ਇਹ ਬਦਲਾਅ ਪੰਜਾਬ ਦੇ ਪੇਂਡੂ ਇਲਾਕਿਆਂ ’ਚ ਬੈਂਕਿੰਗ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਦੇਵੇਗਾ। ਇਸ ਪਹਿਲ ਦਾ ਵੱਡਾ ਲਾਭ ਸਥਾਨਕ ਨੌਜਵਾਨਾਂ ਨੂੰ ਵੀ ਮਿਲੇਗਾ ਕਿਉਂਕਿ ਹਰ ਸੈਂਟਰ ਨੂੰ ਉਸੇ ਪਿੰਡ ਜਾਂ ਇਲਾਕੇ ਦੇ ਨੌਜਵਾਨ ਚਲਾਉਣਗੇ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਪੰਜਾਬ ਦੇ ਪਿੰਡਾਂ ’ਚ ਹੁਣ ਬੈਂਕਾਂ ਵਿਚ ਨਾ ਲੰਬੀਆਂ ਕਤਾਰਾਂ ਲੱਗਣਗੀਆਂ, ਨਾ ਬੈਂਕਾਂ ਤੱਕ ਪਹੁੰਚਣ ਲਈ ਦੂਰੀ ਤੈਅ ਕਰਨੀ ਪਵੇਗੀ। ਪਿੰਡਾਂ ’ਚ ਨਵੇਂ ਬਿਜ਼ਨਸ ਕਾਰੇਸਪਾਂਡੈਂਟ (ਬੀਸੀ) ਸੈਂਟਰ ਖੁੱਲ੍ਹਣ ਜਾ ਰਹੇ ਹਨ। ਇਸ ਤੋਂ ਬਾਅਦ ਪੇਂਡੂਆਂ ਨੂੰ ਪਿੰਡਾਂ ਦੇ ਅੰਦਰ ਹੀ ਨਕਦ ਜਮ੍ਹਾਂ ਤੇ ਨਿਕਾਸੀ, ਪੈਨਸ਼ਨ, ਸਰਕਾਰੀ ਸਬਸਿਡੀ, ਬੀਮਾ, ਬਿੱਲ ਭੁਗਤਾਨ, ਮੋਬਾਈਲ ਰੀਚਾਰਜ ਤੇ ਸਰਕਾਰੀ ਯੋਜਨਾਵਾਂ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਆਸਾਨੀ ਨਾਲ ਮਿਲਣਗੀਆਂ। ਪਹਿਲਾਂ ਜਿਨ੍ਹਾਂ ਕੰਮਾਂ ’ਚ ਪੂਰਾ ਦਿਨ ਲੱਗ ਜਾਂਦਾ ਸੀ, ਉਹ ਹੁਣ ਕੁਝ ਹੀ ਮਿੰਟਾਂ ’ਚ ਪਿੰਡ ਦੇ ਅੰਦਰ ਪੂਰੇ ਹੋ ਸਕਣਗੇ। ਇਹ ਬਦਲਾਅ ਪੰਜਾਬ ਦੇ ਪੇਂਡੂ ਇਲਾਕਿਆਂ ’ਚ ਬੈਂਕਿੰਗ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਦੇਵੇਗਾ। ਇਸ ਪਹਿਲ ਦਾ ਵੱਡਾ ਲਾਭ ਸਥਾਨਕ ਨੌਜਵਾਨਾਂ ਨੂੰ ਵੀ ਮਿਲੇਗਾ ਕਿਉਂਕਿ ਹਰ ਸੈਂਟਰ ਨੂੰ ਉਸੇ ਪਿੰਡ ਜਾਂ ਇਲਾਕੇ ਦੇ ਨੌਜਵਾਨ ਚਲਾਉਣਗੇ। ਬੀਐੱਲਐੱਸ ਉਨ੍ਹਾਂ ਨੂੰ ਸਿਖਲਾਈ ਤੇ ਜ਼ਰੂਰੀ ਡਿਜੀਟਲ ਉਪਕਰਨ ਉਪਲਬਧ ਕਰਾਏਗੀ। ਇਸ ਨਾਲ ਪੇਂਡੂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ ਤੇ ਪਿੰਡਾਂ ’ਚ ਡਿਜੀਟਲ ਸਮਝ ਤੇ ਵਿੱਤੀ ਜਾਗਰੂਕਤਾ ਵਧੇਗੀ।
