ਦੋ ਸਾਲ ਪਹਿਲਾਂ CBI ਨੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ। ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਸੀ ਤੇ ਕੁਝ ਖਾਤੇ ਸੀਲ ਵੀ ਕਰ ਦਿੱਤੇ ਗਏ ਸਨ। ਇਕ ਖਾਤੇ 'ਚ ਪਰਮਜੀਤ ਦੇ ਗਹਿਣੇ ਵੀ ਪਏ ਹਨ। ਇਨ੍ਹਾਂ ਗਹਿਣਿਆਂ ਨੂੰ ਛੁਡਵਾਉਣ ਲਈ ਹੀ ਉਨ੍ਹਾਂ ਅਦਾਲਤ 'ਚ ਅਰਜ਼ੀ ਦਿੱਤੀ। ਸੇਖੋਂ ਦੀ ਪਤਨੀ ਪਰਮਜੀਤ ਕੌਰ ਵੀ ਚੰਡੀਗੜ੍ਹ ਪੁਲਿਸ 'ਚ ਇੰਸਪੈਕਟਰ ਵਜੋਂ ਤਾਇਨਾਤ ਹੈ।

ਰਵੀ ਅਟਵਾਲ, ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਫਸੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ ਪਤਨੀ ਇੰਸਪੈਕਟਰ ਪਰਮਜੀਤ ਕੌਰ ਨੇ ਸੀਬੀਆਈ (CBI) ਦੀ ਵਿਸ਼ੇਸ਼ ਅਦਾਲਤ 'ਚ ਇਕ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਅਦਾਲਤ ਅੱਗੇ ਮੰਗ ਰੱਖੀ ਕਿ ਸੀਬੀਆਈ ਨੇ ਉਨ੍ਹਾਂ ਦੇ ਜਿਹੜੇ ਗਹਿਣੇ ਜ਼ਬਤ ਕੀਤੇ ਹੋਏ ਹਨ, ਉਨ੍ਹਾਂ ਨੂੰ ਰਿਲੀਜ਼ ਕੀਤਾ ਜਾਵੇ। ਅਗਲੇ ਮਹੀਨੇ ਉਨ੍ਹਾਂ ਦੇ ਭਤੀਜੇ (ਭਰਾ ਦੇ ਬੇਟੇ) ਦਾ ਵਿਆਹ ਹੈ ਤੇ ਇਸ ਸਮਾਗਮ ਲਈ ਉਨ੍ਹਾਂ ਨੂੰ ਗਹਿਣਿਆਂ ਦੀ ਲੋੜ ਹੈ।
ਦੋ ਸਾਲ ਪਹਿਲਾਂ ਸੀਬੀਆਈ ਨੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ। ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਸੀ ਤੇ ਕੁਝ ਖਾਤੇ ਸੀਲ ਵੀ ਕਰ ਦਿੱਤੇ ਗਏ ਸਨ। ਇਕ ਖਾਤੇ 'ਚ ਪਰਮਜੀਤ ਦੇ ਗਹਿਣੇ ਵੀ ਪਏ ਹਨ। ਇਨ੍ਹਾਂ ਗਹਿਣਿਆਂ ਨੂੰ ਛੁਡਵਾਉਣ ਲਈ ਹੀ ਉਨ੍ਹਾਂ ਅਦਾਲਤ 'ਚ ਅਰਜ਼ੀ ਦਿੱਤੀ। ਸੇਖੋਂ ਦੀ ਪਤਨੀ ਪਰਮਜੀਤ ਕੌਰ ਵੀ ਚੰਡੀਗੜ੍ਹ ਪੁਲਿਸ 'ਚ ਇੰਸਪੈਕਟਰ ਵਜੋਂ ਤਾਇਨਾਤ ਹੈ।
