IFS ਬੀਰੇਂਦਰ ਚੌਧਰੀ ਤੇ ਉਨ੍ਹਾਂ ਦੀ ਪਤਨੀ 'ਤੇ ਚੱਲੇਗਾ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ, CBI ਕੋਰਟ 'ਚ ਦੋਸ਼ ਤੈਅ
ਰਿਸ਼ਵਤ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਸੀਬੀਆਈ ਨੂੰ ਉਨ੍ਹਾਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਹੋਣ ਦਾ ਸ਼ੱਕ ਹੋਇਆ। CBI ਨੇ ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ 2011 ਤੋਂ 2021 ਤਕ ਦੀ ਆਮਦਨ ਅਤੇ ਜਾਇਦਾਦ ਦਾ ਮੁਲਾਂਕਣ ਕੀਤਾ।
Publish Date: Mon, 17 Nov 2025 02:50 PM (IST)
Updated Date: Mon, 17 Nov 2025 03:07 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਇੰਡੀਅਨ ਫੋਰੈਸਟ ਸਰਵਿਸਿਜ਼ (IFS) ਅਧਿਕਾਰੀ ਬਿਰੇਂਦਰ ਚੌਧਰੀ ਤੇ ਉਨ੍ਹਾਂ ਦੀ ਪਤਨੀ ਸਬਿਤਾ ਚੌਧਰੀ ਖ਼ਿਲਾਫ਼ ਚੰਡੀਗੜ੍ਹ ਦੀ ਸੀਬੀਆਈ ਕੋਰਟ 'ਚ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਚੱਲੇਗਾ।
ਸੋਮਵਾਰ ਨੂੰ ਸੀਬੀਆਈ ਜੱਜ ਭਾਵਨਾ ਜੈਨ ਨੇ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਤੈਅ ਕਰ ਦਿੱਤੇ। ਉਨ੍ਹਾਂ ਖ਼ਿਲਾਫ਼ 18 ਮਾਰਚ 2026 ਤੋਂ ਮੁਕੱਦਮਾ ਸ਼ੁਰੂ ਹੋਵੇਗਾ ਜਿਸ ਲਈ ਅਦਾਲਤ ਨੇ ਗਵਾਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।
ਸੀਬੀਆਈ ਨੇ ਚਾਰ ਸਾਲ ਪਹਿਲਾਂ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਸੀ। ਚੌਧਰੀ 2014 ਤੋਂ 2017 ਤਕ ਚੰਡੀਗੜ੍ਹ 'ਚ ਡਿਪਟੀ ਕੰਜ਼ਰਵੇਟਰ ਆਫ ਫੋਰੈਸਟ ਦੇ ਅਹੁਦੇ 'ਤੇ ਰਹੇ ਹਨ।
ਸੀਬੀਆਈ ਦੇ ਦੋਸ਼ ਹਨ ਕਿ ਚੌਧਰੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਆਪਣੀ ਆਮਦਨ ਤੋਂ 186.33 ਗੁਣਾ ਵੱਧ ਜਾਇਦਾਦ ਬਣਾਈ। ਪਿਛਲੇ ਸਾਲ ਇਸ ਮਾਮਲੇ ਲਈ ਸੀਬੀਆਈ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਵੀ ਮਿਲ ਗਈ ਸੀ। ਚੌਧਰੀ ਇਸ ਸਮੇਂ ਪੋਰਟ ਬਲੇਅਰ, ਅੰਡੇਮਾਨ ਨਿਕੋਬਾਰ 'ਚ ਤਾਇਨਾਤ ਹਨ।
ਰਿਸ਼ਵਤ ਦੇ ਦੋਸ਼ 'ਚ ਗ੍ਰਿਫ਼ਤਾਰ
ਸੀਬੀਆਈ ਨੇ ਅਗਸਤ 2017 'ਚ ਬੀਰੇਂਦਰ ਚੌਧਰੀ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਖ਼ਿਲਾਫ਼ ਚੰਡੀਗੜ੍ਹ ਦੇ ਕੁਝ ਆਰਾ ਮਿਲ ਮਾਲਕਾਂ ਨੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ 'ਚ ਉਹ ਬਹਾਲ ਹੋ ਗਏ ਸਨ, ਪਰ ਉਨ੍ਹਾਂ ਦਾ ਟਰਾਂਸਫਰ ਕਰ ਦਿੱਤਾ ਗਿਆ ਸੀ।
ਚੰਡੀਗੜ੍ਹ 'ਚ ਬਣਾਈ ਆਮਦਨ ਤੋਂ ਵੱਧ ਜਾਇਦਾਦ
ਰਿਸ਼ਵਤ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਸੀਬੀਆਈ ਨੂੰ ਉਨ੍ਹਾਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਹੋਣ ਦਾ ਸ਼ੱਕ ਹੋਇਆ। ਸੀਬੀਆਈ ਨੇ ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ। ਸੀਬੀਆਈ ਨੇ ਉਨ੍ਹਾਂ ਦੀ 2011 ਤੋਂ 2021 ਤਕ ਦੀ ਆਮਦਨ ਅਤੇ ਜਾਇਦਾਦ ਦਾ ਮੁਲਾਂਕਣ ਕੀਤਾ।
ਇਸ ਦੌਰਾਨ ਉਹ ਚੰਡੀਗੜ੍ਹ 'ਚ ਵੀ ਪੋਸਟਡ ਰਹੇ ਸਨ। ਇਸ ਦੌਰਾਨ ਪਤਾ ਲੱਗਾ ਕਿ 2011 'ਚ ਉਨ੍ਹਾਂ ਦੀ ਕੁੱਲ ਚਲ-ਅਚਲ ਜਾਇਦਾਦ 22.60 ਲੱਖ ਰੁਪਏ ਸੀ, ਜੋ ਕਿ 2021 'ਚ ਵਧ ਕੇ 2.40 ਕਰੋੜ ਰੁਪਏ ਤਕ ਪਹੁੰਚ ਗਈ। ਇਸ ਤੋਂ ਬਾਅਦ ਉਨ੍ਹਾਂ 'ਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ।