਿਕਾ ਨਹੀਂ
ਡੀਜੀਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਘਰ ਢਾਹੁਣ ’ਚ ਪੁਲਿਸ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਪੁਲਿਸ ਨੇ ਘਰ ਢਾਹੁਣ ਦੀ ਕੋਈ ਮੁਹਿੰਮ ਨਹੀਂ ਚਲਾਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਨਾਜਇਜ਼ ਕਬਜ਼ਿਆਂ ਖ਼ਿਲਾਫ਼ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਬਣੀ ਕਮੇਟੀ ਵੱਲੋਂ ਮੁਹਿੰਮ ਚਲਾਈ ਗਈ ਪੁਲਿਸ ਤਾਂ ਬਤੌਰ ਸੁਰੱਖਿਆ ਤੈਨਾਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਸ਼ਾਮਲ ਦੋਸ਼ੀਆਂ ਦੀਆਂ 260 ਕਰੋੜ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਹੈ।
ਆਈਐੱਸਆਈ ਵਿਗਾੜ ਰਹੀ ਮਾਹੌਲ
ਯਾਦਵ ਨੇ ਕਿਹਾ ਕਿ ਗੁਆਂਢੀ ਮੁਲਕ ਅਤੇ ਆਈਐੱਸਆਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਇਕ ਸਵਾਲ ਦੇ ਜਵਾਬ ਵਿਚ ਯਾਦਵ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਧਮਾਕਿਆਂ ਦੀਆਂ ਵਾਪਰੀਆਂ ਵਾਰਦਾਤਾਂ ਪਿੱਛੇ ਆਈਐੱਸਆਈ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਨਾਲ ਭਾਰਤ ਨਾ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ।
ਪੁਲਿਸ ਦੇ ਭਗੌੜੇ ਅਫ਼ਸਰਾਂ ਬਾਰੇ ਕਹੀ ਇਹ ਗੱਲ
ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਪੰਜਾਬ ਪੁਲਿਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ, ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਆਪ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਾਠਮੰਡੂ (ਨੇਪਾਲ) ਸਮੇਤ ਹੋਰਨਾਂ ਥਾਵਾਂ ਤੋਂ ਪਾਸਪੋਰਟ ਬਣਾ ਕੇ ਕਈ ਵਾਰ ਦੋਸ਼ੀ ਬਾਹਰ ਨਿਕਲਣ ਵਿਚ ਕਾਮਯਾਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਨੂੰ ਸੈਂਟਰਲਾਈਜ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਡ੍ਰੋਨ ਸੁੱਟਣ ਦਾ ਸਿਹਰਾ ਬੀਐੱਸਐੱਫ ਨੂੰ ਜਾਂਦਾ ਹੈ ਅਤੇ ਪੰਜਾਬ ਪੁਲਿਸ ਸਭ ਤੋਂ ਵਧੀਆ ਐਂਟੀ ਡ੍ਰੋਨ ਸਿਸਟਮ ਲੈਣ ਦਾ ਯਤਨ ਕਰੇਗੀ।