ਓਧਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਮਨ ਅਰੋੜਾ ਵੱਲੋਂ ਦਿੱਤੇ ਬਿਆਨ ਨੂੰ ਬੇਬੁਨਿਆਦ ਕਰਾਰ ਦਿੱਤਾ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੁਰੂਕਸ਼ੇਤਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਵਿਚ ਹਾਜ਼ਰੀ ਭਰੀ ਹੈ। ਭਾਰਤ ਸਰਕਾਰ ਨੇ ਇੱਕ ਸਿੱਕਾ ਤੇ ਡਾਕ ਟਿਕਟ ਜਾਰੀ ਕੀਤੀ ਹੈ ਤੇ ਲਾਲ ਕਿਲ੍ਹੇ ਵਿਚ ਰਾਸ਼ਟਰੀ ਪੱਧਰ ਦਾ ਸਮਾਗਮ ਕੀਤਾ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਨਾ ਹੋਣ ਨੂੰ ਲੈ ਕੇ ਇਲਜ਼ਾਮਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਤੇ ਭਾਜਪਾ ਨੇ ਇਕ-ਦੂਜੇ ’ਤੇ ਹਮਲਾ ਬੋਲਿਆ ਹੈ।
ਮੰਤਰੀ ਅਮਨ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ 350 ਸਾਲਾ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਮੂਲੀਅਤ ਨਾ ਕਰਨ ’ਤੇ ਨੌਵੇਂ ਗੁਰੂ ਦੀ ਕੁਰਬਾਨੀ ਪ੍ਰਤੀ "ਸਪਸ਼ਟ ਅਪਮਾਨ" ਦੱਸਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਕੁਰੂਕਸ਼ੇਤਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਲਈ ਆਯੋਜਿਤ ਸਮਾਗਮ ਵਿਚ ਸ਼ਿਰਕਤ ਕੀਤੀ ਹੈ। ਜਾਖੜ ਨੇ ਅਰੋੜਾ ਨੂੰ ਜਨਤਕ ਤੌਰ ’ਤੇ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ।
ਅਮਨ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਾਰੇ ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਸਮੇਤ ਵੱਖ-ਵੱਖ ਆਗੂਆਂ ਨੂੰ ਸੱਦੇ ਭੇਜੇ ਗਏ ਸਨ। ਮਾਨ ਵਜ਼ਾਰਤ ਦੇ ਮੰਤਰੀ ਨਿੱਜੀ ਤੌਰ 'ਤੇ ਸੱਦਾ ਦੇਣ ਲਈ ਗਏ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਗੁਰੂ ਸਾਹਿਬ ਨੂੰ ਮੱਥਾ ਟੇਕਣ ਦਾ ਮੌਕਾ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਲੈ ਆਵੇਗਾ, ਜਦਕਿ ਅੱਜ ਉਨ੍ਹਾਂ ਨੇ ਅਸਲੀ ਰੰਗ ਦਿਖਾ ਦਿੱਤਾ ਹੈ। ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਚ ਸਨ ਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਭੇਟ ਕਰਨ ਕਿਉਂ ਨਹੀਂ ਆਏ?
