ਕਾਂਗਰਸ ਵਰਕਿੰਗ ਕਮੇਟੀ ਮੀਟਿੰਗ ਅੱਜ, ਦੂਲੋ ਨੇ ਕਿਹਾ ‘ਪਾਰਟੀ ਨੂੰ ਸਿਰਫ਼ ਚੰਨੀ ਦਿਸਦਾ ਏ’, ਕਈ ਅਹੁਦੇ ਮਿਲੇ ਪਰ ਕਹਿ ਰਹੇ ਨੇ ਦਲਿਤਾਂ ਨੂੰ ਕੁਝ ਨਹੀਂ ਮਿਲਿਆ
ਇਸ ਮੀਟਿੰਗ ਤੋਂ ਪਹਿਲਾਂ, ਸਾਬਕਾ ਸੂਬਾ ਪ੍ਰਧਾਨ ਅਤੇ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਬਿਆਨਾਂ 'ਤੇ ਸਵਾਲ ਉਠਾਏ ਹਨ। ਦੂਲੋ ਨੇ ਕਿਹਾ ਕਿ ਚੰਨੀ ਕਾਂਗਰਸ ਦੇ ਟਕਸਾਲੀ ਮੈਂਬਰ ਨਹੀਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਇੰਦਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਪਰਿਵਾਰ ਦੀ ਮਦਦ ਕੀਤੀ ਸੀ।
Publish Date: Thu, 22 Jan 2026 09:25 AM (IST)
Updated Date: Thu, 22 Jan 2026 09:29 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿੱਚੋਤਾਣ ਦਰਮਿਆਨ ਵੀਰਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਮੌਜੂਦ ਰਹਿਣਗੇ। ਇਸ ਅਹਿਮ ਮੀਟਿੰਗ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 'ਅਪਰ ਕਾਸਟ' ਬਿਆਨ 'ਤੇ ਚਰਚਾ ਹੋਣ ਦੇ ਆਸਾਰ ਹਨ।
ਇਸ ਮੀਟਿੰਗ ਤੋਂ ਪਹਿਲਾਂ, ਸਾਬਕਾ ਸੂਬਾ ਪ੍ਰਧਾਨ ਅਤੇ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਬਿਆਨਾਂ 'ਤੇ ਸਵਾਲ ਉਠਾਏ ਹਨ। ਦੂਲੋ ਨੇ ਕਿਹਾ ਕਿ ਚੰਨੀ ਕਾਂਗਰਸ ਦੇ ਟਕਸਾਲੀ ਮੈਂਬਰ ਨਹੀਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਇੰਦਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਪਰਿਵਾਰ ਦੀ ਮਦਦ ਕੀਤੀ ਸੀ। ਦੂਲੋ ਨੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਚੰਨੀ 2012 ਵਿਚ ਕਾਂਗਰਸ ਵਿਚ ਸ਼ਾਮਲ ਹੋਏ ਪਰ ਇਸ ਤੋਂ ਪਹਿਲਾਂ ਉਹ ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਨਾਲ ਜੁੜੇ ਰਹੇ। ਉਨ੍ਹਾਂ ਕਿਹਾ ਕਿ ਚੰਨੀ ਨੂੰ 2022 ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਇਕ ਸਾਲ ਤੱਕ ਨਹੀਂ ਕਿਤੇ ਨਹੀਂ ਦੇਖਿਆ ਗਿਆ। 2024 ਵਿਚ ਉਨ੍ਹਾਂ ਨੂੰ ਜਲੰਧਰ ਤੋਂ ਲੋਕ ਸਭਾ ਚੋਣ ਮੌਕੇ ਟਿਕਟ ਦਿੱਤੀ ਗਈ ਅਤੇ ਕਿਸਾਨ ਸਟੈਂਡਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ, ਜਦੋਂ ਕਿ ਉਨ੍ਹਾਂ ਦਾ ਕਿਸਾਨੀ ਕਿੱਤੇ ਨਾਲ ਕੋਈ ਸਬੰਧ ਨਹੀਂ ਹੈ।
ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਪਹਿਲਾਂ 23 ਜਨਵਰੀ ਨੂੰ ਹੋਣੀ ਸੀ ਪਰ ਹੁਣ ਇਹ 22 ਜਨਵਰੀ ਨੂੰ ਹੋਵੇਗੀ। ਇਸ ਮੀਟਿੰਗ ਵਿਚ ਪੰਜਾਬ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ, ਸੂਬਾ ਪ੍ਰਧਾਨ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ੍ ਅਤੇ ਹੋਰ ਕਾਂਗਰਸੀ ਆਗੂ ਸ਼ਾਮਲ ਹੋਣਗੇ। ਇਸ ਸਬੰਧ ਵਿਚ ਸੂਤਰ ਦੱਸਦੇ ਹਨ ਕਿ ਮੀਟਿੰਗ ਵਿਚ ਪੰਜਾਬ ਵਿਚ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਮੁੱਦਾ ਉੱਠਣਾ ਤੈਅ ਹੈ।