ਠਿਠੁਰਦਾ ਬਚਪਨ! ਰਿਕਾਰਡ ਤੋੜ ਠੰਢ 'ਵੀ ਖੁੱਲ੍ਹੇ ਹਨ ਸਕੂਲ, ਮਾਪਿਆਂ ਨੇ ਕੀਤੀ ਛੁੱਟੀਆਂ ਜਾਂ ਸਮਾਂ ਬਦਲਣ ਦੀ ਮੰਗ
ਬੁੱਧਵਾਰ ਦੁਪਹਿਰ ਤੱਕ ਅਸਮਾਨ ਵਿਚ ਸੂਰਜ ਬਿਲਕੁਲ ਵੀ ਦਿਖਾਈ ਨਹੀਂ ਦਿੱਤਾ। ਦੁਪਹਿਰ ਤੋਂ ਬਾਅਦ ਜਦੋਂ ਕੁਝ ਸਮੇਂ ਲਈ ਸੂਰਜ ਨਿਕਲਿਆ ਤਾਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ, ਪਰ ਜਲਦੀ ਹੀ ਬੱਦਲਾਂ ਅਤੇ ਧੁੰਦ ਕਾਰਨ ਸੂਰਜ ਫਿਰ ਅਲੋਪ ਹੋ ਗਿਆ। ਧੁੰਦ ਕਾਰਨ ਵਿਜ਼ੀਬਿਲਟੀ (ਦ੍ਰਿਸ਼ਟੀ) ਬਹੁਤ ਘੱਟ ਹੋਣ ਕਾਰਨ ਸੜਕੀ ਆਵਾਜਾਈ ਵੀ ਕਾਫ਼ੀ ਸੁਸਤ ਰਹੀ।
Publish Date: Thu, 15 Jan 2026 11:40 AM (IST)
Updated Date: Thu, 15 Jan 2026 11:46 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ਹਿਰ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਰਿਕਾਰਡ ਤੋੜ ਠੰਢ ਅਤੇ ਸੰਘਣੀ ਧੁੰਦ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਾਲਾਤ ਅਜਿਹੇ ਹਨ ਕਿ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ, ਪਰ ਅਜਿਹੀ ਸਥਿਤੀ ਵਿਚ ਵੀ ਸਕੂਲਾਂ ਵੱਲੋਂ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਬੁਲਾਇਆ ਜਾ ਰਿਹਾ ਹੈ।
ਬੁੱਧਵਾਰ ਸਵੇਰੇ ਸੜਕਾਂ 'ਤੇ ਬੱਚੇ ਕੜਾਕੇ ਦੀ ਠੰਢ ਵਿਚ ਠਿਠੁਰਦੇ ਹੋਏ ਆਪਣੇ ਸਕੂਲਾਂ ਵੱਲ ਜਾਂਦੇ ਦੇਖੇ ਗਏ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਸ਼ਾਮ ਹੁੰਦੇ ਹੀ ਸੰਘਣੀ ਧੁੰਦ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਸੂਰਜ ਦੇ ਦਰਸ਼ਨ ਹੋਏ ਦੁਰਲੱਭ
ਬੁੱਧਵਾਰ ਦੁਪਹਿਰ ਤੱਕ ਅਸਮਾਨ ਵਿਚ ਸੂਰਜ ਬਿਲਕੁਲ ਵੀ ਦਿਖਾਈ ਨਹੀਂ ਦਿੱਤਾ। ਦੁਪਹਿਰ ਤੋਂ ਬਾਅਦ ਜਦੋਂ ਕੁਝ ਸਮੇਂ ਲਈ ਸੂਰਜ ਨਿਕਲਿਆ ਤਾਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ, ਪਰ ਜਲਦੀ ਹੀ ਬੱਦਲਾਂ ਅਤੇ ਧੁੰਦ ਕਾਰਨ ਸੂਰਜ ਫਿਰ ਅਲੋਪ ਹੋ ਗਿਆ। ਧੁੰਦ ਕਾਰਨ ਵਿਜ਼ੀਬਿਲਟੀ (ਦ੍ਰਿਸ਼ਟੀ) ਬਹੁਤ ਘੱਟ ਹੋਣ ਕਾਰਨ ਸੜਕੀ ਆਵਾਜਾਈ ਵੀ ਕਾਫ਼ੀ ਸੁਸਤ ਰਹੀ।
ਆਉਣ ਵਾਲੇ ਦਿਨਾ ਲਈ ਚਿਤਾਵਨੀ
ਮੌਸਮ ਵਿਭਾਗ ਅਤੇ ਮਾਹਰਾਂ ਅਨੁਸਾਰ ਆਉਣ ਵਾਲੇ ਕੁਝ ਦਿਨਾ ਤੱਕ ਠੰਢ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਕੋਹਰਾ ਇਸੇ ਤਰ੍ਹਾਂ ਛਾਇਆ ਰਹੇਗਾ। ਮਾਪਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਸਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਜਾਵੇ ਜਾਂ ਛੁੱਟੀਆਂ ਦਾ ਐਲਾਨ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਸਿਹਤ ਨੂੰ ਖ਼ਤਰੇ ਤੋਂ ਬਚਾਇਆ ਜਾ ਸਕੇ।