ਦੇਸ਼ ਦੀ ਵੱਡੀ ਡਿਜੀਟਲ ਤੇ ਬੈਂਕਿੰਗੇ ਸੇਵਾ ਦੇਣ ਵਾਲੀ ਕੰਪਨੀ ਬੀਐੱਲਐੱਸ ਈ-ਸਰਵਿਸਿਜ਼ ਸੂਬੇ ’ਚ ਪੰਜ ਹਜ਼ਾਰ ਨਵੇਂ ਬੀਸੀ ਸੈਂਟਰ ਸਥਾਪਤ ਕਰੇਗੀ। ਇਹ ਸੈਂਟਰ ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਐੱਚਡੀਐੱਫਸੀ ਬੈਂਕ ਸਮੇਤ ਕਈ ਸਰਕਾਰੀ ਤੇ ਨਿੱਜੀ ਬੈਂਕਾਂ ਦੇ ਅਧਿਕਾਰਤ ਬੈਂਕਿੰਗ ਟੱਚ ਪੁਆਇੰਟ ਹੋਣਗੇ। ਇਹ ਪਹਿਲ ਉਨ੍ਹਾਂ ਹਜ਼ਾਰਾਂ ਪੇਂਡੂ ਪਰਿਵਾਰਾਂ ਲਈ ਰਾਹਤ ਲੈ ਕੇ ਆਵੇਗੀ ਜਿਹੜੇ ਅੱਜ ਵੀ ਬੈਂਕ ਜਾਣ ਲਈ ਕਈ ਘੰਟੇ ਕਤਾਰ ’ਚ ਖੜ੍ਹੇ ਰਹਿੰਦੇ ਹਨ ਜਾਂ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ। ਸ਼ੁਰੂਆਤ ਅੰਮਿ੍ਰਤਸਰ, ਬਠਿੰਡਾ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ ਤੇ ਪਟਿਆਲਾ ਜ਼ਿਲ੍ਹਿਆਂ ਤੋਂ ਹੋਵੇਗੀ। ਇਸ ਤੋਂ ਬਾਅਦ ਪੜਾਅਵਾਰ ਤਰੀਕੇ ਨਾਲ ਇਨ੍ਹਾਂ ਸੈਂਟਰਾਂ ਦਾ ਵਿਸਥਾਰ ਪੂਰੇ ਪੰਜਾਬ ਦੇ ਹਰ ਬਲਾਕ ਤੇ ਹਰ ਪੇਂਡੂ ਇਲਾਕੇ ਤੱਕ ਕੀਤਾ ਜਾਵੇਗਾ। ਕੰਪਨੀ ਦਾ ਟੀਚਾ ਹੈ ਕਿ 2027 ਤੱਕ ਅਜਿਹਾ ਕੋਈ ਪਿੰਡ ਨਾ ਬਚੇ ਜਿੱਥੇ ਪੇਂਡੂਆਂ ਨੂੰ ਬੈਂਕ ਸਬੰਧੀ ਕੰਮਾਂ ਲਈ ਬਾਹਰ ਜਾਣਾ ਪਵੇ। ਨਵੇਂ ਬੀਸੀ ਸੈਂਟਰ ਕਿਸੇ ਲਘੂ ਬੈਂਕ ਬ੍ਰਾਂਚ ਵਾਂਗ ਪੂਰੀ ਤਰ੍ਹਾਂ ਤਿਆਰ ਹੋਣਗੇ। ਸਾਰੇ ਫਿੰਗਰਪ੍ਰਿੰਟ ਤੇ ਮੋਬਾਈਲ ਓਟੀਪੀ ਆਧਾਰਤ ਸੁਰੱਖਿਅਤ ਲੈਣ-ਦੇਣ ਰਾਹੀਂ ਹੋਵੇਗਾ, ਜਿਸ ਨਾਲ ਲੋਕਾਂ ਨੂੰ ਨਾ ਸਿਰਫ਼ ਸਹੂਲਤ ਮਿਲੇਗੀ ਸਗੋਂ ਡਿਜੀਟਲ ਬੈਂਕਿੰਗ ਦਾ ਇਸਤੇਮਾਲ ਵੀ ਵਧੇਗਾ। ਜਿਨ੍ਹਾਂ ਪਿੰਡਾਂ ’ਚ ਹਾਲੇ ਇੰਟਰਨੈੱਟ ਕਮਜ਼ੋਰ ਹੈ, ਉੱਥੇ ਵੀ ਬੀਐੱਲਐੱਸ ਦਾ ਫਿਜ਼ੀਕਲ ਮਾਡਲ (ਭੌਤਿਕ ਡਿਜੀਟਲ) ਸੇਵਾਵਾਂ ਸੁਚਾਰੂ ਤੌਰ ’ਤੇ ਮੁਹੱਈਆ ਕਰਵਾਏਗਾ।
ਬੀਐੱਲਐੱਸ ਈ-ਸਰਵਿਸਿਜ਼ ਦੇ ਚੇਅਰਮੈਨ ਸ਼ਿਖਰ ਅਗਰਵਾਲ ਨੇ ਕਿਹਾ ਕਿ ਬੈਂਕਿੰਗ ਸੇਵਾਵਾਂ ਹੁਣ ਪਿੰਡਾਂ ਤਕ ਪਹੁੰਚਣਗੀਆਂ ਤੇ ਇਹ ਅਸਲ ਵਿੱਤੀ ਐਡਜਸਟਮੈਂਟ ਹੋਵੇਗੀ। ਬੀਸੀ ਸੈਂਟਰ ਸਿਰਫ਼ ਸੇਵਾ ਕੇਂਦਰ ਨਹੀਂ ਸਗੋਂ ਸਮਾਜਿਕ ਬਦਲਾਅ ਦਾ ਜ਼ਰੀਆ ਹਨ ਜਿਹੜੇ ਪੇਂਡੂ ਤੇ ਸ਼ਹਿਰੀ ਬੈਂਕਿੰਗ ਦਰਮਿਆਨ ਦੂਰੀ ਖ਼ਤਮ ਕਰਨਗੇ।