ਉਪ ਮੰਡਲ ਮੈਜਿਸਟ੍ਰੇਟ ਮਲੋਟ ਕਮ ਰਿਟਰਨਿੰਗ ਅਧਿਕਾਰੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਬਲਾਕ ਮਲੋਟ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ ’ਤੇ 13 ਦਸੰਬਰ ਨੰ ਪੋਲਿੰਗ ਅਮਲਾ ਹਾਜ਼ਰ ਹੋ ਜਾਵੇਗਾ। ਪੋਲਿੰਗ ਅਮਲੇ ਲਈ ਸਕੂਲਾਂ ਵਿਚ ਮਿਡ ਡੇ ਮੀਲ ਵਿਚੋਂ ਖਾਣੇ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ , ਚੰਡੀਗੜ੍ਹ : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਕਰਵਾਉਣ ਲਈ ਤਾਇਨਾਤ ਚੋਣ ਅਮਲੇ ਨੂੰ ਸਕੂਲੀ ਬੱਚਿਆ (ਵਿਦਿਆਰਥੀਆਂ) ਨੂੰ ਦਿੱਤਾ ਜਾਣ ਵਾਲਾ ਖਾਣਾ (ਮਿਡ ਡੇ ਮੀਲ) ਪਰੋਸਿਆ ਜਾਵੇਗਾ। ਪਤਾ ਲੱਗਿਆ ਹੈ ਕਿ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਲਿਖ ਕੇ ਮਿਡ ਦੇ ਮੀਲ ਤਹਿਤ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਖਾਣੇ ਵਿਚੋਂ ਚੋਣ ਅਮਲੇ ਲਈ ਖਾਣ-ਪੀਣ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।
ਉਪ ਮੰਡਲ ਮੈਜਿਸਟ੍ਰੇਟ ਮਲੋਟ ਕਮ ਰਿਟਰਨਿੰਗ ਅਧਿਕਾਰੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਬਲਾਕ ਮਲੋਟ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ ’ਤੇ 13 ਦਸੰਬਰ ਨੰ ਪੋਲਿੰਗ ਅਮਲਾ ਹਾਜ਼ਰ ਹੋ ਜਾਵੇਗਾ। ਪੋਲਿੰਗ ਅਮਲੇ ਲਈ ਸਕੂਲਾਂ ਵਿਚ ਮਿਡ ਡੇ ਮੀਲ ਵਿਚੋਂ ਖਾਣੇ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ। ਦਿਲਚਸਪ ਗੱਲ ਹੈ ਕਿ ਚੋਣ ਅਧਿਕਾਰੀ ਨੇ ਇਸ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤਣ ਦੀ ਗੱਲ ਵੀ ਕਹੀ ਹੈ। ਚੋਣ ਅਧਿਕਾਰੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜੇ ਪੱਤਰ ਵਿਚ 13 ਦਸੰਬਰ ਨੂੰ ਚੋਣ ਅਮਲੇ ਨੂੰ ਸ਼ਾਮ ਦੀ ਚਾਹ ਅਤੇ ਬਿਸਕੁੱਟ, ਰਾਤ ਦਾ ਖਾਣਾ ( ਦਾਲ ਤੇ ਰੋਟੀ), 14 ਦਸੰਬਰ ਨੂੰ ਸਵੇਰੇ ਸਾਢੇ ਪੰਜ ਵਜੇ ਸਵੇਰ ਦੀ ਚਾਹ ਅਤੇ ਬਿਸਕੁਟ, ਨਾਸ਼ਤਾ (ਪਰੌਂਠੇ ਸਮੇਤ ਦਹੀ ਅਤੇ ਚਾਹ ਸਾਢੇ ਸੱਤ ਵਜੇ), ਦੁਪਹਿਰ ਦੀ ਰੋਟੀ ਸਬਜ਼ੀ ਅਤੇ ਸ਼ਾਮ ਦੀ ਚਾਹ ਦਾ ਪ੍ਰਬੰਧ ਕਰਨ ਲਈ ਕਿਹਾ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਚੋਣਾਂ ਕਰਵਾਉਣ ਲਈ ਸੂਬਾ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਫੰਡ ਦਿੱਤਾ ਜਾਂਦਾ ਹੈ ਪਰ ਪਹਿਲੀ ਵਾਰ ਹੈ ਕਿ ਚੋਣ ਅਧਿਕਾਰੀਆਂ ਨੇ ਮਿਡ ਡੇ ਮੀਲ ਦੇ ਖਾਣੇ ਵਿਚੋਂ ਹੀ ਚੋਣ ਅਮਲੇ ਲਈ ਪ੍ਰਬੰਧ ਕਰਨ ਦੇ ਹੁਕਮ ਦੇ ਦਿੱਤੇ ਹਨ।
ਮਿਡ ਡੇ ਮੀਲ ਦਾ ਖਾਣਾ ਤਿਆਰ ਕਰਨ ਵਾਲੇ ਕੁੱਕ ਅਤੇ ਕਈ ਅਧਿਆਪਕਾਂ ਨੇ ਦੱਸਿਆ ਕਿ ਚੋਣ ਅਮਲੇ ਲਈ ਖਾਣ-ਪੀਣ ਦਾ ਪ੍ਰਬੰਧ ਕਰਨਾ ਔਖਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਜ਼ੁੰਮੇਵਾਰੀ ਤੋ ਭੱਜ ਰਿਹਾ ਹੈ। ਬਹੁਤ ਸਾਰੇ ਅਧਿਆਪਕਾਂ ਦੀਆਂ ਡਿਊਟੀਆਂ ਪਹਿਲਾਂ ਚੋਣਾਂ ਵਿਚ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁੱਕ ਨੂੰ ਨਾਮਾਤਰ ਮਾਣ ਭੱਤਾ ਮਿਲਦਾ ਹੈ। ਸਵੇਰੇ ਸਾਢੇ ਪੰਜ ਵਜੇ ਚਾਹ-ਪਾਣੀ ਦੇਣ ਲਈ ਕੁੱਕ ਤੇ ਹੋਰ ਸਟਾਫ ਨੂੰ ਘੱਟੋ-ਘੱਟ ਚਾਰ ਵਜੇ ਉੱਠ ਕੇ ਪ੍ਰਬੰਧ ਕਰਨਾ ਪਵੇਗਾ।
ਡਿਪਟੀ ਕਮਿਸ਼ਨਰਾਂ ਨੂੰ ਬਾਕਾਇਦਾ ਫੰਡ ਦਿੱਤਾ : ਚੋਣ ਕਮਿਸ਼ਨਰ
ਉਧਰ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਚੋਣਾਂ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਕਮ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਚੋਣ ਅਮਲੇ ਲਈ ਖਾਣ-ਪੀਣ ਤੇ ਹੋਰ ਪ੍ਰਬੰਧ ਕਰਨ ਲਈ ਬਾਕਾਇਦਾ ਫੰਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲੇ ਨੂੰ ਮੁਫ਼ਤ ਦਾ ਖਾਣਾ ਨਹੀਂ ਖੁਆਇਆ ਜਾਵੇਗਾ। ਚੌਧਰੀ ਨੇ ਕਿਹਾ ਕਿ ਜੇਕਰ ਮਿਡ ਡੇ ਮੀਲ ਵਿਚੋਂ ਖਾਣਾ ਖੁਆਇਆ ਗਿਆ ਤਾਂ ਸਕੂਲਾਂ , ਮਿੱਡ ਡੇ ਮੀਲ ਲਈ ਬਣਦਾ ਫੰਡ ਦਿੱਤਾ ਜਾਵੇਗਾ।