ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਲਈ ਦੁਚਿੱਤੀ 'ਚ ਫਸੀ ਪੰਜਾਬ ਸਰਕਾਰ, ਰੋਪੜ ਤੇ ਖਰੜ 'ਚ ਹੋ ਰਿਹਾ ਵਿਰੋਧ, ਆਖਿਰ ਕਿਉਂ ?
ਸਰਕਾਰ ਮਾਲੇਰਕੋਟਲਾ 'ਚ ਜ਼ਿਲ੍ਹੇ ਮੁਤਾਬਕ ਬੁਨਿਆਦੀ ਢਾਂਚਾ ਵਿਕਸਿਤ ਕਰਨ 'ਚ ਅਜੇ ਤਕ ਅਸਫਲ ਰਹੀ ਹੈ। ਲਗਪਗ ਦੋ ਮਹੀਨੇ ਪਹਿਲਾਂ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਉਸ ਵੇਲੇ ਉਠੀ ਸੀ ਜਦੋਂ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਮਨਾਉਣ ਦਾ ਫੈਸਲਾ ਕੀਤਾ ਸੀ।
Publish Date: Sat, 22 Nov 2025 03:17 PM (IST)
Updated Date: Sat, 22 Nov 2025 03:28 PM (IST)
ਕੈਲਾਸ਼ ਨਾਥ, ਚੰਡੀਗੜ੍ਹ : ਪੰਜਾਬ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਨੂੰ ਸੂਬੇ ਦਾ 24ਵਾਂ ਜ਼ਿਲ੍ਹਾ ਬਣਾਉਣ ਦੇ ਮਾਮਲੇ 'ਤੇ ਵਿਚਾਰ ਕਰਨ ਦੇ ਲਗਪਗ ਦੋ ਮਹੀਨੇ ਬਾਅਦ ਵੀ ਆਖ਼ਰੀ ਫੈਸਲਾ ਨਹੀਂ ਲੈ ਸਕੀ ਹੈ। ਦੂਜੇ ਪਾਸੇ, ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਮਾਮਲੇ 'ਤੇ ਗੜ੍ਹਸ਼ੰਕਰ, ਬਲਾਚੌਰ, ਰੋਪੜ ਤੇ ਖਰੜ ਵਿਖੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸਭ ਤੋਂ ਵੱਧ ਵਿਰੋਧ ਬਾਰ ਐਸੋਸੀਏਸ਼ਨ ਵੱਲੋਂ ਕੀਤਾ ਜਾ ਰਿਹਾ ਹੈ।
ਉੱਚ ਪੱਧਰੀ ਸੂਤਰਾਂ ਅਨੁਸਾਰ, ਕੈਬਨਿਟ ਮੰਤਰੀ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਬੈਂਸ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜ਼ਬਰਦਸਤ ਮੰਗ ਕਰ ਰਹੇ ਹਨ। ਹਾਲਾਂਕਿ, ਵਿਰੋਧ ਪ੍ਰਦਰਸ਼ਨਾਂ ਤੇ ਮਾਲੇਰਕੋਟਲਾ 'ਚ ਬੁਨਿਆਦੀ ਢਾਂਚਾ ਨਾ ਦੇਣ ਲਈ ਹਾਈ ਕੋਰਟ ਵੱਲੋਂ ਸਰਕਾਰ ਦੀ ਆਲੋਚਨਾ ਤੋਂ ਬਾਅਦ, ਸਰਕਾਰ ਅਜੇ ਤਕ ਕੋਈ ਆਖ਼ਰੀ ਫੈਸਲਾ ਨਹੀਂ ਲੈ ਸਕੀ। ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2021 'ਚ ਮਾਲੇਰਕੋਟਲਾ ਨੂੰ ਜ਼ਿਲ੍ਹਾ ਐਲਾਨਿਆ ਸੀ।
ਸਰਕਾਰ ਮਾਲੇਰਕੋਟਲਾ 'ਚ ਜ਼ਿਲ੍ਹੇ ਮੁਤਾਬਕ ਬੁਨਿਆਦੀ ਢਾਂਚਾ ਵਿਕਸਿਤ ਕਰਨ 'ਚ ਅਜੇ ਤਕ ਅਸਫਲ ਰਹੀ ਹੈ। ਲਗਪਗ ਦੋ ਮਹੀਨੇ ਪਹਿਲਾਂ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਉਸ ਵੇਲੇ ਉਠੀ ਸੀ ਜਦੋਂ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਮਨਾਉਣ ਦਾ ਫੈਸਲਾ ਕੀਤਾ ਸੀ। ਇਸੇ ਤਰ੍ਹਾਂ, 24 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ।
ਪਿਛਲੇ ਹਫ਼ਤੇ ਕੈਬਨਿਟ ਬੈਠਕ 'ਚ ਇਹ ਫੈਸਲਾ ਕੀਤਾ ਗਿਆ ਸੀ ਕਿ ਗੁਰੂ ਦੇ ਸਰਵ ਉੱਚ ਬਲਿਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕੀਤਾ ਜਾਵੇਗਾ। ਸਾਰਿਆਂ ਦੀਆਂ ਨਜ਼ਰਾਂ 24 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਸੈਸ਼ਨ 'ਚ ਦਿੱਤੇ ਜਾਣ ਵਾਲੇ ਭਾਸ਼ਣ 'ਤੇ ਹੋਣਗੀਆਂ ਕਿ ਕੀ ਉਹ ਆਨੰਦਪੁਰ ਸਾਹਿਬ ਨੂੰ ਸੂਬੇ ਦਾ 24ਵਾਂ ਜ਼ਿਲ੍ਹਾ ਐਲਾਨਦੇ ਹਨ ਜਾਂ ਨਹੀਂ। ਵੀਰਵਾਰ ਨੂੰ ਗੜ੍ਹਸ਼ੰਕਰ ਦੇ ਬਾਰ ਐਸੋਸੀਏਸ਼ਨ ਅਤੇ ਚੈਂਬਰ ਆਫ਼ ਕਾਰਮਸ ਨੇ ਗੜ੍ਹਸ਼ੰਕਰ ਨੂੰ ਪ੍ਰਸਤਾਵਿਤ ਆਨੰਦਪੁਰ ਸਾਹਿਬ ਜ਼ਿਲ੍ਹੇ 'ਚ ਸ਼ਾਮਲ ਕਰਨ ਦੇ ਵਿਰੋਧ ਵਿਚ ਇਕ ਮਾਰਚ ਕੱਢਿਆ ਸੀ।