ਸੀਬੀਆਈ ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਇਸ ਅਰਜ਼ੀ ਦਾ ਵਿਰੋਧ ਕੀਤਾ ਤੇ ਬਹਿਸ ਦੌਰਾਨ ਕਿਹਾ ਕਿ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਹਰਿੰਦਰ ਸਿੰਘ ਸੇਖੋਂ ਵਿਰੁੱਧ ਅਜੇ ਜਾਂਚ ਚੱਲ ਰਹੀ ਹੈ। ਉਨ੍ਹਾਂ ਦੇ ਬੈਂਕ ਖਾਤਿਆਂ, ਪ੍ਰਾਪਰਟੀ ਤੇ ਗਹਿਣਿਆਂ ਆਦਿ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਇਨ੍ਹਾਂ ਗਹਿਣਿਆਂ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ। ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। 31 ਜਨਵਰੀ ਨੂੰ ਇਸ ਅਰਜ਼ੀ 'ਤੇ ਫੈਸਲਾ ਸੁਣਾਇਆ ਜਾ ਸਕਦਾ ਹੈ।
ਇੰਸਪੈਕਟਰ ਪਰਮਜੀਤ ਕੌਰ ਨੇ ਅਰਜ਼ੀ ਵਿਚ ਕਿਹਾ ਕਿ ਇਹ ਗਹਿਣੇ ਉਨ੍ਹਾਂ ਦੀ ਆਪਣੀ ਮਿਹਨਤ ਦੀ ਕਮਾਈ ਦੇ ਹਨ। ਇਨ੍ਹਾਂ ਨੂੰ ਰਿਲੀਜ਼ ਕਰਵਾਉਣ ਲਈ ਉਨ੍ਹਾਂ ਨੇ 21 ਜਨਵਰੀ ਨੂੰ ਸੀਬੀਆਈ ਨੂੰ ਪੱਤਰ ਵੀ ਲਿਖਿਆ ਸੀ, ਪਰ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਕਿਹਾ ਕਿ ਸੀਬੀਆਈ ਉਨ੍ਹਾਂ ਦੇ ਬੈਂਕ ਲਾਕਰ ਦੀ ਜਾਂਚ ਕਰ ਚੁੱਕੀ ਹੈ ਅਤੇ ਇਨ੍ਹਾਂ ਗਹਿਣਿਆਂ ਦੀ ਕੀਮਤ ਦਾ ਅੰਦਾਜ਼ਾ ਵੀ ਲਗਾਇਆ ਜਾ ਚੁੱਕਾ ਹੈ। ਅਜਿਹੇ ਵਿੱਚ ਕੇਸ ਦੀ ਜਾਂਚ ਲਈ ਹੁਣ ਇਨ੍ਹਾਂ ਦੀ ਲੋੜ ਨਹੀਂ ਹੈ।
ਤਿੰਨ ਸਾਲ ਪਹਿਲਾਂ ਸੀਬੀਆਈ ਨੇ ਸੱਤ ਲੱਖ ਰੁਪਏ ਦੇ ਰਿਸ਼ਵਤ ਮਾਮਲੇ 'ਚ ਚੰਡੀਗੜ੍ਹ ਪੁਲਿਸ ਦੇ ਇਕ ਕਾਂਸਟੇਬਲ ਅਤੇ ਦੋ ਵਿਚੋਲਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੇਸ ਵਿਚ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦਾ ਨਾਂ ਵੀ ਸਾਹਮਣੇ ਆਇਆ ਸੀ। ਦੋਸ਼ ਸਨ ਕਿ ਇਹ ਰਿਸ਼ਵਤ ਸੇਖੋਂ ਦੇ ਨਾਂ 'ਤੇ ਹੀ ਲਈ ਜਾ ਰਹੀ ਸੀ।
ਹਾਲਾਂਕਿ ਸੇਖੋਂ ਦੀ ਭੂਮਿਕਾ ਦੇ ਕੋਈ ਸਬੂਤ ਨਹੀਂ ਮਿਲੇ, ਪਰ ਸੀਬੀਆਈ ਨੇ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਸੀਬੀਆਈ ਨੂੰ ਪਤਾ ਲੱਗਾ ਕਿ ਦੋਵਾਂ ਨੇ ਆਮਦਨ ਦੇ ਜਾਣੂ ਸਰੋਤਾਂ ਤੋਂ 80 ਪ੍ਰਤੀਸ਼ਤ ਵੱਧ ਜਾਇਦਾਦ ਬਣਾਈ ਸੀ।