ਬਿਜਲੀ ਵਿਭਾਗ ਨੇ ਕੇਂਦਰੀ ਬਿਜਲੀ ਸੋਧ ਬਿੱਲ 2025 ਵਿਰੁੱਧ ਅਜੇ ਤੱਕ ਕੇਂਦਰ ਸਰਕਾਰ ਨੂੰ ਆਪਣੀਆਂ ਟਿੱਪਣੀਆਂ ਨਹੀਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਸਰਕਾਰੀ ਖੇਤਰ ਵਿੱਚ ਬਣ ਰਹੇ ਦੋ 800 ਮੈਗਾਵਾਟ ਯੂਨਿਟਾਂ ਦੇ ਨਿਰਮਾਣ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।

ਸਟੇਟ ਬਿਊਰੋ, ਜਾਗਰਣ ਚੰਡੀਗੜ੍ਹ : ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਚੀਫ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਮੁਅੱਤਲ ਕਰਨ, ਪਾਵਰਕਾਮ ਦੇ ਡਾਇਰੈਕਟਰ ਜੈਨਰੇਸ਼ਨ ਹਰਜੀਤ ਸਿੰਘ ਨੂੰ ਬਰਖ਼ਾਸਤ ਕਰਨ ਅਤੇ ਪਾਵਰਕਾਮ ਦੀਆਂ ਜ਼ਮੀਨਾਂ ਨੂੰ ਵੇਚਣ ਦੇ ਖ਼ਿਲਾਫ਼ ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਹੁਣ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਵੀਰਵਾਰ ਨੂੰ ਪਟਿਆਲਾ ’ਚ ਹੋਈ ਇਕ ਮੀਟਿੰਗ ’ਚ ਐਸੋਸੀਏਸ਼ਨ ਨੇ ਆਪਣੇ ਸਾਰੇ ਇੰਜੀਨੀਅਰਾਂ ਨੂੰ ਸੱਦਾ ਦਿੱਤਾ ਕਿ 26 ਨਵੰਬਰ ਨੂੰ ਸਾਰੇ ਅਧਿਕਾਰਕ ਵ੍ਹਟਸਐਪ ਗਰੁੱਪ ਛੱਡ ਦੇਣ ਅਤੇ ਦੋ ਦਸੰਬਰ ਨੂੰ ਪਟਿਆਲਾ ’ਚ ਇਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇ।
ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਜਸਵੀਰ ਧੀਮਾਨ ਨੇ ਕਿਹਾ ਕਿ ਇੰਜੀਨੀਅਰਾਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਅਤੇ ਬਿਜਲੀ ਸਕੱਤਰ ਬਸੰਤ ਗਰਗ ਨਾਲ ਕਈ ਮੀਟਿੰਗਾਂ ਕੀਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਰਕਾਰੀ ਖਾਲੀ ਜ਼ਮੀਨ ਯੋਜਨਾ ਦੀ ਆੜ ਵਿੱਚ ਬਿਜਲੀ ਖੇਤਰ ਦੀਆਂ ਜਾਇਦਾਦਾਂ ਵੇਚਣ ਦੀਆਂ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ ਗਈ। ਬਿਜਲੀ ਵਿਭਾਗ ਨੇ ਕੇਂਦਰੀ ਬਿਜਲੀ ਸੋਧ ਬਿੱਲ 2025 ਵਿਰੁੱਧ ਅਜੇ ਤੱਕ ਕੇਂਦਰ ਸਰਕਾਰ ਨੂੰ ਆਪਣੀਆਂ ਟਿੱਪਣੀਆਂ ਨਹੀਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਸਰਕਾਰੀ ਖੇਤਰ ਵਿੱਚ ਬਣ ਰਹੇ ਦੋ 800 ਮੈਗਾਵਾਟ ਯੂਨਿਟਾਂ ਦੇ ਨਿਰਮਾਣ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਐਸੋਸੀਏਸ਼ਨ ਨੇ ਹੈਰਾਨੀ ਪ੍ਰਗਟ ਕੀਤੀ ਕਿ ਪਾਵਰਕਾਮ ਦੇ ਰਿਕਾਰਡ ’ਚ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਅਤੇ ਗੁਰੂ ਅਮਰਦਾਸ ਥਰਮਲ ਪਲਾਂਟ, ਗੋਇੰਦਵਾਲ ਸਾਹਿਬ ਵਿੱਚ ਬਿਹਤਰ ਪ੍ਰਦਰਸ਼ਨ ਅਤੇ ਲਾਗਤ ਵਿੱਚ ਕਮੀ ਦਰਸਾਈ ਗਈ ਹੈ, ਫਿਰ ਵੀ ਬਿਜਲੀ ਮੰਤਰੀ ਨੇ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ। ਇਸ ਤੋਂ ਇਲਾਵਾ ਕੰਪਨੀਜ਼ ਐਕਟ 2013 ਤਹਿਤ ਬਣੇ ਪਾਵਰਕਾਮ ਦੇ ਆਰਟੀਕਲ ਆਫ਼ ਇਨਕਾਰਪੋਰੇਸ਼ਨ ਅਨੁਸਾਰ ਸਿਰਫ ਡਾਇਰੈਕਟਰ ਦੀ ਚੋਣ ਕਮੇਟੀ ਹੀ ਕਿਸੇ ਵੀ ਪਾਵਰਕਾਮ ਡਾਇਰੈਕਟਰ ਨੂੰ ਹਟਾਉਣ ਦੀ ਸਿਫਾਰਸ਼ ਕਰ ਸਕਦੀ ਹੈ। ਬਿਜਲੀ ਮੰਤਰੀ ਕੋਲ ਖੁਦ ਕਿਸੇ ਵੀ ਪਾਵਰਕਾਮ ਡਾਇਰੈਕਟਰ ਨੂੰ ਹਟਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ।
ਧੀਮਾਨ ਨੇ ਕਿਹਾ ਕਿ ਪਾਵਰਕਾਮ ਦੀ ਆਉਣ ਵਾਲੀ ਬੋਰਡ ਮੀਟਿੰਗ ਦੇ ਮੱਦੇਨਜ਼ਰ ਐਸੋਸੀਏਸ਼ਨ ਨੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ, ਜੇਲ੍ਹ ਵਿਭਾਗ ਦੀ ਸਕੱਤਰ ਭਾਵਨਾ ਗਰਗ, ਵਿੱਤ ਸਕੱਤਰ ਖਰਚਾ ਵਿਜੇ ਨਾਮਦੇਵਰਾਓ ਜ਼ਾਦੇ, ਇੰਜੀਨੀਅਰ ਇੰਦਰਪਾਲ ਸਿੰਘ ਡਾਇਰੈਕਟਰ ਡਿਸਟ੍ਰੀਬਿਊਸ਼ਨ ਅਤੇ ਸੀਏ ਸੁਰਿੰਦਰ ਬੇਰੀ ਡਾਇਰੈਕਟਰ ਵਿੱਤ ਸਮੇਤ ਸਾਰੇ ਬੋਰਡ ਮੈਂਬਰਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਨਿਰਪੱਖਤਾ ਨਾਲ ਫੈਸਲੇ ਲੈਣ ਦੀ ਅਪੀਲ ਕੀਤੀ ਹੈ।