ਸਮਝੌਤਾ ਕਰਨ ’ਤੇ ਰੱਦ ਨਹੀਂ ਹੋਵੇਗੀ ਐੱਫਆਈਆਰ, ਹਾਈ ਕੋਰਟ ਨੇ ਪਟੀਸ਼ਨ ਕੀਤੀ ਖ਼ਾਰਜ
ਜਸਟਿਸ ਸੁਮਿਤ ਗੋਇਲ ਨੇ ਆਪਣੇ ਨਿਰਦੇਸ਼ ’ਚ ਸਾਫ਼ ਕੀਤਾ ਕਿ ਕਿਸੇ ਨਿੱਜੀ ਸਮਝੌਤੇ ਦੇ ਆਧਾਰ ’ਤੇ ਉਸ ਅਪਰਾਧਿਕ ਮਾਮਲੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਜਿਸ ਵਿਚ ਲਾਪਰਵਾਹ ਡਰਾਈਵਿੰਗ ਨਾਲ ਇਕ ਵਿਅਕਤੀ ਦੀ ਮੌਤ ਹੋਈ ਹੈ।
Publish Date: Sat, 13 Dec 2025 08:40 AM (IST)
Updated Date: Sat, 13 Dec 2025 08:44 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਯਮੁਨਾਨਗਰ ’ਚ ਸੜਕ ਹਾਦਸੇ ਦੇ ਮੁਲਜ਼ਮ ਅਨਮੋਲ ਦੀ ਐੱਫਆਈਆਰ ਰੱਦ ਕਰਨ ਸਬੰਧੀ ਪਟੀਸ਼ਨ ਨੂੰ ਖ਼ਾਰਿਜ ਕਰ ਦਿੱਤਾ। ਜਸਟਿਸ ਸੁਮਿਤ ਗੋਇਲ ਨੇ ਆਪਣੇ ਨਿਰਦੇਸ਼ ’ਚ ਸਾਫ਼ ਕੀਤਾ ਕਿ ਕਿਸੇ ਨਿੱਜੀ ਸਮਝੌਤੇ ਦੇ ਆਧਾਰ ’ਤੇ ਉਸ ਅਪਰਾਧਿਕ ਮਾਮਲੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਜਿਸ ਵਿਚ ਲਾਪਰਵਾਹ ਡਰਾਈਵਿੰਗ ਨਾਲ ਇਕ ਵਿਅਕਤੀ ਦੀ ਮੌਤ ਹੋਈ ਹੈ।
ਅਨਮੋਲ ’ਤੇ ਦੋਸ਼ ਹੈ ਕਿ ਤਿੰਨ ਸਤੰਬਰ ਨੂੰ ਉਸਦੀ ਬਾਈਕ ਇਕ ਹੋਰ ਮੋਟਰਸਾਈਕਲ ਨਾਲ ਟਕਰਾਅ ਗਈ ਸੀ, ਜਿਸ ਵਿਚ ਪਿੱਛੇ ਬੈਠੇ ਮਜ਼ਦੂਰ ਰਾਸ਼ਿਦ ਦੀ ਮੌਤ ਹੋ ਗਈ ਸੀ। ਜਠਲਾਨਾ ਪੁਲਿਸ ਸਟੇਸ਼ਨ ’ਚ ਦਰਜ ਐੱਫਆਈਆਰ ਅਨੁਸਾਰ ਰਾਸ਼ਿਦ ਆਪਣੇ ਭਤੀਜੇ ਅਸਦ ਨਾਲ ਬਾਈਕ ’ਤੇ ਸਵਾਰ ਸੀ। ਅਨਮੋਲ ਵੱਲੋਂ ਦਲੀਲ ਦਿੱਤੀ ਗਈ ਸੀ ਕਿ 14 ਨਵੰਬਰ ਨੂੰ ਸ਼ਿਕਾਇਤਕਰਤਾ ਪਰਿਵਾਰ ਨਾਲ ਸਮਝੌਤਾ ਹੋ ਚੁੱਕਾ ਹੈ। ਇਸ ’ਤੇ ਕੋਰਟ ਨੇ ਕਿਹਾ ਕਿ ਮੌਤ ਦੇ ਮਾਮਲਿਆਂ ’ਚ ਅਸਲੀ ਪੀੜਤ ਮ੍ਰਿਤਕ ਹੁੰਦਾ ਹੈ, ਜੋ ਕਿਸੇ ਸਮਝੌਤੇ ’ਤੇ ਸਹਿਮਤੀ ਦੇਣ ਦੀ ਹਾਲਤ ’ਚ ਨਹੀਂ ਹੁੰਦਾ। ਜੇ ਅਜਿਹੇ ਮਾਮਲਿਆਂ ’ਚ ਐੱਫਆਈਆਰ ਰੱਦ ਹੋਣ ਲੱਗੀਆਂ ਤਾਂ ਇਹ ਸੰਦੇਸ਼ ਜਾਵੇਗਾ ਕਿ ਗੰਭੀਰ ਅਪਰਾਧ ਪੈਸਿਆਂ ਜਾਂ ਦਬਾਅ ਨਾਲ ਵੇਚੇ ਜਾ ਸਕਦੇ ਹਨ।