ਪੰਜਾਬ ਸਰਕਾਰ ਆਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀ ਆਪਣੀ ਯੋਜਨਾ ਤੋਂ ਪਿੱਛੇ ਹਟ ਰਹੀ ਹੈ। ਵਿੱਤੀ ਬੋਝ ਅਤੇ ਵਿਰੋਧ ਦੇ ਕਾਰਨ, ਰੂਪਨਗਰ ਦਾ ਨਾਮ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਰੱਖਣ ਦਾ ਪ੍ਰਸਤਾਵ ਹੈ। ਇਸ ਪ੍ਰਸਤਾਵ 'ਤੇ 24 ਨਵੰਬਰ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਚਰਚਾ ਕੀਤੀ ਜਾਵੇਗੀ। ਨਵਾਂ ਜ਼ਿਲ੍ਹਾ ਬਣਾਉਣ 'ਤੇ ₹560 ਕਰੋੜ (560 ਕਰੋੜ ਰੁਪਏ) ਦੀ ਲਾਗਤ ਆਵੇਗੀ ਅਤੇ ਇਸ 'ਤੇ ₹28 ਕਰੋੜ (28 ਕਰੋੜ ਰੁਪਏ) ਦਾ ਵਾਧੂ ਸਾਲਾਨਾ ਤਨਖਾਹ ਬੋਝ ਪਵੇਗਾ।

ਜੈ ਸਿੰਘ ਛਿੱਬਰ, ਚੰਡੀਗੜ੍ਹ : ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀਆਂ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਲੱਗ ਗਿਆ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਨਵਾਂ ਜ਼ਿਲ੍ਹਾ ਬਣਾਉਣ ਦਾ ਫ਼ੈਸਲਾ ਟਾਲ ਦਿੱਤਾ ਹੈ ਅਤੇ ਸਰਕਾਰ ਹੁਣ ਪਲਾਨ ਬੀ ’ਤੇ ਕੰਮ ਕਰ ਰਹੀ ਹੈ। ਯਾਨੀ ਸੂਬੇ ਦੇ ਜ਼ਿਲ੍ਹਿਆਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋਵੇਗਾ। ਦੱਸਿਆ ਜਾਂਦਾ ਹੈ ਕਿ ਸਰਕਾਰ ਨੇ ਅਜਿਹਾ ਫੈਸਲਾ ਗੜ੍ਹਸ਼ੰਕਰ, ਬਲਾਚੌਰ, ਰੂਪਨਗਰ ਅਤੇ ਖਰੜ ਤਹਿਸੀਲ ਦੇ ਲੋਕਾਂ ਦੇ ਵਿਰੋਧ ਅਤੇ ਨਵਾਂ ਜ਼ਿਲ੍ਹਾ ਬਣਾਉਣ ਲਈ ਭਾਰੀ ਬਜਟ ਨੂੰ ਧਿਆਨ ਵਿਚ ਰੱਖਦੇ ਹੋਏ ਬਦਲਿਆ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਦੇ ਕਈ ਵਿਧਾਇਕਾਂ ਨੇ ਵੀ ਉਨ੍ਹਾਂ ਦੇ ਹਲਕਿਆਂ ਦੇ ਪਿੰਡਾਂ ਨੂੰ ਬਦਲਣ ਨੂੰ ਲੈ ਕੇ ਦੱਬੀ ਆਵਾਜ਼ ਵਿਚ ਨਾਰਾਜ਼ਗੀ ਪ੍ਰਗਟ ਕੀਤੀ ਹੈ।
ਸੂਤਰ ਦੱਸਦੇ ਹਨ ਕਿ ਸਰਕਾਰ ਨੇ ਜਿਹੜਾ ਪਲਾਨ ਬੀ ਤਿਆਰ ਕੀਤਾ ਹੈ, ਉਸ ਅਨੁਸਾਰ ਜ਼ਿਲ੍ਹਾ ਹੈੱਡਕੁਆਟਰ ਰੋਪੜ (ਰੂਪਨਗਰ) ਹੀ ਰਹੇਗਾ ਪਰ ਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ’ਤੇ ਰੱਖਣ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਉਦਾਹਰਨ ਦੇ ਤੌਰ ’ਤੇ ਜਿਵੇਂ ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ ਰੱਖਿਆ ਹੋਇਆ ਹੈ। ਯਾਨੀ ਜ਼ਿਲ੍ਹਾ ਗੁਰੂ ਤੇਗ ਬਹਾਦਰ ਨਗਰ ਰੂਪਨਗਰ ਜਾਂ ਜ਼ਿਲ੍ਹਾ ਅਨੰਦਪੁਰ ਸਾਹਿਬ, ਰੂਪਨਗਰ ਨਾਂ ਰੱਖਣ ’ਤੇ ਸਰਕਾਰ ਵਿਚਾਰ ਕਰ ਰਹੀ ਹੈ। ਅਜਿਹਾ ਕਰਨ ਨਾਲ ਕੋਈ ਵਰਗ ਨਾਰਾਜ਼ ਨਹੀਂ ਹੋਵੇਗਾ ਅਤੇ ਕਿਸੇ ਵੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਨੂੰ ਹੋਰ ਜ਼ਿਲ੍ਹੇ ਵਿਚ ਬਦਲਣ ਦੀ ਲੋੜ ਨਹੀਂ ਪਵੇਗੀ। ਇਹੀ ਨਹੀਂ ਸਰਕਾਰ ’ਤੇ ਕੋਈ ਵਿੱਤੀ ਖਰਚੇ ਦਾ ਬੋਝ ਵੀ ਨਹੀਂ ਪਵੇਗਾ।
ਸੂਤਰ ਦੱਸਦੇ ਹਨ ਕਿ ਸਰਕਾਰ ਨੇ ਉੱਚ ਅਧਿਕਾਰੀਆਂ ਨਾਲ ਨਵਾਂ ਜ਼ਿਲ੍ਹਾ ਬਣਾਉਣ ਬਾਰੇ ਚਰਚਾ ਕੀਤੀ ਤਾਂ ਮੁੱਢਲੇ ਰੂਪ ਵਿਚ ਇਮਾਰਤ ਬਣਾਉਣ ਲਈ ਤਕਰੀਬਨ 350 ਕਰੋੜ ਰੁਪਏ ਦੇ ਖਰਚ ਦਾ ਅਨੁਮਾਨ ਲਗਾਇਆ ਗਿਆ ਜਦਕਿ ਇਸ ਤੋਂ ਬਿਨਾਂ ਹੋਰ ਖਰਚੇ ਵੱਖਰੇ ਸਨ। ਸਰਕਾਰ ਦੀ ਵਿੱਤੀ ਹਾਲਤ ਬਹੁਤੀ ਚੰਗੀ ਨਹੀਂ ਹੈ। ਇਸ ਕਰ ਕੇ ਸਰਕਾਰ ਨੇ ਨਵਾਂ ਜ਼ਿਲ੍ਹਾ ਬਣਾਉਣ ਦੀ ਯੋਜਨਾ ਬਦਲ ਦਿੱਤੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ 24 ਨਵੰਬਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾਣ ਵਾਲੇ ਐਲਾਨ ’ਤੇ ਟਿਕੀਆਂ ਹੋਈਆਂ ਹਨ।
ਸ਼੍ਰੀ ਸ਼੍ਰੀ ਰਵੀ ਸ਼ੰਕਰ ਤੇ ਹੋਰ ਧਾਰਮਿਕ ਆਗੂ ਆਉਣਗੇ
ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਕੀਤੇ ਜਾ ਰਹੇ ਸਰਬ ਧਰਮ ਸੰਮੇਲਨ ਵਿਚ ਵੱਖ-ਵੱਖ ਧਰਮਾਂ ਦੀਆਂ ਉਘੀਆਂ ਸ਼ਖਸੀਅਤਾਂ ਸ੍ਰੀ ਅਨੰਦਪੁਰ ਸਾਹਿਬ ਪੁੱਜ ਰਹੀਆਂ ਹਨ। ਇਨ੍ਹਾਂ ਵਿਚ ਸ਼੍ਰੀ ਸ਼੍ਰੀ ਰਵੀ ਸ਼ੰਕਰ, ਜੈਨ ਧਰਮ ਦੇ ਦੋ ਜੈਨ ਮੁਨੀ, ਮੁਸਲਿਮ ਧਰਮ ਦੇ ਦੋ ਹਾਜ਼ੀ, ਜੱਜ ਸਾਹਿਬਾਨ ਤੇ ਕਈ ਹੋਰ ਪੁੱਜ ਰਹੇ ਹਨ। ਇਸ ਤੋਂ ਬਿਨਾਂ ਤਾਮਿਲਨਾਡੂ ਤੋਂ ਇਕ ਮੈਂਬਰ ਪਾਰਲੀਮੈਂਟ, ਤਾਮਿਲਨਾਡੂ ਸਰਕਾਰ ਦਾ ਇੱਕ ਮੰਤਰੀ ਨੇ ਸਮਾਗਮ ਵਿਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ। ਅਜੇ ਤੱਕ ਕਿਸੇ ਸੂਬੇ ਦੇ ਮੁੱਖ ਮੰਤਰੀ ਦੇ ਆਉਣ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਨੇ ਪਿਛਲੇ ਦਿਨਾਂ ਦੌਰਾਨ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਸੱਦਾ ਪੱਤਰ ਦਿੱਤਾ ਸੀ। ਜਾਣਕਾਰੀ ਅਨੁਸਾਰ ਡੇਢ ਦਰਜਨ ਦੇ ਕਰੀਬ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਮੋਹਾਲੀ ਆਉਣਗੀਆਂ। ਇੱਥੋਂ ਉਨ੍ਹਾਂ ਨੂੰ ਚੋਪਰ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਲਿਜਾਇਆ ਜਾਵੇਗਾ।