14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ’ਚ ਪਹਿਲੀ ਵਾਰ ਪੰਜ ਪਾਰਟੀਆਂ ਆਪਣੀ ਤਾਕਤ ਦਿਖਾਉਣ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ’ਚ ਹਿੱਸਾ ਲੈਂਦੀਆਂ ਰਹੀਆਂ ਹਨ, ਜਦਕਿ ਭਾਜਪਾ ਪਹਿਲੀ ਵਾਰ ਸਾਰੇ ਵਾਰਡਾਂ ’ਚ ਚੋਣਾਂ ਲੜੇਗੀ। ਨਵ-ਗਠਿਤ ਗਿਆਨੀ ਹਰਪ੍ਰੀਤ ਸਿੰਘ ਵੀ ਸਾਰੇ ਵਾਰਡਾਂ ’ਚ ਆਪਣੀ ਪਾਰਟੀ ਦੇ ਉਮੀਦਵਾਰ ਖੜ੍ਹੇ ਕਰਨ ਦਾ ਦਾਅਵਾ ਕਰ ਰਹੇ ਹਨ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸੰਮਤੀਆਂ ਦੀ ਨਾਮਜ਼ਦਗੀ ਦੀ ਪ੍ਰਕਿਰਿਆ 2 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੇ ਨਾਮਾਂ ਨੂੰ ਤੈਅ ਕਰਨ ’ਚ ਲੱਗੀਆਂ ਹਨ। ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸੰਮਤੀਆਂ ਦੇ ਸਾਰੇ ਵਾਰਡਾਂ ’ਚ ਚੋਣਾਂ ਲੜਨ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੌਰਾਨ ਭਾਜਪਾ ਨੇ ਕਦੇ ਵੀ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸੰਮਤੀਆਂ ਦੇ ਸਾਰੇ ਵਾਰਡਾਂ ’ਚ ਚੋਣਾਂ ਨਹੀਂ ਲੜੀ ਸੀ। ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਵੀ ਚੋਣਾਂ ’ਚ ਸ਼ਾਮਲ ਹੋਣ ਜਾ ਰਿਹਾ ਹੈ ਪਰ ਉਨ੍ਹਾਂ ਦੇ ਉਮੀਦਵਾਰਾਂ ਨੂੰ ਸੂਬਾਈ ਚੋਣ ਕਮਿਸ਼ਨ ਵੱਲੋਂ ਆਜ਼ਾਦ ਮੰਨਿਆ ਜਾਵੇਗਾ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਨੂੰ ਹਾਲੇ ਤੱਕ ਚੋਣ ਕਮਿਸ਼ਨ ਵੱਲੋਂ ਕੋਈ ਪਛਾਣ ਨਹੀਂ ਦਿੱਤੀ ਗਈ ਹੈ।
14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ’ਚ ਪਹਿਲੀ ਵਾਰ ਪੰਜ ਪਾਰਟੀਆਂ ਆਪਣੀ ਤਾਕਤ ਦਿਖਾਉਣ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ’ਚ ਹਿੱਸਾ ਲੈਂਦੀਆਂ ਰਹੀਆਂ ਹਨ, ਜਦਕਿ ਭਾਜਪਾ ਪਹਿਲੀ ਵਾਰ ਸਾਰੇ ਵਾਰਡਾਂ ’ਚ ਚੋਣਾਂ ਲੜੇਗੀ। ਨਵ-ਗਠਿਤ ਗਿਆਨੀ ਹਰਪ੍ਰੀਤ ਸਿੰਘ ਵੀ ਸਾਰੇ ਵਾਰਡਾਂ ’ਚ ਆਪਣੀ ਪਾਰਟੀ ਦੇ ਉਮੀਦਵਾਰ ਖੜ੍ਹੇ ਕਰਨ ਦਾ ਦਾਅਵਾ ਕਰ ਰਹੇ ਹਨ। ਚਾਰੋਂ ਪਾਰਟੀਆਂ ਆਪੋ-ਆਪਣੇ ਨਿਸ਼ਾਨ 'ਤੇ ਚੋਣਾਂ ਲੜਨਗੀਆਂ, ਜਦਕਿ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਕੋਲ ਹਾਲੇ ਕੋਈ ਚਿੰਨ੍ਹ ਨਹੀਂ ਹੈ। ਸੂਬਾਈ ਚੋਣ ਕਮਿਸ਼ਨ ਦੇ ਕਮਿਸ਼ਨਰ ਰਾਜ ਕਮਲ ਚੌਧਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਜਿਸ ਪਾਰਟੀ ਨੂੰ ਚੋਣ ਕਮਿਸ਼ਨ ਨੇ ਚਿੰਨ੍ਹ ਦਿੱਤਾ ਹੈ, ਉਸ ਤੋਂ ਇਲਾਵਾ ਬਾਕੀਆਂ ਨੂੰ ਆਜ਼ਾਦ ਉਮੀਦਵਾਰ ਮੰਨਿਆ ਜਾਵੇਗਾ।
ਸਭ ਪਾਰਟੀਆਂ ਨੇ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਾਰਟੀਆਂ ਦੇ ਸਰੋਤਾਂ ਦਾ ਕਹਿਣਾ ਹੈ ਕਿ ਸਾਰੀਆਂ ਦੀ ਰਣਨੀਤੀ ਆਖਰੀ ਸਮੇਂ 'ਤੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਦੀ ਹੈ। ਪਾਰਟੀ ਸਰੋਤਾਂ ਦਾ ਕਹਿਣਾ ਹੈ ਕਿ ਚੋਣਾਂ ’ਚ ਸੱਤਾਧਾਰੀ ਪਾਰਟੀ ਦਾ ਦਬਾਅ ਹੁੰਦਾ ਹੈ, ਜਿਸ ਨੂੰ ਦੇਖਦੇ ਹੋਏ ਕੋਈ ਵੀ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਸਮੇਂ ਤੋਂ ਪਹਿਲਾਂ ਜਾਰੀ ਨਹੀਂ ਕਰਨਾ ਚਾਹੁੰਦੀ। ਇਹ ਜਾਣਕਾਰੀ ਵੀ ਮਹੱਤਵਪੂਰਨ ਹੈ ਕਿ 23 ਜ਼ਿਲ੍ਹਾ ਪੰਚਾਇਤਾਂ ਦੀ 357 ਸੀਟਾਂ ਤੇ 154 ਪੰਚਾਇਤ ਸਮਿਤੀਆਂ ਦੀ 2,863 ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਵੋਟਾਂ 14 ਦਸੰਬਰ ਨੂੰ ਹੋਣਗੀਆਂ ਜਦਕਿ ਨਤੀਜੇ 17 ਦਸੰਬਰ ਨੂੰ ਆਉਣਗੇ।