ਅਰੋੜਾ ਨੇ ਭਾਜਪਾ ਦੀ ਗੈਰ-ਹਾਜ਼ਰੀ ਨੂੰ ਸਿਰਫ਼ ਸਿੱਖਾਂ ਦੇ ਅਪਮਾਨ ਵਜੋਂ ਨਹੀਂ, ਸਗੋਂ ਉਸ ਕੌਮ ਦੇ ਅਪਮਾਨ ਵਜੋਂ ਦਰਸਾਇਆ, ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਾਇਆ ਸੀ। ਉਨ੍ਹਾਂ ਕਿਹਾ ਇਹ ਉਨ੍ਹਾਂ 500 ਕਸ਼ਮੀਰੀ ਪੰਡਿਤ ਭਰਾਵਾਂ ਦਾ ਅਪਮਾਨ ਹੈ ਜੋ ਸ੍ਰੀਨਗਰ ਤੋਂ 500 ਕਿੱਲੋਮੀਟਰ ਪੈਦਲ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਫ਼ਰਿਆਦ ਲੈ ਕੇ ਆਏ ਸਨ। ਅਰੋੜਾ ਨੇ ਕਿਹਾ, "ਜੇਕਰ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤਾਂ ਅੱਜ ਭਾਰਤ ਅੱਜ ਹਿੰਦੋਸਤਾਨ ਨਾ ਹੁੰਦਾ।
ਓਧਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਮਨ ਅਰੋੜਾ ਵੱਲੋਂ ਦਿੱਤੇ ਬਿਆਨ ਨੂੰ ਬੇਬੁਨਿਆਦ ਕਰਾਰ ਦਿੱਤਾ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੁਰੂਕਸ਼ੇਤਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਵਿਚ ਹਾਜ਼ਰੀ ਭਰੀ ਹੈ। ਭਾਰਤ ਸਰਕਾਰ ਨੇ ਇੱਕ ਸਿੱਕਾ ਤੇ ਡਾਕ ਟਿਕਟ ਜਾਰੀ ਕੀਤੀ ਹੈ ਤੇ ਲਾਲ ਕਿਲ੍ਹੇ ਵਿਚ ਰਾਸ਼ਟਰੀ ਪੱਧਰ ਦਾ ਸਮਾਗਮ ਕੀਤਾ।
ਜਾਖੜ ਨੇ ਕਿਹਾ ਕਿ ਭਾਜਪਾ ਦੀ ਸੂਬਾ ਇਕਾਈ ਵੱਲੋਂ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਮੱਥਾ ਟੇਕ ਕੇ ਅਰਦਾਸ ਕੀਤੀ ਸੀ। ਜਾਖੜ ਨੇ ਸਵਾਲ ਕੀਤਾ ਕਿ ਸ੍ਰੋਮਣੀ ਕਮੇਟੀ ਨੇ ਵੀ ‘ਆਪ’ ਸਰਕਾਰ ਦੇ ਆਗੂਆਂ ਨੂੰ ਵੀ ਸੱਦਾ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਦਾ ਆਗੂ ਜਾਂ ਮੰਤਰੀ ਐੱਸਜੀਪੀਸੀ ਦੇ ਸਮਾਗਮ ਵਿਚ ਕਿਉਂ ਨਹੀਂ ਗਏ? ਜਾਖੜ ਨੇ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ 26 ਅਗਸਤ ਨੂੰ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਨਾਲ ਬ੍ਰੇਕਫਾਸਟ ਸਕੀਮ ਦੇਖਣ ਚਲੇ ਗਏ ਸਨ। ਜਾਖੜ ਨੇ ਸਵਾਲ ਕੀਤਾ ਕੀ ਤਾਮਿਲਨਾਡੂ ਦੇ ਮੁੱਖ ਮੰਤਰੀ ਸਮਾਗਮ ਵਿਚ ਸ਼ਾਮਲ ਹੋਏ ਹਨ।
ਜਾਖੜ ਨੇ ਕਿਹਾ ਕਿ ਨਿੱਜੀ ਸਿਆਸਤ ਚਮਕਾਉਣ ਲਈ ਆਪ ਨੇ ਵਿਧਾਨ ਸਭਾ ਸੈਸ਼ਨ ਅਤੇ ਆਪਣੀਆਂ ਫੋਟੋਆਂ ਵਾਲੇ ਬੈਨਰਾਂ ਤੇ ਕਰੋੜਾਂ ਰੁਪਏ ਖਰਚੇ, ਜਦਕਿ ਇਹ ਪੈਸਾ ਜੇ ਅਨੰਦਪੁਰ ਸਾਹਿਬ ਦੇ ਵਿਕਾਸ ਉੱਤੇ ਖਰਚਿਆ ਜਾਂਦਾ ਤਾਂ ਇਹ ਵੱਧ ਲਾਭਦਾਇਕ ਹੁੰਦਾ।