ਇਸ ਵਿਸ਼ੇਸ਼ ਬਲ ਦਾ ਉਦੇਸ਼ ਰਾਸ਼ਟਰੀ ਸ਼ਾਹਰਾਹਾਂ ’ਤੇ ਤੇਜ਼ ਰਫ਼ਤਾਰ, ਨਸ਼ੇ ’ਚ ਡਰਾਈਵਿੰਗ, ਓਵਰਲੋਡਿੰਗ ਅਤੇ ਨਿਯਮ ਉਲੰਘਣਾ ’ਤੇ ਸਖ਼ਤੀ ਕਰਨਾ ਤੇ ਹਾਦਸਿਆਂ ਤੋਂ ਬਾਅਦ ਗੋਲਡਨ ਆਵਰ ’ਚ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣਾ ਹੈ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਪੰਜਾਬ ਵਿਚ ਵਧਦੇ ਸੜਕ ਹਾਦਸਿਆਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਅਪ੍ਰੈਲ 2021 ਵਿਚ ਪੰਜਾਬ ਰੋਡ ਸੇਫਟੀ ਫੋਰਸ (ਪੀਆਰਐੱਸਐੱਫ) ਦਾ ਗਠਨ ਕੀਤਾ ਸੀ। ਇਸ ਵਿਸ਼ੇਸ਼ ਬਲ ਦਾ ਉਦੇਸ਼ ਰਾਸ਼ਟਰੀ ਸ਼ਾਹਰਾਹਾਂ ’ਤੇ ਤੇਜ਼ ਰਫ਼ਤਾਰ, ਨਸ਼ੇ ’ਚ ਡਰਾਈਵਿੰਗ, ਓਵਰਲੋਡਿੰਗ ਅਤੇ ਨਿਯਮ ਉਲੰਘਣਾ ’ਤੇ ਸਖ਼ਤੀ ਕਰਨਾ ਤੇ ਹਾਦਸਿਆਂ ਤੋਂ ਬਾਅਦ ਗੋਲਡਨ ਆਵਰ ’ਚ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣਾ ਹੈ।
ਪੁਲਿਸ ਵਿਭਾਗ ਤੋਂ ਉਪਲਬਧ ਅੰਕੜਿਆਂ ਮੁਤਾਬਕ ਪੰਜਾਬ ਸੜਕ ਸੁਰੱਖਿਆ ਬਲ ਦੀ ਤਾਇਨਾਤੀ ਤੋਂ ਬਾਅਦ ਹਾਈਵੇ ’ਤੇ ਸੜਕ ਹਾਦਸਿਆਂ ਤੇ ਪਛਾਣੇ ਗਏ ਬਲੈਕ ਸਪੌਟਸ ਵਿਚ 8 ਤੋਂ 10 ਫ਼ੀਸਦ ਦੀ ਕਮੀ ਆਈ ਹੈ। 2021 ਅਤੇ 2023 ਦੇ ਵਿਚਕਾਰ 1,200 ਤੋਂ ਵੱਧ ਗੰਭੀਰ ਜ਼ਖਮੀ ਲੋਕਾਂ ਨੂੰ ਬਚਾਉਣ ਦਾ ਦਾਅਵਾ ਕੀਤਾ ਗਿਆ ਹੈ। ਪੀਆਰਐੱਸਐੱਫ ਦੇ ਯਤਨਾਂ ਦੇ ਬਾਵਜੂਦ ਸੂਬੇ ਵਿਚ ਸੜਕ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ ਘੱਟ ਨਹੀਂ ਸਕੀ। ਪੰਜਾਬ ਰੋਡ ਸੇਫਟੀ ਫੋਰਸ ਦੇ ਹਾਂ-ਪੱਖੀ ਪ੍ਰਭਾਵ ਦੇ ਬਾਵਜੂਦ ਤੇਜ਼ ਰਫ਼ਤਾਰ, ਹੈਲਮੇਟ ਤੇ ਸੀਟ ਬੈਲਟਾਂ ਦੀ ਅਣਦੇਖੀ, ਸ਼ਰਾਬ ਪੀ ਕੇ ਗੱਡੀ ਚਲਾਉਣਾ ਅਤੇ ਪੇਂਡੂ ਸੜਕਾਂ ’ਤੇ ਸੀਮਤ ਨਿਗਰਾਨੀ ਅਜਿਹੇ ਕਾਰਕ ਹਨ ਜਿਨ੍ਹਾਂ ਨੇ ਚੁਣੌਤੀ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕੀਤਾ ਹੈ। ਸੂਬੇ ਵਿਚ ਔਸਤਨ ਹਰ ਦੋ ਘੰਟਿਆਂ ਵਿਚ ਇਕ ਵਿਅਕਤੀ ਸੜਕ ਹਾਦਸੇ ਵਿਚ ਮਰਦਾ ਹੈ।
ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿਚ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਵਿੱਚ 22 ਪ੍ਰਤੀਸ਼ਤ ਵਾਧਾ ਹੋਇਆ ਹੈ, ਜੋ ਇਸ ਨੂੰ ਦੇਸ਼ ਦੇ ਸਭ ਤੋਂ ਵੱਧ ਦੁਰਘਟਨਾਗ੍ਰਸਤ ਰਾਜਾਂ ਵਿਚ ਸ਼ਾਮਲ ਕਰਦਾ ਹੈ। ਪੰਜਾਬ ਸਮੇਤ ਸਾਰੇ ਗੁਆਂਢੀ ਰਾਜਾਂ ਵਿਚ ਤੇਜ਼ ਰਫ਼ਤਾਰ ਸੜਕ ਹਾਦਸਿਆਂ ਦਾ ਮੁੱਖ ਕਾਰਨ ਹੈ। ਇਸ ਤੋਂ ਇਲਾਵਾਸੀਟ ਬੈਲਟ ਨਾ ਪਹਿਨਣਾ, ਸ਼ਰਾਬ ਪੀ ਕੇ ਗੱਡੀ ਚਲਾਉਣਾ ਤੇ ਮੋਬਾਈਲ ਫੋਨ ਦੀ ਵਰਤੋਂ ਵੀ ਯੋਗਦਾਨ ਪਾ ਰਹੇ ਹਨ। 2024 ਵਿਚ ਰਾਜ ਵਿਚ ਸੜਕ ਹਾਦਸਿਆਂ ਵਿੱਚ 5,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਇਕੱਲੇ ਪੰਜਾਬ ਵਿਚ 2024 ਵਿਚ ਹੈਲਮੇਟ ਨਾ ਪਹਿਨਣ ਕਾਰਨ 800 ਤੋਂ ਵੱਧ ਮੌਤਾਂ ਹੋਈਆਂ।
2020 ਵਿਚ ਪੰਜਾਬ ਵਿਚ ਕਰੀਬ 2,000 ਮੌਤਾਂ ਸੜਕ ਹਾਦਸਿਆਂ ਵਿਚ ਹੋਈਆਂ ਦਰਜ ਕੀਤੀਆਂ ਗਈਆਂ, ਜੋ ਕਿ 2024 ਵਿਚ ਵੱਧ ਕੇ 4,700 ਤੋਂ ਵੱਧ ਹੋ ਗਈਆਂ ਹਨ। ਇਸੇ ਸਮੇਂ ਦੌਰਾਨ ਸੜਕ ਹਾਦਸਿਆਂ ਦੀ ਗਿਣਤੀ ਵੀ 6,000 ਨੂੰ ਪਾਰ ਕਰ ਗਈ। ਰਿਪੋਰਟ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਤੇਜ਼ ਰਫ਼ਤਾਰ, ਨਿਯਮਾਂ ਦੀ ਅਣਦੇਖੀ ਤੇ ਸੁਰੱਖਿਆ ਉਪਾਵਾਂ ਦੀ ਘਾਟ ਇਸ ਵੱਧਦੇ ਅੰਕੜੇ ਦੇ ਮੁੱਖ ਕਾਰਨ ਹਨ। ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਵਿਚ ਸਥਿਤੀ ਹੋਰ ਵੀ ਚਿੰਤਾਜਨਕ ਹੈ। ਹਰਿਆਣਾ ਵਿਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕੌਮੀ ਔਸਤ ਨਾਲੋਂ ਵੱਧ ਹੈ। ਮਾਹਿਰਾਂ ਅਨੁਸਾਰ ਹਰਿਆਣਾ ਵਿੱਚ ਘਾਤਕ ਹਾਦਸਿਆਂ ਦੀ ਵੱਡੀ ਗਿਣਤੀ ਕੌਮੀ ਸ਼ਾਹਰਾਹਾਂ ਦੀ ਘਾਟ, ਭਾਰੀ ਆਵਾਜਾਈ ਭੀੜ ਅਤੇ ਤੇਜ਼ ਰਫ਼ਤਾਰ ਵਾਹਨਾਂ ਕਾਰਨ ਹੈ। ਹਿਮਾਚਲ ਪ੍ਰਦੇਸ਼ ਵਿਚ ਸੜਕ ਹਾਦਸਿਆਂ ਦੀ ਗਿਣਤੀ ਮੁਕਾਬਲਤਨ ਘੱਟ ਹੈ ਪਰ ਮੌਤ ਦਰ ਚਿੰਤਾਜਨਕ ਬਣੀ ਹੋਈ ਹੈ। 2024 ਵਿਚ ਰਾਜ ਵਿਚ 1,200 ਤੋਂ ਵੱਧ ਸੜਕ ਹਾਦਸਿਆਂ ਵਿੱਚ ਮੌਤਾਂ ਦਰਜ ਕੀਤੀਆਂ ਗਈਆਂ। ਪਹਾੜੀ ਇਲਾਕਾ, ਤਿੱਖੇ ਮੋੜ, ਓਵਰਲੋਡਿੰਗ ਤੇ ਖਰਾਬ ਮੌਸਮ ਨੂੰ ਇੱਥੇ ਹਾਦਸਿਆਂ ਦੇ ਮੁੱਖ ਕਾਰਨ ਦੱਸਿਆ ਗਿਆ ਹੈ।
ਰਿਪੋਰਟ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਬਹੁਤ ਸਾਰੇ ਹਾਦਸਿਆਂ ਵਿਚ ਵਾਹਨ ਡੂੰਘੀਆਂ ਖੱਡਾਂ ਵਿਚ ਡਿੱਗਦੇ ਹਨ। ਰਾਜਸਥਾਨ, ਜੋ ਕਿ ਅੰਸ਼ਕ ਤੌਰ ’ਤੇ ਪੰਜਾਬ ਨਾਲ ਲੱਗਦੀ ਹੈ, ਸੜਕ ਹਾਦਸਿਆਂ ਦੇ ਮਾਮਲੇ ਵਿਚ ਦੇਸ਼ ਦੇ ਚੋਟੀ ਦੇ ਰਾਜਾਂ ਵਿੱਚੋਂ ਇਕ ਹੈ। ਸਰਕਾਰੀ ਅੰਕੜਿਆਂ ਮੁਤਾਬਕ 2024 ਵਿਚ ਰਾਜਸਥਾਨ ਵਿਚ 10,000 ਤੋਂ ਵੱਧ ਸੜਕ ਮੌਤਾਂ ਦਰਜ ਕੀਤੀਆਂ ਗਈਆਂ। ਲੰਬੀ ਦੂਰੀ, ਹਾਈਵੇ ’ਤੇ ਤੇਜ਼ ਰਫ਼ਤਾਰ ਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਨੂੰ ਇੱਥੇ ਹਾਦਸਿਆਂ ਦੇ ਮੁੱਖ ਕਾਰਨ ਦੱਸਿਆ ਗਿਆ ਹੈ। ਪੰਜਾਬ ਦੀ ਸਰਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਨੂੰ ਵੀ ਸੜਕ ਹਾਦਸਿਆਂ ਦਾ ਲਗਾਤਾਰ ਖ਼ਤਰਾ ਰਹਿੰਦਾ ਹੈ। ਸਰਕਾਰੀ ਰਿਪੋਰਟਾਂ ਮੁਤਾਬਕ 2024 ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸੜਕ ਹਾਦਸਿਆਂ ਵਿਚ 1,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮਾੜੀਆਂ ਸੜਕਾਂ, ਪਹਾੜੀ ਇਲਾਕਾ, ਮੌਸਮ ਅਤੇ ਸੀਮਤ ਆਵਾਜਾਈ ਬੁਨਿਆਦੀ ਢਾਂਚਾ ਇੱਥੇ ਹਾਦਸਿਆਂ ਦੇ ਮੁੱਖ ਕਾਰਨ ਹਨ।