ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨੇ ਸ਼ੁੱਕਰਵਾਰ ਨੂੰ ਨਵੇਂ ਜ਼ਿਲ੍ਹਾ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ ਕੀਤੀ। ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਪ੍ਰਧਾਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਪੱਖ ਪੂਰਦੇ ਹੋਏ ਸੀਨੀਅਰ ਆਗੂਆਂ ਦੇ ਗਿਲ਼ੇ ਸ਼ਿਕਵੇ ਦੂਰ ਕਰਨ ਦਾ ਸੁਝਾਅ ਦਿੱਤਾ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ’ਚ ਅੰਦਰੂਨੀ ਖਾਨਾਜੰਗੀ ਤੇ ਸੀਨੀਅਰ ਆਗੂਆਂ ਦਰਮਿਆਨ ਚੱਲ ਰਹੇ ਗਿਲੇ ਸ਼ਿਕਵਿਆਂ, ਮਤਭੇਦਾਂ ਨੂੰ ਲੈ ਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨੂੰ ਸਪੱਸ਼ਟ ਕਿਹਾ ਕਿ ਸੀਨੀਅਰ ਆਗੂਆਂ ਦੀ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨਾਂ ਨੇ ਪਾਰਟੀ ਹਾਈਕਮਾਨ ਨੂੰ ਆਪਣੀ ਦਖਲਅੰਦਾਜ਼ੀ ਕਰਨ ਦੀ ਵੀ ਸਲਾਹ ਦਿੱਤੀ ਹੈ।
ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨੇ ਸ਼ੁੱਕਰਵਾਰ ਨੂੰ ਨਵੇਂ ਜ਼ਿਲ੍ਹਾ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ ਕੀਤੀ। ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਪ੍ਰਧਾਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਪੱਖ ਪੂਰਦੇ ਹੋਏ ਸੀਨੀਅਰ ਆਗੂਆਂ ਦੇ ਗਿਲ਼ੇ ਸ਼ਿਕਵੇ ਦੂਰ ਕਰਨ ਦਾ ਸੁਝਾਅ ਦਿੱਤਾ। ਮੀਟਿੰਗ ਦੌਰਾਨ ਕਈ ਜ਼ਿਲ੍ਹਾ ਪ੍ਰਧਾਨਾਂ ਨੇ ਕਿਹਾ ਕਿ ਜੇਕਰ ਸੀਨੀਅਰ ਆਗੂ ਇਕੱਠੇ ਹੋ ਕੇ ਕੰਮ ਕਰਨਗੇ ਤਾਂ 2027 ’ਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਮੀਟਿੰਗ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬਾ ਪ੍ਰਧਾਨ ਚਾਰ ਸਾਲ ਤੱਕ ਸਖ਼ਤ ਮਿਹਨਤ ਕਰਦਾ ਹੈ, ਪਰ ਆਖ਼ਰੀ ਚੋਣ ਵਰ੍ਹੇ ਦੌਰਾਨ ਨਵਾਂ ਸੂਟ ਪਾ ਕੇ ਕੋਈ ਹੋਰ ਥਾਂ ਲੈ ਲੈਂਦਾ ਹੈ। ਬਾਜਵਾ ਦੀ ਇਹ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਗਏ।
ਵਰਨਣਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਹਾਈਕਮਾਨ ਨੇ ਬਾਜਵਾ ਤੋਂ ਸੂਬਾ ਪ੍ਰਧਾਨਗੀ ਦੀ ਵਾਗਡੋਰ ਖੋਹ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਸੀ। ਬਾਜਵਾ ਨੇ ਲਗਾਤਾਰ ਕਿਹਾ ਹੈ ਕਿ ਉਨ੍ਹਾਂ ਫ਼ਸਲ ਬੀਜੀ ਤੇ ਕਾਸ਼ਤ ਕੀਤੀ, ਪਰ ਇਸ ਦੀ ਵਾਢੀ ਕਿਸੇ ਹੋਰ ਨੇ ਕੀਤੀ। ਇਸ ਮੌਕੇ ਭੁਪੇਸ਼ ਬਘੇਲ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ 14 ਦਸੰਬਰ ਨੂੰ ਆਪੋ-ਆਪਣੇ ਖੇਤਰਾਂ ਦੇ 150 ਲੋਕਾਂ ਨਾਲ ਦਿੱਲੀ ਦੇ ਰਾਮਲੀਲ੍ਹਾ ਮੈਦਾਨ ’ਚ ਪਹੁੰਚਣ ਦੇ ਨਿਰਦੇਸ਼ ਦਿੱਤੇ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਘੇਲ ਨੇ ਕਿਹਾ ਕਿ "ਵੋਟ ਚੋਰ, ਗੱਦੀ ਛੋੜ" ਮੁਹਿੰਮ ਤਹਿਤ 14 ਦਸੰਬਰ ਨੂੰ ਰਾਮਲੀਲ੍ਹਾ ਮੈਦਾਨ ’ਚ ਇਕ ਰੈਲੀ ਕੀਤੀ ਜਾ ਰਹੀ ਹੈ। ਬਿਹਾਰ ’ਚ ਕਾਂਗਰਸ ਦੀ ਕਰਾਰੀ ਹਾਰ ਬਾਰੇ ਸਵਾਲਾਂ ਦੇ ਜਵਾਬ ’ਚ ਬਘੇਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸ਼ੁਰੂ ’ਚ 6.5 ਮਿਲੀਅਨ ਵੋਟਾਂ ਹਟਾ ਦਿੱਤੀਆਂ ਸਨ, ਪਰ ਬਾਅਦ ’ਚ 2.1 ਮਿਲੀਅਨ ਜੋੜ ਦਿੱਤੀਆਂ। ਉਨ੍ਹਾਂ ਲੋਕਾਂ ਵੱਲੋਂ ਕਾਂਗਰਸ ਨੂੰ ਰੱਦ ਕਰਨ ਦੇ ਸਵਾਲ 'ਤੇ ਕੋਈ ਟਿੱਪਣੀ ਨਹੀਂ ਕੀਤੀ। ਤਰਨਤਾਰਨ ਜ਼ਿਮਨੀ-ਚੋਣ ’ਚ ਪਾਰਟੀ ਦੇ ਚੌਥੇ ਸਥਾਨ 'ਤੇ ਰਹਿਣ ਬਾਰੇ ਸਵਾਲ ਦੇ ਜਵਾਬ ’ਚ ਬਘੇਲ ਨੇ ਕਿਹਾ ਕਿ ਜ਼ਿਮਨੀ-ਚੋਣਾਂ ’ਚ ਸੱਤਾਧਾਰੀ ਪਾਰਟੀ ਦਾ ਦਬਦਬਾ ਹੈ। ਹਾਲਾਂਕਿ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ-ਚੋਣ ਅਤੇ ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ-ਚੋਣ ’ਚ ਸੱਤਾਧਾਰੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪਾਰਟੀ ਤਰਨਤਾਰਨ ਚੋਣ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤਾਂ ਜੋ ਇਸ ਦਾ ਭਵਿੱਖ ਦੀਆਂ ਚੋਣਾਂ 'ਤੇ ਕੋਈ ਪ੍ਰਭਾਵ ਨਾ ਪਵੇ। ਜ਼ਿਕਰਯੋਗ ਹੈ ਕਿ 11 ਨਵੰਬਰ ਨੂੰ ਕਾਂਗਰਸ ਨੇ 27 ਜ਼ਿਲ੍ਹਿਆਂ ਲਈ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਸੀ ਪਰ ਮਾਲੇਰਕੋਟਲਾ ਤੇ ਮਾਨਸਾ ਜ਼ਿਲ੍ਹਿਆਂ ਲਈ ਜ਼ਿਲ੍ਹਾ ਪ੍ਰਧਾਨਾਂ ਦੀ ਅਜੇ ਤੱਕ ਨਿਯੁਕਤੀ ਨਹੀਂ ਕੀਤੀ ਗਈ ਹੈ। ਮੀਟਿੰਗ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹਾਜ਼ਰ ਸਨ।